ਜਲੰਧਰ, (ਮੁਨੀਸ਼, ਹੇਮੰਤ)— ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ 7 ਸਾਲਾ ਇਕ ਬੱਚੀ ਦੀ ਲਾਸ਼ ਗੰਨੇ ਦੇ ਖੇਤਾਂ ਵਿਚੋਂ ਬਰਾਮਦ ਹੋਈ, ਜਿਸ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕੀਤੀ ਗਈ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੜਾ ਪਿੰਡ ਵਿਚ ਐਤਵਾਰ ਨੂੰ ਇਕ ਸੱਤ ਸਾਲਾ ਲੜਕੀ ਲਕਸ਼ਮੀ ਕੁਮਾਰੀ ਪੁੱਤਰੀ ਭਰਤ ਰਾਵਤ ਜੋ ਪਹਿਲੀ ਕਲਾਸ ਦੀ ਵਿਦਿਆਰਥਣ ਸੀ, ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਲਗਭਗ 10 ਵਜੇ ਉਹ ਅਚਾਨਕ ਗਾਇਬ ਹੋ ਗਈ। ਲੜਕੀ ਦੇ ਪਿਤਾ ਭਰਤ ਰਾਵਤ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਪਿੰਡ ਵਾਸੀਆਂ ਦੀ ਮਦਦ ਨਾਲ ਆਪਣੀ ਲੜਕੀ ਨੂੰ ਕਾਫੀ ਲੱਭਿਆ, ਪਿੰਡ ਵਿਚ ਅਨਾਊਂਸਮੈਂਟ ਵੀ ਕਰਵਾਈ ਪਰ ਜਦੋਂ ਉਹ ਨਹੀਂ ਲੱਭੀ ਤਾਂ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ। ਸੋਮਵਾਰ ਸਵੇਰੇ ਪਿੰਡ ਦੇ ਬਾਹਰ ਗੰਨੇ ਦੇ ਖੇਤਾਂ ਵਿਚ ਇਕ ਨੌਜਵਾਨ ਨੇ ਬੱਚੀ ਦੀ ਲਾਸ਼ ਵੇਖੀ। ਲਾਸ਼ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਤੇ ਲਾਸ਼ ਦੀ ਪਛਾਣ ਕਰਵਾਉਣ 'ਤੇ ਉਹ ਮਾਸੂਮ ਲਕਸ਼ਮੀ ਕੁਮਾਰੀ ਦੀ ਨਿਕਲੀ।
ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਪੁਲਸ ਮੁਲਜ਼ਮਾਂ ਤੱਕ ਪਹੁੰਚਣ ਦੇ ਕਰੀਬ
ਪਿੰਡ 'ਚ ਵੱਖ-ਵੱਖ ਥਾਵਾਂ 'ਤੇ ਲੱਗੇ ਕੈਮਰਿਆਂ ਨੂੰ ਪੁਲਸ ਨੇ ਖੰਗਾਲਿਆ ਹੈ, ਜਿਸ ਵਿਚ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ। ਜਲਦੀ ਹੀ ਪੁਲਸ ਇਸ ਮਾਮਲੇ ਨੂੰ ਹੱਲ ਕਰ ਲਵੇਗੀ। ਘਟਨਾ ਤੋਂ ਬਾਅਦ ਮੌਕੇ 'ਤੇ ਐੱਸ. ਐੱਸ. ਪੀ. ਬਲਕਾਰ ਸਿੰਘ, ਫਿੰਗਰ ਪ੍ਰਿੰਟ ਟੀਮ, ਸੀ. ਆਈ. ਏ. ਸਟਾਫ, ਐੱਸ. ਐੱਚ. ਓ. ਪਰਮਿੰਦਰ ਸਿੰਘ ਪੁੱਜੇ। ਐੱਸ. ਪੀ. ਡੀ. ਬਲਕਾਰ ਸਿੰਘ ਨੇ ਦੱਸਿਆ ਕਿ ਲਾਸ਼ ਦੇਖਣ 'ਤੇ ਲੱਗਦਾ ਹੈ ਕਿ ਪਹਿਲਾਂ ਬੱਚੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਬਾਅਦ ਵਿਚ ਰੁਮਾਲ ਨਾਲ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਗਈ। ਲਾਸ਼ ਪੁਲਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤੀ ਹੈ। ਮੰਗਲਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਜੰਗਲ-ਪਾਣੀ ਗਿਆ ਅੰਕਿਤ ਲਾਸ਼ ਵੇਖ ਭੱਜਿਆ
ਪਿੰਡ ਦੇ ਬਾਹਰ ਇਕ ਮੋਟਰ 'ਤੇ ਰਹਿੰਦੇ 27 ਸਾਲਾ ਨੌਜਵਾਨ ਅੰਕਿਤ ਰਾਜ ਪੁੱਤਰ ਰਾਜ ਆਸਰਾ ਵਾਸੀ ਕੰਕਰੀਆ ਯੂ. ਪੀ. ਹਾਲ ਵਾਸੀ ਬੜਾ ਪਿੰਡ ਨੇ ਦੱਸਿਆ ਕਿ ਸਵੇਰੇ ਉਹ ਜੰਗਲ-ਪਾਣੀ ਲਈ ਖੇਤਾਂ ਵਿਚ ਗਿਆ। ਜਿਵੇਂ ਹੀ ਗੰਨੇ ਦੇ ਖੇਤ ਵਿਚ ਗਿਆ ਤਾਂ ਲੜਕੀ ਦੀ ਲਾਸ਼ ਵੇਖ ਡਰ ਕੇ ਉਥੋਂ ਭੱਜਾ। ਉਸਨੇ ਇਸ ਸਬੰਧੀ ਆਪਣੇ ਦਾਦੇ ਨੂੰ ਦੱਸਿਆ। ਦਾਦੇ ਨੇ ਇਸਦੀ ਸੂਚਨਾ ਖੇਤਾਂ ਦੇ ਮਾਲਕ ਮੱਖਣ ਸਿੰਘ ਨੂੰ ਦਿੱਤੀ। ਮੱਖਣ ਸਿੰਘ ਨੇ ਪੁਲਸ ਤੇ ਪਿੰਡ ਵਾਸੀਆਂ ਨੂੰ ਇਸ ਬਾਰੇ ਦੱਸਿਆ। ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਸ ਤੇ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ।
3 ਲੜਕਿਆਂ ਤੋਂ ਬਾਅਦ ਪੈਦਾ ਹੋਈ ਸੀ ਲਕਸ਼ਮੀ
ਲਕਸ਼ਮੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਚਾਰ ਬੱਚੇ ਹਨ। ਜਿਨ੍ਹਾਂ ਵਿਚ 3 ਲੜਕਿਆਂ ਤੋਂ ਬਾਅਦ ਇਕ ਲੜਕੀ ਲਕਸ਼ਮੀ ਹੋਈ ਜੋ ਸਭ ਤੋਂ ਛੋਟੀ ਤੇ ਸਭ ਦੀ ਲਾਡਲੀ ਸੀ। ਉਹ ਪਹਿਲੀ ਕਲਾਸ ਵਿਚ ਪੜ੍ਹਦੀ ਸੀ ਤੇ ਅੱਜ ਉਸਦਾ ਪੇਪਰ ਸੀ। ਉਹ ਪ੍ਰਵਾਸੀ ਹਨ ਤੇ ਬੜਾ ਪਿੰਡ ਵਿਚ ਰਹਿੰਦੇ ਹਨ। ਉਹ ਤੇ ਉਸਦੇ ਦੋਵੇਂ ਵੱਡੇ ਪੁੱਤਰ ਲੁਧਿਆਣਾ ਵਿਚ ਕੰਮ ਕਰਦੇ ਹਨ। ਉਸਦੀ ਪਤਨੀ ਪੂਨਮ ਮਜ਼ਦੂਰੀ ਕਰਦੀ ਹੈ। 8 ਸਾਲ ਦਾ ਬੇਟਾ ਤੇ 7 ਸਾਲ ਦੀ ਬੇਟੀ ਬੜਾ ਪਿੰਡ ਵਿਚ ਹੀ ਰਹਿੰਦੇ ਹਨ। ਐਤਵਾਰ ਨੂੰ ਉਸਦੀ ਬੇਟੀ ਅਚਾਨਕ ਗਾਇਬ ਹੋ ਗਈ, ਜਿਸ ਦੀ ਕਾਫੀ ਭਾਲ ਕੀਤੀ ਪਰ ਕੋਈ ਪਤਾ ਨਹੀਂ ਲੱਗਾ। ਸਵੇਰੇ ਪਿੰਡ ਤੋਂ ਬਾਹਰ ਉਸਦੀ ਲਾਸ਼ ਪਈ ਹੋਣ ਦੀ ਸੂਚਨਾ ਉਨ੍ਹਾਂ ਨੂੰ ਮਿਲੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।
ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
ਪੁਲਸ ਨੇ ਲੜਕੀ ਲਕਸ਼ਮੀ ਕੁਮਾਰੀ ਦੇ ਪਿਤਾ ਭਰਤ ਰਾਵਤ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਗੋਰਾਇਆ ਵਿਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਹੱਤਿਆ ਤੇ ਦੁਸ਼ਕਰਮ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਮੁਲਾਜ਼ਮ ਦੇ ਖਾਤੇ 'ਚੋਂ ਧੋਖੇ ਨਾਲ 40 ਹਜ਼ਾਰ ਰੁਪਏ ਕਢਵਾਏ, ਮਾਮਲਾ ਦਰਜ
NEXT STORY