ਜਲੰਧਰ, (ਮ੍ਰਿਦੁਲ)-ਮਾਸਟਰ ਤਾਰਾ ਸਿੰਘ ਨਗਰ ’ਚ ਰਹਿੰਦੇ ਐੱਨ. ਆਰ. ਆਈ. ਦੀ ਕੋਠੀ ’ਚ ਸ਼ੁੱਕਰਵਾਰ ਦੇਰ ਰਾਤ ਚੋਰ ਚੋਰੀ ਕਰ ਕੇ ਫਰਾਰ ਹੋ ਗਏ। ਮਾਮਲੇ ਨੂੰ ਲੈ ਕੇ ਥਾਣਾ ਬਾਰਾਂਦਰੀ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਕਿਹਾ ਕਿ ਫੁਟੇਜ ’ਚ ਇਕ ਵਿਅਕਤੀ ਚੋਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਦੀ ਪਛਾਣ ਲਈ ਪੁਲਸ ਜਾਂਚ ਕਰ ਰਹੀ ਹੈ। ਹਾਲਾਂਕਿ ਪੁਲਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਚੋਰ ਮਹਿੰਗੀ ਸਕੌਚ ਪੀਣ ਤੋਂ ਬਾਅਦ ਕੁਝ ਬੋਤਲਾਂ ਨਾਲ ਵੀ ਲੈ ਗਏ। ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਨਗਰ ’ਚ ਐਡਵੋਕੇਟ ਗੁਰਮਿੰਦਰ ਸਿੰਘ ਦੀ ਕੋਠੀ ਹੈ। ਜੋ ਕਿ ਖੁਦ ਕੈਨੇਡਾ ’ਚ ਸੈਟਲ ਹੋ ਚੁੱਕੇ ਹਨ ਅਤੇ ਕੋਠੀ ਦੇ ਇਕ ਹਿੱਸੇ ’ਚ ਬਣੇ ਕੁਆਰਟਰ ’ਚ ਨੌਕਰ ਰਹਿੰਦੇ ਹਨ।
ਕੁਆਰਟਰ ’ਚ ਰਹਿੰਦੇ ਨੌਕਰ ਜਦੋਂ ਸ਼ਨੀਵਾਰ ਸਵੇਰੇ ਉੱਠ ਕੇ ਕੋਠੀ ’ਚ ਗਏ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਦਾ ਲਾਕ ਟੁੱਟਿਆ ਹੋਇਆ ਹੈ ਪਰ ਦਰਵਾਜ਼ਾ ਬੰਦ ਸੀ। ਉਨ੍ਹਾਂ ਨੂੰ ਸ਼ੱਕ ਹੋਇਆ ਹੈ ਕਿ ਚੋਰੀ ਹੋਈ ਹੈ। ਜਦੋਂ ਉਹ ਲਾਕ ਖੋਲ੍ਹ ਕੇ ਅੰਦਰ ਗਏ ਤਾਂ ਦੇਖਿਆ ਕਿ ਕਮਰਿਆਂ ’ਚ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਮਾਲਕ ਗੁਰਮਿੰਦਰ ਸਿੰਘ ਮੁਤਾਬਕ ਦੋ ਸੋਨੇ ਦੇ ਕੰਗਨ, ਚੇਨ, ਕੁਝ ਕੈਨੇਡੀਅਨ ਡਾਲਰਾਂ ਸਮੇਤ ਮਹਿੰਗੀ ਸਕਾਚ ਦੀਆਂ ਬੋਤਲਾਂ ਚੋਰੀ ਹੋਈਆਂ ਹਨ। ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਜਦੋਂ ਘਰ ’ਚ ਲੱਗੇ ਸੀ. ਸੀ. ਟੀ. ਵੀ. ਫਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਸ਼ੁੱਕਰਵਾਰ ਰਾਤ ਕਰੀਬ 1.30 ਵਜੇ ਇਕ ਚੋਰ ਕੋਠੀ ਦੀ ਛੱਤ ਤੋਂ ਘਰ ਅੰਦਰ ਦਾਖਲ ਹੋਇਆ ਤੇ ਚੋਰੀ ਕਰ ਕੇ ਫਰਾਰ ਹੋ ਗਿਆ। ਐੱਸ. ਐੱਚ. ਓ. ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਫਿੰਗਰ ਪ੍ਰਿੰਟ ਟੀਮ ਨੂੰ ਬੁਲਾ ਕੇ ਘਰ ’ਚੋਂ ਸੈਂਪਲ ਲਏ ਗਏ ਹਨ। ਜਲਦ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।
2 ਦਿਨਾਂ ’ਚ ਟ੍ਰਾਈਸਿਟੀ ’ਚ ਕੋਰੋਨਾ ਕਾਰਨ 6 ਦੀ ਮੌਤ, 413 ਨਵੇਂ ਕੇਸ ਪਾਜ਼ੇਟਿਵ
NEXT STORY