ਜਲੰਧਰ(ਧਵਨ) : ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਸੇ ਵੀ ਅਪਰਾਧ ਵਿਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਇਸ ਸਬੰਧੀ ਮੇਰੇ ਵਲੋਂ ਨਰਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੇਰਾ ਸਿਆਸੀ ਬਦਲਾਖੋਰੀ ਵਿਚ ਕੋਈ ਭਰੋਸਾ ਨਹੀਂ। ਮੈਂ ਤਾਂ ਕਾਨੂੰਨ ਅਤੇ ਸੰਵਿਧਾਨ ਮੁਤਾਬਕ ਕੰਮ ਕਰਨ ਵਿਚ ਭਰੋਸਾ ਰੱਖਦਾ ਹਾਂ। ਮੁੱਖ ਮੰਤਰੀ ਐਤਵਾਰ ਆਪਣੇ ਨਵੇਂ ਟਵਿਟਰ ਪ੍ਰੋਗਰਾਮ 'ਕੈਪਟਨ ਦੀ ਚੌਪਾਲ' ਵਿਚ ਲੋਕਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਸ ਦਾ ਨਾਲੋ-ਨਾਲ ਪ੍ਰਸਾਰਣ ਸੋਸ਼ਲ ਮੀਡੀਆ 'ਤੇ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਬਾਦਲ ਜੇਲ ਗਏ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਜੇਲ ਭੇਜਿਆ ਹੈ ਜਦਕਿ ਸੱਚਾਈ ਇਹ ਸੀ ਕਿ ਅਦਾਲਤ ਵਿਚ ਉਸ ਸਮੇਂ ਬਾਦਲ ਦਾ ਵਕੀਲ ਪੇਸ਼ ਨਹੀਂ ਹੋਇਆ ਸੀ ਜਿਸ ਕਾਰਨ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ। ਕੁਝ ਲੋਕ ਚਾਹੁੰਦੇ ਸਨ ਕਿ ਮੈਂ ਮੁੱਖ ਮੰਤਰੀ ਬਣਦਿਆਂ ਹੀ ਬਾਦਲਾਂ ਨੂੰ ਜੇਲ ਵਿਚ ਭੇਜ ਦਿਆਂ ਪਰ ਇਹ ਕੰਮ ਮੇਰਾ ਨਹੀਂ ਹੈ। ਜੇ ਬਾਦਲ ਨੇ ਕੋਈ ਗੁਨਾਹ ਕੀਤਾ ਹੈ ਤਾਂ ਕਾਨੂੰਨ ਆਪਣਾ ਕੰਮ ਕਰੇਗਾ।
ਮੁਖ ਮੰਤਰੀ ਕੋਲੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਪ੍ਰਧਾਨ ਮੰਤਰੀ ਬਣਨ ਦੇ ਇੱਛੁਕ ਹਨ ਤਾਂ ਕੈਪਟਨ ਨੇ ਕਿਹਾ ਕਿ ਉਹ ਪੰਜਾਬ ਤੇ ਪੰਜਾਬੀਆਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਨ। ਮੇਰੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ, ਮੈਂ ਪੰਜਾਬ ਵਿਚ ਰਹਿ ਕੇ ਹੀ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿਚ ਵੰਡਣ ਵਾਲੀ ਸਿਆਸਤ ਕਰ ਰਹੀ ਹੈ। ਉਹ ਹਥਿਆਰਬੰਦ ਫੋਰਸਾਂ ਦਾ ਸਿਆਸੀਕਰਨ ਕਰਨ 'ਤੇ ਲੱਗੀ ਹੈ। ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਆਪਣੇ ਭਾਸ਼ਣਾਂ ਵਿਚ ਪੁਲਵਾਮਾ ਦੇ ਅੱਤਵਾਦੀ ਹਮਲੇ ਅਤੇ ਭਾਰਤੀ ਹਵਾਈ ਫੌਜ ਵਲੋਂ ਬਾਲਾਕੋਟ ਵਿਖੇ ਕੀਤੇ ਗਏ ਹਮਲੇ ਦਾ ਜ਼ਿਕਰ ਕਰ ਰਹੇ ਹਨ।
ਉਨ੍ਹਾਂ ਸਾਧਵੀ ਪ੍ਰਗਿਆ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸਾਧਵੀ ਨੇ ਇਕ ਸ਼ਹੀਦ ਪੁਲਸ ਅਫਸਰ ਹੇਮੰਤ ਕਰਕਰੇ ਦਾ ਅਪਮਾਨ ਕੀਤਾ ਹੈ। ਕਰਕਰੇ ਦੀ ਬਹਾਦੁਰੀ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਸੀ ਪਰ ਸਾਧਵੀ ਇਕ ਸ਼ਹੀਦ ਪੁਲਸ ਅਫਸਰ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰ ਰਹੀ ਹੈ। ਭਾਜਪਾ ਇਸ ਮੁੱਦੇ 'ਤੇ ਚੁੱਪ ਹੈ।
ਕੈਪਟਨ ਨੇ ਕਿਹਾ ਕਿ ਪੁਲਸ ਤੇ ਫੌਜ ਦੇ ਮਾਮਲੇ ਵਿਚ ਕਿਸੇ ਵੀ ਪਾਰਟੀ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਪੰਜਾਬ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ 2 ਸਾਲਾਂ ਵਿਚ ਨਵੀਂ ਇੰਡਸਟਰੀ ਲਿਆਉਣ ਲਈ 65 ਹਜ਼ਾਰ ਕਰੋੜ ਦੇ ਐੱਮ. ਓ. ਯੂ. 'ਤੇ ਹਸਤਾਖਰ ਕੀਤੇ ਗਏ ਹਨ। ਨਵੀਂ ਇੰਡਸਟਰੀ 'ਤੇ 70 ਫੀਸਦੀ ਕੰਮ ਸ਼ੁਰੂ ਹੋ ਚੁੱਕਾ ਹੈ। ਨਵੀਂ ਇੰਡਸਟਰੀ ਲੱਗਣ ਨਾਲ ਪੰਜਾਬ ਵਿਚ ਬੇਰੋਜ਼ਗਾਰੀ ਨੂੰ ਦੂਰ ਕੀਤਾ ਜਾ ਸਕੇਗਾ। ਇੰਡਸਟਰੀ ਨੂੰ ਹੱਲਾ²ਸ਼ੇਰੀ ਦਿੱਤੇ ਬਿਨਾਂ ਪੰਜਾਬ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਕਿਹਾ ਕਿ ਮੈਨੂੰ ਵਿਰਾਸਤ ਵਿਚ ਖਜ਼ਾਨਾ ਖਾਲੀ ਮਿਲਿਆ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਵੀਂ ਇੰਡਸਟਰੀ ਲਾ ਕੇ ਸਰਕਾਰ ਦੀ ਆਮਦਨ ਵਿਚ ਵਾਧਾ ਕੀਤਾ ਜਾਵੇ। ਉਹ ਪੰਜਾਬ ਦੇ ਸਿਰ ਚੜ੍ਹੇ 2.17 ਲੱਖ ਕਰੋੜ ਦੇ ਕਰਜ਼ੇ ਨੂੰ ਘਟਾਉਣਾ ਚਾਹੁੰਦੇ ਹਨ। ਇਸ ਸਬੰਧੀ ਆਉਂਦੇ 3 ਸਾਲਾਂ ਵਿਚ ਉਹ ਹੋਰ ਮਿਹਨਤ ਕਰਨੀ ਚਾਹੁਣਗੇ।
ਮੁੱਖ ਮੰਤਰੀ ਨੇ ਸਰਕਾਰੀ ਮੁਲਾਜ਼ਮਾਂ ਵਿਚ ਪਾਈ ਜਾ ਰਹੀ ਨਾਰਾਜ਼ਗੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਗੰਭੀਰ ਹੈ ਪਰ ਕਈ ਵਾਰ ਵਿੱਤੀ ਅੜਚਣਾਂ ਰੁਕਾਵਟ ਬਣ ਜਾਂਦੀਆਂ ਹਨ। ਜਿਵੇਂ-ਜਿਵੇਂ ਸਰਕਾਰ ਦੀ ਆਰਥਿਕ ਹਾਲਤ ਵਿਚ ਸੁਧਾਰ ਹੁੰਦਾ ਜਾਵੇਗਾ, ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।
ਕਿਸਾਨਾਂ ਦੀ ਚਰਚਾ ਕਰਦਿਆਂ ਕੈਪਟਨ ਨੇ ਕਿਹਾ ਕਿ ਕਿਸਾਨਾਂ 'ਤੇ 90 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਮੁਹਿੰਮ ਅਧੀਨ ਛੋਟੇ ਕਿਸਾਨਾਂ ਦਾ 2-2 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ ਕੀਤਾ ਹੈ। ਹੁਣ ਜਿਵੇਂ-ਜਿਵੇਂ ਹਾਲਾਤ ਸੁਧਰਨਗੇ, ਕਿਸਾਨਾਂ ਦਾ ਹੋਰ ਕਰਜ਼ਾ ਮੁਆਫ ਕਰਨ ਵੱਲ ਸਰਕਾਰ ਧਿਆਨ ਦੇਵੇਗੀ। ਸਾਬਕਾ ਬਾਦਲ ਸਰਕਾਰ ਨੇ ਤਾਂ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ 3500 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਭ ਥਾਵਾਂ ਨੂੰ ਵਿਕਸਿਤ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਨਸ਼ਿਆਂ ਨੂੰ ਲੈ ਕੇ ਸਰਕਾਰ ਕਰੇਗੀ ਹੋਰ ਸਖਤੀ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ 'ਤੇ ਸ਼ਿਕੰਜਾ ਕੱਸਣ ਲਈ ਪੰਜਾਬ ਸਰਕਾਰ ਬਹੁਤ ਗੰਭੀਰ ਹੈ। ਉਹ ਇਸ ਸਬੰਧੀ ਸਖਤੀ ਵਰਤੇਗੀ। ਪਿਛਲੇ 2 ਸਾਲਾਂ ਤੋਂ 28 ਹਜ਼ਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਤੇ ਐੱਸ. ਪੀ. ਐੱਫ. ਨਾਲ ਮਿਲ ਕੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਜੇਲਾਂ ਵਿਚ ਭੇਜਿਆ ਜਾ ਰਿਹਾ ਹੈ। ਨਸ਼ੇ ਕਰਨ ਵਾਲੇ ਲੋਕਾਂ ਦੇ ਇਲਾਜ ਵੀ ਕੀਤੇ ਜਾ ਰਹੇ ਹਨ। ਸਰਕਾਰ ਦੀ ਸਖਤੀ ਕਾਰਨ ਹੈਰੋਇਨ ਜਿਹੜੀ ਪਹਿਲਾਂ 6 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਵਿਕਦੀ ਸੀ, ਹੁਣ 12 ਹਜ਼ਾਰ ਪ੍ਰਤੀ ਗ੍ਰਾਮ ਹੋ ਗਈ ਹੈ। ਪੰਜਾਬ ਸਰਕਾਰ ਹਿਮਾਚਲ, ਰਾਜਸਥਾਨ, ਦਿੱਲੀ ਅਤੇ ਹਰਿਆਣਾ ਦੀਆਂ ਸਰਕਾਰਾਂ ਨਾਲ ਮਿਲ ਕੇ ਨਸ਼ਿਆਂ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਸਬੰਧੀ ਕੰਮ ਕਰ ਰਹੀ ਹੈ।
3.50 ਲੱਖ ਸਮਾਰਟ ਫੋਨ ਖਰੀਦਣ ਲਈ ਲਾਏ ਟੈਂਡਰ
ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਸਰਕਾਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਵਾਲੀ ਹੈ। ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਣ ਕਾਰਨ ਇਹ ਕੰਮ ਅਧਵਾਟੇ ਹੀ ਛੱਡਣਾ ਪਿਆ ਹੈ। ਸਰਕਾਰ ਪਹਿਲਾਂ ਹੀ 3.50 ਲੱਖ ਸਮਾਰਟ ਫੋਨ ਖਰੀਦਣ ਲਈ ਟੈਂਡਰ ਲਾ ਚੁੱਕੀ ਹੈ।
ਜਦ ਤਕ ਲੋਕ ਚਾਹੁਣਗੇ, ਮੁੱਖ ਮੰਤਰੀ ਦੇ ਅਹੁਦੇ 'ਤੇ ਰਹਾਂਗਾ
ਕੈਪਟਨ ਅਮਰਿੰਦਰ ਸਿੰਘ ਕੋਲੋਂ ਜਦੋਂ ਪੁੱਛਿਆ ਗਿਆ ਕਿ ਕੀ ਇਹ ਉਨ੍ਹਾਂ ਦਾ ਆਖਰੀ ਕਾਰਜਕਾਲ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦਾ ਹਾਂ। ਮੇਰੀ ਇੱਛਾ ਹੈ ਕਿ ਇਹ ਵਾਗਡੋਰ ਭਵਿੱਖ ਵਿਚ ਕਿਸੇ ਨੌਜਵਾਨ ਨੇਤਾ ਦੇ ਹੱਥਾਂ ਵਿਚ ਸੌਂਪੀ ਜਾਵੇ ਪਰ ਮੈਂ ਆਪਣੇ ਅਧੂਰੇ ਕਾਰਜਾਂ ਨੂੰ ਪੂਰਾ ਕਰਨਾ ਚਾਹੁੰਦਾ ਹਾਂ। ਜਦ ਤਕ ਲੋਕ ਚਾਹੁਣਗੇ, ਮੈਂ ਇਸ ਅਹੁਦੇ 'ਤੇ ਰਹਾਂਗਾ।
ਪਿੰਡ 'ਚ ਰੁਖ ਹੇਠਾਂ ਬੈਠ ਕੇ ਦਿੱਤੇ ਜਵਾਬ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਵੇਂ ਪ੍ਰੋਗਰਾਮ 'ਕੈਪਟਨ ਦੀ ਚੌਪਾਲ' ਅਧੀਨ ਇਕ ਪਿੰਡ ਵਿਚ ਇਕ ਰੁਖ ਹੇਠ ਬੈਠ ਕੇ ਲੋਕਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਜਿਥੇ ਮੁੱਖ ਮੰਤਰੀ ਨੇ ਟਵਿਟਰ 'ਤੇ ਸਵਾਲ ਲਏ, ਉਥੇ ਨਾਲ ਹੀ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਕੁਝ ਕਾਂਗਰਸੀ ਆਗੂ ਮੁੱਖ ਮੰਤਰੀ ਨੂੰ ਮਿਲਣ ਲਈ ਬਹੁਤ ਉਤਸੁਕ ਸਨ। ਮੁਖ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਕੋਲ ਸੱਦਿਆ ਤੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕੀਤੀ।
'ਆਪ' ਦੇ ਉਮੀਦਵਾਰ ਰਹਿ ਚੁੱਕੇ ਗੁਲਸ਼ਨ ਸ਼ਰਮਾ ਫੜ੍ਹਨਗੇ ਕਾਂਗਰਸ ਦਾ 'ਹੱਥ'
NEXT STORY