ਜਲੰਧਰ (ਵਰੁਣ)- ਜਲੰਧਰ ਕਮਿਸ਼ਨਰੇਟ ਪੁਲਸ ਨੂੰ ਹੁਣ ਤੱਕ 2710 ਭਗੌੜੇ ਵਾਂਟੇਡ ਹਨ। ਸਭ ਤੋਂ ਜ਼ਿਆਦਾ ਭਗੌੜੇ ਚੋਰੀ ਤੇ ਫਰਾਡ ਦੇ ਕੇਸਾਂ 'ਚ ਹਨ। ਭਗੌੜਿਆਂ ਦੀ ਲਿਸਟ 'ਚ 411 ਔਰਤਾਂ ਵੀ ਸ਼ਾਮਲ ਹਨ। ਔਰਤਾਂ ਜਿਹੜੇ ਕੇਸਾਂ 'ਚ ਭਗੌੜੀਆਂ ਹਨ, ਉਨ੍ਹਾਂ 'ਚ ਜ਼ਿਆਦਾ ਕੇਸ ਫਰਾਡ, ਦੇਹ ਵਪਾਰ ਤੇ ਨਸ਼ਾ ਸਮੱਗਲਿੰਗ ਦੇ ਹਨ।
ਜਲੰਧਰ ਕਮਿਸ਼ਨਰੇਟ ਦੇ ਅੰਕੜਿਆਂ ਨੂੰ ਦੇਖੀਏ ਤਾਂ ਅਜੇ ਵੀ ਮਰਡਰ, ਲੁੱਟ, ਡਕੈਤੀ, ਦੇਸ਼-ਧ੍ਰੋਹ, ਕਿਡਨੈਪਿੰਗ, ਫਰਾਡ ਤੇ ਚੋਰੀ ਦੇ ਸੈਂਕੜੇ ਕੇਸ ਅਨਟ੍ਰੇਸ ਹਨ। ਕਈ ਕੇਸ 1986 ਦੇ ਵੀ ਅਨਟ੍ਰੇਸ ਹਨ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਜ਼ਿਆਦਾਤਰ ਭਗੌੜੇ ਉਹ ਹਨ ਜੋ ਕਦੇ ਗ੍ਰਿਫਤਾਰ ਹੀ ਨਹੀਂ ਹੋ ਸਕੇ। ਖਾਸ ਗੱਲ ਇਹ ਹੈ ਕਿ ਇਨ੍ਹਾਂ ਭਗੌੜਿਆਂ ਦੀ ਲਿਸਟ 'ਚ ਬਾਹਰੀ ਸੂਬੇ ਦੇ ਲੋਕ ਹਨ।
ਅੰਕੜਿਆਂ ਅਨੁਸਾਰ ਕਮਿਸ਼ਨਰੇਟ ਪੁਲਸ ਨੂੰ ਫਰਾਡ ਦੇ ਕੇਸਾਂ 'ਚ 625, ਚੋਰੀ ਦੇ ਕੇਸਾਂ 'ਚ 723, ਨਸ਼ੇ ਦੇ ਕੇਸਾਂ 'ਚ 129, ਐਕਸੀਡੈਂਟ 'ਚ 118, ਲੁੱਟ-ਖੋਹ 'ਚ 110, ਮਰਡਰ 'ਚ 102, ਨਾਬਾਲਗਾ ਨੂੰ ਵਰਗਲਾ ਕੇ ਭਜਾ ਲਿਜਾਣ ਦੇ ਕੇਸਾਂ 'ਚ 97, ਜਬਰ-ਜ਼ਨਾਹ ਦੇ ਕੇਸ 'ਚ 77, ਆਰਮਸ ਐਕਟ 'ਚ 128, ਝਗੜੇ ਦੇ ਕੇਸਾਂ 'ਚ 159, ਕਤਲ ਦੀ ਕੋਸ਼ਿਸ਼ 'ਚ 124, ਸ਼ਰਾਬ ਸਮੱਗਲਿੰਗ 'ਚ 130, ਦੇਸ਼-ਧ੍ਰੋਹ ਤੇ ਵਿਸਫੋਟਕ ਸਮੱਗਰੀ ਦੇ ਕੇਸਾਂ 'ਚ 9, ਦੇਹ ਵਪਾਰ ਦੇ ਕੇਸਾਂ 'ਚ 37 ਭਗੌੜੇ ਲੋੜੀਂਦੇ ਹਨ। ਹਾਲਾਂਕਿ ਇਨ੍ਹਾਂ ਤੋਂ ਇਲਾਵਾ ਕਿਡਨੈਪਿੰਗ, ਡਕੈਤੀ, ਦਾਜ ਹੱਤਿਆ, ਦਾਜ ਲਈ ਤੰਗ, ਲਾਅ ਐਂਡ ਆਰਡਰ ਭੰਗ ਕਰਨ ਦੇ ਵੱਖ-ਵੱਖ ਅਪਰਾਧ ਕਰਨ ਦੇ ਕੇਸ ਵੀ ਅਨਟ੍ਰੇਸ ਪਏ ਹੋਏ ਹਨ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਕੇਸ ਕਾਫੀ ਪੁਰਾਣੇ ਹਨ ਉਨ੍ਹਾਂ 'ਚੋਂ ਕਈ ਭਗੌੜੇ ਐਲਾਨ ਕੀਤੇ ਗਏ ਲੋਕ ਮਰ ਚੁੱਕੇ ਹਨ ਤੇ ਕੁਝ ਵਿਦੇਸ਼ਾਂ 'ਚ ਰਹਿ ਰਹੇ ਹਨ। ਹਾਲ 'ਚ ਹੀ ਇਕ ਨਸ਼ਾ ਸਮੱਗਲਰ ਨੂੰ ਫੜਨ ਲਈ ਥਾਣਾ ਨੰ. 7 ਦੀ ਪੁਲਸ ਨੇ ਰੇਡ ਕੀਤੀ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਉਹ ਮਰ ਚੁੱਕਾ ਹੈ। ਏ. ਸੀ. ਪੀ. ਕ੍ਰਾਈਮ ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਰਾਣੇ ਕੇਸਾਂ ਨੂੰ ਵੀ ਟਰੇਸ ਕਰਨ ਲਈ ਹਰ ਇਕ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਕਿਸੇ ਬਾਰੇ ਇਨਪੁੱਟ ਮਿਲਦੀ ਹੈ ਤਾਂ ਤੁਰੰਤ ਰੇਡ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ 4-5 ਸਾਲ ਪੁਰਾਣੇ ਕੇਸਾਂ ਦੇ ਭਗੌੜੇ ਅਜੇ ਵੀ ਫੜੇ ਜਾ ਰਹੇ ਹਨ।
ਬਾਹਰੀ ਸੂਬਿਆਂ ਦੀ ਪੁਲਸ ਨੂੰ ਲਿਖ ਕੇ ਭੇਜਿਆ ਪਰ ਘਰ ਵੇਚ ਕੇ ਜਾ ਚੁੱਕੇ ਅਪਰਾਧੀ
ਪੀ. ਓ. ਸਟਾਫ ਦੇ ਇੰਚਾਰਜ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਪੁਰਾਣੇ ਕੇਸਾਂ 'ਚ ਲੋੜੀਂਦੇ ਲੋਕ ਜ਼ਿਆਦਾਤਰ ਬਾਹਰੀ ਸੂਬਿਆਂ ਦੇ ਹਨ। ਕਮਿਸ਼ਨਰੇਟ ਪੁਲਸ ਲਗਾਤਾਰ ਉਨ੍ਹਾਂ ਦੀ ਸਟੇਟ ਦੀ ਪੁਲਸ ਨੂੰ ਲਿਖਤੀ ਲੈਟਰ ਭੇਜ ਕੇ ਅਪਰਾਧੀ ਦੇ ਬਾਰੇ ਸਾਰੀ ਜਾਣਕਾਰੀ ਦਿੰਦੀ ਹੈ ਪਰ ਜਦੋਂ ਉਥੋਂ ਦੀ ਪੁਲਸ ਜਾਂਚ ਕਰਦੀ ਹੈ ਤਾਂ ਭੇਜੇ ਗਏ ਪਤੇ ਜਾਂ ਤਾਂ ਗਲਤ ਹੁੰਦੇ ਹਨ ਜਾਂ ਫਿਰ ਲੋੜੀਂਦੇ ਅਪਰਾਧੀ ਘਰ ਛੱਡ ਕੇ ਹੀ ਜਾ ਚੁੱਕੇ ਹੁੰਦੇ ਹਨ।
ਪੀ. ਓ. ਸਟਾਫ 'ਚ ਹਨ ਸਿਰਫ 11 ਹੀ ਮੁਲਾਜ਼ਮ
ਹੈਰਾਨੀ ਦੀ ਗੱਲ ਹੈ ਕਿ ਪੀ. ਓ. ਸਟਾਫ 'ਚ ਸਿਰਫ 11 ਮੁਲਾਜ਼ਮ ਹੀ ਹਨ। 11 ਮੁਲਾਜ਼ਮਾਂ ਦੇ ਮੋਢਿਆਂ 'ਤੇ ਪੀ. ਓ. ਸਟਾਫ ਕੰਮ ਕਰ ਰਿਹਾ ਹੈ। ਲਗਾਤਾਰ ਭਗੌੜਿਆਂ ਦੀ ਲਿਸਟ ਵਧਦੀ ਜਾ ਰਹੀ ਹੈ ਪਰ ਲੰਬੇ ਸਮੇਂ ਤੋਂ ਪੀ. ਓ. ਸਟਾਫ ਨਫਰੀ ਦੀ ਪ੍ਰੇਸ਼ਾਨੀ ਨਾਲ ਜੂਝ ਰਿਹਾ ਹੈ। ਦੱਸ ਦੇਈਏ ਕਿ ਹਾਲ 'ਚ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਨਸ਼ਾ ਸਮੱਗਲਰਾਂ ਦੀ ਲਿਸਟ ਦਿੱਤੀ ਸੀ, ਜੋ ਭਗੌੜੇ ਸਨ। ਏ. ਸੀ. ਪੀ. ਰੈਂਕ ਦੇ ਅਧਿਕਾਰੀ ਹੁਣ ਉਨ੍ਹਾਂ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਰੇਡ ਕਰਵਾ ਰਹੇ ਹਨ, ਜਦਕਿ ਕੁਝ ਨਸ਼ਾ ਸਮੱਗਲਰ ਭਗੌੜੇ ਫੜੇ ਵੀ ਜਾ ਚੁੱਕੇ ਹਨ।
23 ਇੰਸਪੈਕਟਰਾਂ ਨੂੰ ਮਿਲੀ ਬਤੌਰ DSP ਤਰੱਕੀ
NEXT STORY