ਜਲੰਧਰ (ਮ੍ਰਿਦੁਲ, ਕਮਲੇਸ਼, ਜਤਿੰਦਰ, ਭਾਰਦਵਾਜ)— ਜਲੰਧਰ ਦੀ ਪੁਲਸ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦੋਂ ਬੀਤੇ ਦਿਨੀਂ ਨਾਕੇ ਦੌਰਾਨ ਏ. ਐੱਸ. ਆਈ. 'ਤੇ ਗੱਡੀ ਚੜ੍ਹਾਉਣ ਵਾਲੇ ਨੌਜਵਾਨ ਅਨਮੋਲ ਮਹਿਮੀ ਨੂੰ ਅਦਾਲਤ ਵੱਲੋਂ ਅੱਜ ਜ਼ਮਾਨਤ ਦੇ ਦਿੱਤੀ ਗਈ। ਐਡੀਸ਼ਨਲ ਸੈਸ਼ਨ ਜੱਜ ਪੀ. ਐੱਸ. ਗਰੇਵਾਲ ਦੀ ਅਦਾਲਤ 'ਚ ਏ. ਐੱਸ. ਆਈ. ਮੁਲਖ ਰਾਜ ਸਿੰਘ 'ਤੇ ਕਰਫਿਊ ਦੌਰਾਨ ਨਾਕੇ 'ਤੇ ਗੱਡੀ ਚੜ੍ਹਾਉਣ ਦੇ ਮਾਮਲੇ 'ਚ ਗ੍ਰਿਫਤਾਰ ਅਨਮੋਲ ਮਹਿਮੀ ਵੱਲੋਂ ਆਪਣੇ ਵਕੀਲ ਦੇ ਰਾਹੀਂ ਲਗਾਈ ਗਈ ਜ਼ਮਾਨਤ ਦੀ ਅਰਜ਼ੀ ਅਤੇ ਉਸ ਦੇ ਪਿਤਾ ਪਰਮਿੰਦਰ ਕੁਮਾਰ ਮਹਿਮੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਬਹਿਸ ਸੁਣਨ ਦੇ ਬਾਅਦ ਅਦਾਲਤ ਵੱਲੋਂ ਵਕੀਲ ਦੀ ਦਲੀਲ ਨਾਲ ਸਹਿਮਤ ਹੁੰਦੇ ਹੋਏ ਦੋਵਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ।
ਦਰਅਸਲ 2 ਮਈ ਨੂੰ ਜਲੰਧਰ ਦੇ ਮਾਡਲ ਟਾਊਨ ਨੇੜੇ ਮਿਲਕ ਬਾਰ ਚੌਕ 'ਚ ਇਕ ਵਿਗੜੇ ਨੌਜਵਾਨ ਵੱਲੋਂ ਨਾਕੇ 'ਤੇ ਖੜ੍ਹੀ ਪੁਲਸ 'ਤੇ ਹੀ ਕਾਰ ਚੜ੍ਹਾ ਦਿੱਤੀ ਗਈ ਸੀ। ਉਸ ਸਮੇਂ ਨਾਕੇ ਦੌਰਾਨ ਤੇਜ਼ ਰਫਤਾਰ 'ਚ ਆ ਰਹੇ ਨੌਜਵਾਨ ਨੂੰ ਖੜ੍ਹੀ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਗੁੱਸੇ 'ਚ ਆਏ ਨੌਜਵਾਨ ਨੇ ਥਾਣਾ-6 ਦੇ ਏ. ਐੱਸ. ਆਈ. ਮੁਲਖ ਰਾਜ 'ਤੇ ਅਰਟੀਗੋ ਕਾਰ ਚੜ੍ਹਾ ਦਿੱਤੀ ਸੀ। ਇੰਨਾ ਹੀ ਨਹੀਂ ਕਾਰ ਕਾਫੀ ਦੂਰ ਤੱਕ ਮੁਲਾਜ਼ਮ ਨੂੰ ਘੜੀਸਦੀ ਲੈ ਗਈ। ਬਾਅਦ 'ਚ ਪੁਲਸ ਨੇ ਪਿੱਛਾ ਕਰਕੇ ਕਾਰ ਨੂੰ ਰੋਕਿਆ ਅਤੇ ਮੁੰਡੇ ਨੂੰ ਦਬੋਚਿਆ।
ਪੁਲਸ ਵੱਲੋਂ ਉਕਤ ਨੌਜਵਾਨ ਅਤੇ ਉਸ ਦੇ ਪਿਤਾ ਖਿਲਾਫ ਧਾਰਾ 307 ਦੇ ਤਹਿਤ ਕਤਲ ਕਰਨ ਦੀ ਕੋਸ਼ਿਸ਼ ਸਮੇਤ ਹੋਰ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਇਸ ਮਾਮਲੇ ਦੀ ਕਾਰਵਾਈ ਦੌਰਾਨ ਅਦਾਲਤ ਵੱਲੋਂ ਅਨਮੋਲ ਮਹਿਮੀ ਨੂੰ ਜ਼ਮਾਨਤ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਸ ਦੀ ਉਮਰ ਅਤੇ ਭਵਿੱਖ ਨੂੰ ਦੇਖਦੇ ਹੋਏ ਨਰਮੀ ਨਾਲ ਪੇਸ਼ ਆਉਣ ਦੇ ਹੱਕ 'ਚ ਪੋਸਟ ਕੀਤੀ ਸੀ।
ਪੰਜਾਬ ਦੇ ਖੇਤੀਬਾੜੀ ਧੰਦੇ 'ਤੇ ਜਾਣੋ ਤਾਲਾਬੰਦੀ ਦਾ ਕਿੰਨਾ ਕੁ ਪਿਆ ਅਸਰ (ਵੀਡੀਓ)
NEXT STORY