ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦੀ ਮਿਆਦ 24 ਜਨਵਰੀ 2023 ਨੂੰ ਖ਼ਤਮ ਹੋ ਗਈ ਸੀ ਅਤੇ ਹੁਣ ਅਗਲਾ ਕੌਂਸਲਰ ਹਾਊਸ ਜਨਵਰੀ 2025 ਵਿਚ ਬਣਨ ਜਾ ਰਿਹਾ ਹੈ। ਭਾਵੇਂ ਨਿਗਮ ਚੋਣਾਂ 2 ਸਾਲ ਦੀ ਦੇਰੀ ਨਾਲ ਹੋ ਰਹੀਆਂ ਹਨ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ 3 ਸਾਲ ਹੋਣ ਵਾਲੇ ਹਨ। ਅਜਿਹੇ ਵਿਚ ਵੇਖਿਆ ਜਾਵੇ ਤਾਂ 3 ਸਾਲਾਂ ਤੋਂ ਹੀ ਜਲੰਧਰ ਨਿਗਮ ’ਤੇ ਅਫ਼ਸਰਾਂ ਦਾ ਰਾਜ ਰਿਹਾ, ਜਿਸ ਦੌਰਾਨ ਇਕ ਸਮਾਂ ਤਾਂ ਅਜਿਹਾ ਵੀ ਆਇਆ, ਜਦੋਂ ਨਿਗਮ ਵਿਚ ਲੋਕਾਂ ਦੀ ਸੁਣਵਾਈ ਬਿਲਕੁਲ ਹੀ ਬੰਦ ਹੋ ਗਈ ਸੀ। ਹੁਣ ਜਲਦ ਜਨਤਾ ਦੇ 85 ਪ੍ਰਤੀਨਿਧੀ ਚੁਣ ਕੇ ਆ ਰਹੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਜਲਦ ਜਲੰਧਰ ਨਿਗਮ ਵਿਚ ਲੋਕਾਂ ਦੀ ਸੁਣਵਾਈ ਦੁਬਾਰਾ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ- 'ਆਪ' ਨੂੰ ਛੱਡ ਕਿਸੇ ਵੀ ਵਿਰੋਧੀ ਪਾਰਟੀ ਨੇ ਵੋਟਰਾਂ ਲਈ ਚੋਣ ਮੈਨੀਫੈਸਟੋ ਜਾਂ ਗਾਰੰਟੀਆਂ ਜਾਰੀ ਨਹੀਂ ਕੀਤੀਆਂ
ਪਿਛਲੇ ਲਗਾਤਾਰ 2 ਸਾਲਾਂ ਤੋਂ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਕੌਂਸਲਰ ਹੀ ਆਪਣੇ-ਆਪਣੇ ਵਾਰਡਾਂ ਦੀ ਸਫ਼ਾਈ ਦਾ ਧਿਆਨ ਰੱਖਦੇ ਸਨ ਪਰ ਕੋਈ ਕੌਂਸਲਰ ਨਾ ਹੋਣ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਚਰਮਰਾਉਣ ਲੱਗੀ ਸੀ। ਸ਼ਹਿਰ ਵਿਚ ਹਰ ਡੰਪ ’ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਸਨ, ਜਿਸ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਰਹੇ। ਪਿਛਲੇ 2 ਸਾਲਾਂ ਦੌਰਾਨ ਆਈ ਸਵੱਛਤਾ ਰੈਂਕਿੰਗ ਨੇ ਨਿਗਮ ਦੇ ਅਫਸਰਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਹੁਣ ਭਾਵੇਂ ਨਿਗਮ ਚੋਣਾਂ ਕਾਰਨ ਨਿਗਮ ਦੀ ਅਫ਼ਸਰਸ਼ਾਹੀ ਨੇ ਫੀਲਡ ਵਿਚ ਨਿਕਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਫ-ਸਫਾਈ ਵੀ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਹ ਕੰਮ ਮੇਅਰ ਅਤੇ ਕੌਂਸਲਰਾਂ ਦੀ ਦੇਖ-ਰੇਖ ਵਿਚ ਹੋਇਆ ਕਰਨਗੇ।
ਇਹ ਵੀ ਪੜ੍ਹੋ- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
ਕਦੀ ਅਫ਼ਸਰਾਂ ਦੀ ਜਵਾਬਦੇਹੀ ਤੈਅ ਕਰਦਾ ਹੁੰਦਾ ਸੀ ਕੌਂਸਲਰ ਹਾਊਸ
ਜਦੋਂ ਕੌਂਸਲਰ ਹਾਊਸ ਹੁੰਦਾ ਸੀ, ਉਦੋ ਅਫਸਰਾਂ ਦੀ ਕੋਈ ਨਾ ਕੋਈ ਜਵਾਬਦੇਹੀ ਹੁੰਦੀ ਸੀ। ਹਾਊਸ ਵਿਚ ਅਫ਼ਸਰਾਂ ਦੀ ਕਲਾਸ ਲੱਗਦੀ ਹੁੰਦੀ ਸੀ। ਸਰਕਾਰ ਤਕ ਵੀ ਉਨ੍ਹਾਂ ਦੀ ਸ਼ਿਕਾਇਤ ਲੱਗਦੀ ਸੀ ਪਰ ਪਿਛਲੇ 2-3 ਸਾਲਾਂ ਤੋਂ ਸਾਰੇ ਕੰਮ ਨਿਗਮ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਹਵਾਲੇ ਰਹੇ ਅਤੇ ਕਿਸੇ ਦੀ ਕੋਈ ਜਵਾਬਦੇਹੀ ਤੈਅ ਨਹੀਂ ਹੋਈ। ਪਿਛਲੇ 2 ਸਾਲ ਲੋਕ ਉਨ੍ਹਾਂ ਆਗੂਆਂ ਤੋਂ ਵਾਂਝੇ ਰਹੇ, ਜੋ ਵਧੇਰੇ ਮਾਮਲਿਆਂ ਵਿਚ ਆਪਣੇ-ਆਪਣੇ ਵਾਰਡਾਂ ਦਾ ਖਿਆਲ ਰੱਖਦੇ ਸਨ। ਭਾਵੇਂ ਕਈ ਵਾਰਡਾਂ ਵਿਚ ਸਾਬਕਾ ਕੌਂਸਲਰ ਬਣਨ ਦੇ ਇੱਛੁਕ ਕੁਝ ਆਗੂ ਆਪਣੇ-ਆਪਣੇ ਵਾਰਡ ਵਿਚ ਸਰਗਰਮ ਰਹੇ ਪਰ ਫਿਰ ਵੀ ਲੋਕਾਂ ਨੂੰ ਚੁਣੇ ਜਨ-ਪ੍ਰਤੀਨਿਧੀਆਂ ਦੀ ਘਾਟ ਰੜਕਦੀ ਰਹੀ।
ਕੂੜੇ ਦੀ ਸਮੱਸਿਆ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ
ਸਵੱਛ ਭਾਰਤ ਮਿਸ਼ਨ ਤੋਂ ਕਰੋੜਾਂ ਰੁਪਏ ਦੀ ਗ੍ਰਾਂਟ ਆਉਣ ਦੇ ਬਾਵਜੂਦ ਸ਼ਹਿਰ ਦੇ ਕੂੜੇ ਅਤੇ ਸਫ਼ਾਈ ਵਿਵਸਥਾ ਸੁਧਰਨ ਦਾ ਨਾਂ ਨਹੀਂ ਲੈ ਰਹੀ, ਸਗੋਂ ਇਹ ਹੋਰ ਵਿਗੜਦੀ ਚਲੀ ਜਾ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਸ਼ਹਿਰ ਦੀ ਸਫਾਈ ਨੂੰ ਲੈ ਕੇ ਨਿਗਮ ਤੋਂ ਕਾਫੀ ਖਫ਼ਾ ਹਨ ਅਤੇ ਐੱਨ. ਜੀ. ਟੀ. ਨੇ ਨਿਗਮ ਨੂੰ ਅਲਟੀਮੇਟਮ ਤਕ ਦਿੱਤਾ ਹੋਇਆ ਹੈ। ਨਿਗਮ ਤੋਂ ਵਰਿਆਣਾ ਡੰਪ ਦੀ ਸਮੱਸਿਆ ਦਾ ਵੀ ਕੋਈ ਹੱਲ ਨਹੀਂ ਹੋ ਸਕਿਆ। ਉਥੇ ਕੂੜੇ ਨੂੰ ਮੈਨੇਜ ਕਰਨ ਲਈ ਬਾਇਓ-ਮਾਈਨਿੰਗ ਪਲਾਂਟ ਵੀ ਨਹੀਂ ਲੱਗ ਸਕਿਆ। ਤਾਜ਼ਾ ਨਿਕਲ ਰਹੇ ਕੂੜੇ ਨੂੰ ਵੀ ਇਧਰ-ਉਧਰ ਡੰਪ ਹੀ ਕੀਤਾ ਜਾ ਰਿਹਾ ਹੈ। ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ’ਤੇ 60 ਕਰੋੜ ਖਰਚ ਕੀਤੇ ਜਾ ਚੁੱਕੇ ਹਨ ਪਰ ਇਸ ਨਾਲ ਵੀ ਸ਼ਹਿਰ ਦੀ ਸਟਰੀਟ ਲਾਈਟ ਵਿਵਸਥਾ ਨਹੀਂ ਸੁਧਰ ਸਕੀ। ਨਿਗਮ ਸ਼ਹਿਰ ਦੇ ਡਾਰਕ ਪੁਆਇੰਟ ਵੀ ਦੂਰ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਬਿਲਡਿੰਗ ਬ੍ਰਾਂਚ ਅਤੇ ਸ਼ਿਕਾਇਤ ਸੈੱਲ ਵਿਚ ਵੀ ਲੋਕਾਂ ਦੀ ਸੁਣਵਾਈ ਨਹੀਂ ਹੋਈ।
ਇਹ ਵੀ ਪੜ੍ਹੋ-ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਨਗਰ ਨਿਗਮ ਦਾ ਟਿੱਪਰ
ਲੋਕਾਂ ਨੂੰ ਨਿਗਮ ਆ ਕੇ ਕਰਨਾ ਪੈਂਦਾ ਸੀ ਰੋਸ ਪ੍ਰਦਰਸ਼ਨ
ਚੁਣੇ ਹੋਏ ਜਨ-ਪ੍ਰਤੀਨਿਧੀ ਨਾ ਹੋਣ ਕਾਰਨ ਪਿਛਲੇ 2-3 ਸਾਲ ਜਲੰਧਰ ਨਗਰ ਨਿਗਮ ਵਿਚ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋਈ। ਅਜਿਹੇ ਵਿਚ ਵੱਖ-ਵੱਖ ਸਹੂਲਤਾਂ ਨਾ ਮਿਲਣ ਤੋਂ ਪ੍ਰੇਸ਼ਾਨ ਲੋਕ ਰੋਜ਼-ਰੋਜ਼ ਨਿਗਮ ਆ ਕੇ ਰੋਸ ਪ੍ਰਦਰਸ਼ਨ ਕਰਦੇ ਰਹੇ। ਵਧੇਰੇ ਗਿਣਤੀ ਉਨ੍ਹਾਂ ਲੋਕਾਂ ਦੀ ਹੁੰਦੀ ਸੀ, ਜਿਨ੍ਹਾਂ ਦੇ ਮੁਹੱਲੇ ਵਿਚ ਸੀਵਰੇਜ ਜਾਮ ਹੁੰਦਾ ਹੈ। ਕਈ ਵਾਰਡਾਂ ਵਿਚ ਗੰਦਾ ਪਾਣੀ ਸਪਲਾਈ ਹੁੰਦਾ ਰਿਹਾ ਪਰ ਇਸ ਸਬੰਧੀ ਫਾਲਟ ਵੀ ਕਈ ਦਿਨ ਤਕ ਦੂਰ ਨਹੀਂ ਕੀਤੇ ਗਏ। ਸ਼ਹਿਰ ਦੇ ਕਈ ਇਲਾਕੇ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਦੇ ਰਹੇ ਅਤੇ ਹਰ ਰੋਜ਼ ਕੋਈ ਨਾ ਕੋਈ ਟਿਊਬਵੈੱਲ ਖ਼ਰਾਬ ਹੋ ਹੀ ਜਾਂਦਾ, ਜਿਸ ਨੂੰ ਠੀਕ ਕਰਵਾਉਣ ਲਈ ਲੋਕਾਂ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਸੀ। ਸ਼ਹਿਰ ਦੀ ਸਾਫ਼-ਸਫ਼ਾਈ ਸਬੰਧੀ ਵਿਵਸਥਾ ਨੂੰ ਲੈ ਕੇ ਵੀ ਲੋਕ ਪ੍ਰਦਰਸ਼ਨ ਕਰਦੇ ਰਹੇ। ਹੁਣ ਚੁਣੇ ਪ੍ਰਤੀਨਿਧੀ ਆਉਣ ਨਾਲ ਲੋਕਾਂ ਦੀ ਸੁਣਵਾਈ ਦੋਬਾਰਾ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸੀਤ ਲਹਿਰ ਦਾ 'ਅਲਰਟ', ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੇ ਦੀ ਓਵਰਡੋਜ਼ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ
NEXT STORY