ਜਲੰਧਰ(ਚੋਪੜਾ) : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਦੋਵੇਂ ਸਰਕਾਰਾਂ 'ਚ ਆਪਸੀ ਸਹਿਮਤੀ ਨਾ ਬਣਦੀ ਤਾਂ ਸੰਗਤ ਦੀ 72 ਸਾਲ ਦੀ ਅਰਦਾਸ ਪੂਰੀ ਨਾ ਹੁੰਦੀ। ਧਰਮਸੌਤ ਨੇ ਕਿਹਾ ਕਿ ਕੋਰੀਡੋਰ ਦੇ ਖੁੱਲ੍ਹਣ ਦੇ ਕ੍ਰੈਡਿਟ ਲੈਣ ਦੀ ਲੜਾਈ 'ਚ ਪੈਣ ਵਾਲਾ ਕੋਈ ਵੀ ਸਿੱਖ ਬਾਬੇ ਨਾਨਕ ਦਾ ਸਿੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੀਡੋਰ ਖੁੱਲ੍ਹਣ ਦੇ ਦੌਰਾਨ ਕੋਈ ਧਮਕੀ ਨਹੀਂ ਦਿੱਤੀ, ਸਗੋਂ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਪਾਕਿਸਤਾਨ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਕੋਰੀਡੋਰ ਭਾਵੇਂ ਹੀ ਖੁੱਲ੍ਹ ਗਿਆ ਹੈ ਪਰ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਪਾਕਿਸਤਾਨ ਪਹਿਲਾਂ ਵੀ ਧੋਖਾ ਦਿੰਦਾ ਆਇਆ ਹੈ।
ਧਰਮਸੌਤ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਵਣ ਵਿਭਾਗ ਦਾ ਰਕਬਾ 4 ਫੀਸਦੀ ਤੋਂ ਵਧਾ ਕੇ 6 ਫੀਸਦੀ ਤੋਂ ਵੱਧ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹੁਣ ਤਕ ਵਣ ਵਿਭਾਗ ਦੀ ਦੱਬੀ ਗਈ ਹਜ਼ਾਰਾਂ ਏਕੜ ਜ਼ਮੀਨ 'ਚੋਂ 7 ਏਕੜ ਜ਼ਮੀਨ ਨੂੰ ਛੁਡਵਾ ਚੁੱਕੀ ਹੈ, ਜਿਸ 'ਤੇ ਪੌਦੇ ਲਾਏ ਜਾ ਸਕਦੇ ਹਨ। ਹੁਣ ਪਠਾਨਕੋਟ 'ਚ ਕਬਜ਼ੇ ਦੀ 31000 ਏਕੜ ਜ਼ਮੀਨ ਨੂੰ ਛੁਡਵਾਉਣ ਦੀ ਤਿਆਰੀ ਚਲ ਰਹੀ ਹੈ। ਧਰਮਸੌਤ ਦਾ ਕਹਿਣਾ ਹੈ ਕਿ ਵਣ ਵਿਭਾਗ ਵੱਲੋਂ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਪੰਜਾਬ ਭਰ 'ਚ 76 ਲੱਖ ਪੌਦੇ ਲਾਏ ਗਏ। ਇੰਨਾ ਹੀ ਨਹੀਂ ਪਹਾੜੀ ਕੰਢੀ ਇਲਾਕੇ 'ਚ ਵੀ ਵੱਧ ਤੋਂ ਵੱਧ ਪੌਦੇ ਲਾਉਣ ਦੇ ਆਦੇਸ਼ ਦਿੱਤੇ ਗਏ ਹਨ। ਸਾਰੇ ਪੌਦੇ ਵਣ ਵਿਭਾਗ ਵਲੋਂ ਵੰਡੇ ਜਾ ਰਹੇ ਹਨ। ਆਈ ਹਰਿਆਲੀ ਐਪ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਜ਼ਿਲਾ ਪੱਧਰ ਦੇ 2 ਮਹੀਨਿਆਂ ਅੰਦਰ ਸਾਰੇ ਪੌਦਿਆਂ ਨੂੰ ਸੀਮੈਂਟ ਦੇ ਟ੍ਰੀ ਗਾਰਡ ਲਾਉਣ ਦੇ ਲਈ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਕਿ ਪੌਦਿਆਂ ਦੀ ਸੰਭਾਲ ਹੋ ਸਕੇ। ਧਰਮਸੌਤ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਤੇ ਕਿਹਾ ਕਿ ਕੇਂਦਰ ਸਰਕਾਰ ਨੇ 2016-17 ਦੇ ਬਾਅਦ ਤੋਂ ਕੋਈ ਪੈਸਾ ਸੂਬਾ ਸਰਕਾਰ ਨੂੰ ਨਹੀਂ ਦੇਣਾ ਹੈ। ਹੁਣ ਸਰਕਾਰਾਂ ਹੀ ਇਸ ਦਾ ਇੰਤਜ਼ਾਮ ਕਰਨਗੀਆਂ। ਸਕੀਮ ਦੇ ਆਡਿਟ ਦਾ ਕੰਮ ਪੂਰਾ ਹੋ ਚੁੱਕਾ ਹੈ। 250 ਕਰੋੜ ਰੁਪਏ ਦੀ ਧਾਂਦਲੀ ਫੜੀ ਗਈ ਸੀ, ਜੋ ਕਾਲਜ ਅਤੇ ਯੂਨੀਵਰਸਿਟੀਆਂ ਡਿਫਾਲਟਰ ਪਾਈਆਂ ਗਈਆਂ, ਉਨ੍ਹਾਂ ਦਾ ਪੈਸਾ ਕੱਟ ਲਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਦੇ ਸਲਾਹਕਾਰ ਯਸ਼ਪਾਲ ਸਿੰਘ ਧੀਮਾਨ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ 2 ਸੇਵਾ ਕਮਿਸ਼ਨ ਦੇ ਮੈਂਬਰ ਅਸ਼ੋਕ ਗੁਪਤਾ, ਜ਼ਿਲਾ ਕਾਂਗਰਸ ਦੇ ਉਪ ਪ੍ਰਧਾਨ ਕੇ.ਕੇ .ਬਾਂਸਲ ਵੀ ਮੌਜੂਦ ਸਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੁ. ਸ੍ਰੀ ਬੇਰ ਸਾਹਿਬ ਵਿਖੇ ਹੋਣਗੇ ਨਤਮਸਤਕ
NEXT STORY