ਜਲੰਧਰ (ਵਰੁਣ)— ਰੈਣਕ ਬਾਜ਼ਾਰ ਦੀ ਬਜਾਏ ਰੋਡ 'ਤੇ ਲੱਗਣ ਵਾਲੇ 'ਸੰਡੇ ਬਾਜ਼ਾਰ' ਨੂੰ ਲੈ ਕੇ ਪੁਲਸ ਅਤੇ ਨਗਰ ਨਿਗਮ ਨੂੰ ਅੱਜ ਉਸ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਮੇਨ ਰੋਡ 'ਤੇ ਕਿਸੇ ਵੀ ਹਾਲਤ 'ਚ 'ਸੰਡੇ ਬਾਜ਼ਾਰ' ਨੂੰ ਨਹੀਂ ਲੱਗਣ ਦਿੱਤਾ ਗਿਆ। ਐਤਵਾਰ ਸਵੇਰੇ ਪੁਲਸ ਅਤੇ ਨਿਗਮ ਦੀਆਂ ਟੀਮਾਂ ਕਾਰਵਾਈ ਲਈ ਡਿਚ ਮਸ਼ੀਨਾਂ ਲੈ ਕੇ ਫੀਲਡ 'ਚ ਉਤਰੀਆਂ ਅਤੇ ਜੋਤੀ ਚੌਕ ਨੇੜੇ ਮੇਨ ਰੋਡ 'ਤੇ ਲੱਗ ਰਹੀਆਂ ਰੇਹੜੀਆਂ-ਫੜੀਆਂ 'ਤੇ ਕਾਰਵਾਈ ਕਰਦੇ ਹੋਏ ਉਥੋਂ ਹਟਵਾਇਆ।

ਇਸ ਦੌਰਾਨ ਵਿਰੋਧ ਦਾ ਸਾਹਮਣਾ ਕਰ ਰਹੇ ਨਿਗਮ ਦੇ ਅਧਿਰਕਾਰੀਆਂ ਨੇ ਆਖਿਰਕਾਰ ਰੇਹੜੀਆਂ ਅਤੇ ਫੜੀਆਂ ਵਾਲਿਆਂ ਨੂੰ ਇਕ ਦਿਨ ਦੀ ਮੋਹਲਤ ਦੇ ਦਿੱਤੀ। ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਉਹ ਇਸ ਪ੍ਰਤੀ ਜਾਗਰੂਕ ਨਹੀਂ ਸਨ ਅਤੇ ਹੁਣ ਉਹ ਸਾਰਾ ਸਾਮਾਨ ਚੁੱਕ ਕੇ ਵਾਪਸ ਨਹੀਂ ਲਿਜਾ ਸਕਦੇ। ਇਸ ਮੌਕੇ ਨਿਗਮ ਦੇ ਅਧਿਕਾਰੀਆਂ ਨੇ ਅੱਜ ਦੇ ਦਿਨ ਦੀ ਮੋਹਲਤ ਦਿੱਤੀ ਅਤੇ ਕਿਹਾ ਕਿ ਜੇਕਰ ਰੇਹੜੀਆਂ ਅਤੇ ਫੜੀਆਂ ਵਾਲਿਆਂ ਨੇ ਦੋਬਾਰਾ ਇੰਝ ਰੇਹੜੀਆਂ ਲਗਾਈਆਂ ਤਾਂ ਸਖਤ ਕਾਰਵਾਈ ਕਰਦੇ ਹੋਏ ਵੱਡਾ ਪਲਾਨ ਲਿਆਂਦਾ ਜਾ ਸਕਦਾ ਹੈ।

ਫੜੀਆਂ ਅਤੇ ਰੇਹੜੀਆਂ ਲਗਾਉਣ ਵਾਲਿਆਂ ਨੇ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਜਤਾਇਆ। ਇਸ ਦੌਰਾਨ ਪ੍ਰਦਰਸ਼ਨ 'ਚ ਸਮਰਥਨ ਦੇ ਰਹੇ ਮਜ਼ਦੂਰ ਯੂਨੀਅਨ ਲੀਡਰ ਚੰਦਨ ਗਰੇਵਾਲ ਨੇ ਕਿਹਾ ਕਿ ਇਹ ਕਾਰਵਾਈ ਕਰਕੇ ਨਿਗਮ ਵੱਲੋਂ ਗਰੀਬ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸ਼ਰੇਆਮ ਵਿੱਕ ਰਹੇ ਨਸ਼ੇ 'ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਅਤੇ ਮਿਹਨਤ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸ ਕੇ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਇਸ ਮੌਕੇ ਟ੍ਰੈਫਿਕ ਪੁਲਸ ਏ. ਡੀ. ਸੀ. ਪੀ. ਗਗਨੇਸ਼ ਕੁਮਾਰ, ਏ. ਸੀ. ਪੀ. ਹਰਸਿਮਰਤ ਸਿੰਘ, ਤਹਿਬਾਜ਼ਾਰੀ ਵਿਭਾਗ ਦੇ ਇੰਚਾਰਜ ਮਨਦੀਪ ਸਿੰਘ, ਨਿਗਮ ਦੀਆਂ ਟੀਮਾਂ ਸਮੇਤ ਕਈ ਅਧਿਕਾਰੀ ਸ਼ਾਮਲ ਸਨ। ਦੱਸਣਯੋਗ ਹੈ ਕਿ ਬੀਤੇ ਦਿਨ ਅੱਜ ਹੋਣ ਵਾਲੀ ਕਾਰਵਾਈ 'ਚ ਵਿਰੋਧ ਹੋਣ ਦੇ ਸ਼ੱਕ ਕਾਰਨ ਏ. ਸੀ. ਪੀ. ਸੈਂਟਰਲ ਨੇ ਐਕਸਟਰਾ ਫੋਰਸ ਦੀ ਵੀ ਮੰਗ ਰੱਖੀ ਸੀ। ਵਿਰੋਧ ਦੇ ਚਲਦਿਆਂ ਭਾਰੀ ਗਿਣਤੀ 'ਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।
ਕੈਪਟਨ ਸਰਕਾਰ ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ : ਮਾਨ, ਚੀਮਾ
NEXT STORY