ਜਲੰਧਰ, (ਧਵਨ)-ਖੇਤਰੀ ਪਾਸਪੋਰਟ ਦਫਤਰ ਜਲੰਧਰ ਨੇ ਵੱਖ-ਵੱਖ ਸ਼੍ਰੇਣੀਆਂ ’ਚ ਵਿਸ਼ੇਸ਼ ਅਤੇ ਸ਼ਲਾਘਾਯੋਗ ਸੇਵਾਵਾਂ ਦੇਣ ਬਦਲੇ ਦੇਸ਼ ’ਚ ਸਾਰੇ ਪਾਸਪੋਰਟ ਦਫਤਰਾਂ ਦੇ ਮੁਕਾਬਲੇ ਸਭ ਤੋਂ ਵੱਧ 4 ਐਵਾਰਡ ਹਾਸਲ ਕੀਤੇ ਹਨ। ਖੇਤਰੀ ਪਾਸਪੋਰਟ ਅਧਿਕਾਰੀ ਹਰਮਨਬੀਰ ਸਿੰਘ ਗਿੱਲ ਨੂੰ ਇਹ ਐਵਾਰਡ ਕੇਂਦਰੀ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈ ਸ਼ੰਕਰ ਨੇ ਦਿੱਲੀ ’ਚ ਪ੍ਰਦਾਨ ਕੀਤੇ। ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਖੇਤਰੀ ਪਾਸਪੋਰਟ ਦਫਤਰ ਜਲੰਧਰ ਨੂੰ ਦੇਸ਼ ਦੇ ਸਾਰੇ ਆਰ.ਪੀ.ਓਜ਼ (ਖੇਤਰੀ ਪਾਸਪੋਰਟ ਦਫਤਰ) ’ਚ ਪਹਿਲਾ ਸਥਾਨ ਹਾਸਲ ਹੋਇਆ ਹੈ। ਇਹ ਪਹਿਲਾ ਸਥਾਨ ਇਸ ਲਈ ਮਿਲਿਆ ਕਿਉਂਕਿ ਜਲੰਧਰ ਪਾਸਪੋਰਟ ਦਫਤਰ ਨੇ ਪਾਸਪੋਰਟ ਡਲਿਵਰੀ ਸੇਵਾਵਾਂ ’ਚ ਸ਼ਲਾਘਾਯੋਗ ਕੰਮ ਕੀਤਾ ਹੈ।
ਗਿੱਲ ਨੇ ਦੱਸਿਆ ਕਿ ਖੇਤਰੀ ਪਾਸਪੋਰਟ ਦਫਤਰ ਜਲੰਧਰ ਨੂੰ ਜਿਓ ਵਰਗ ’ਚ ਪਹਿਲਾ ਸਥਾਨ, ਸਵੱਛਤਾ ਪੰਦਰਵਾੜਾ ’ਚ ਦੂਜਾ ਅਤੇ ਪ੍ਰਿੰਟਿੰਗ ਤੇ ਡਿਸਪੈਚ ਖੇਤਰ ’ਚ ਤੀਜਾ ਸਥਾਨ ਹਾਸਲ ਹੋਇਆ ਹੈ। ਕੇਂਦਰ ਸਰਕਾਰ ਨੇ ਅੱਜ ਪਾਸਪੋਰਟ ਸੇਵਾ ਦਿਵਸ ਮਨਾਇਆ ਸੀ, ਜਿਸ ਨੂੰ ਦੇਖਦਿਆਂ ਕੇਂਦਰੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਖੁਦ ਵੱਖ-ਵੱਖ ਪਾਸਪੋਰਟ ਦਫਤਰਾਂ ਦੇ ਅਧਿਕਾਰੀਆਂ ਨੂੰ ਐਵਾਰਡ ਵੰਡੇ। ਕੇਂਦਰੀ ਵਿਦੇਸ਼ ਮੰਤਰਾਲਾ ਨੇ ਵੀ ਜਲੰਧਰ ਦਫਤਰ ਦੀ ਸ਼ਲਾਘਾ ਕਰਦਿਆਂ ਦੇਸ਼ ਦੇ ਹੋਰ ਪਾਸਪੋਰਟ ਦਫਤਰਾਂ ਨੂੰ ਉਸ ਤੋਂ ਪ੍ਰੇਰਣਾ ਲੈ ਕੇ ਸਖਤ ਮਿਹਨਤ ਕਰਨ ਦੀ ਨਸੀਹਤ ਦਿੱਤੀ। ਖੇਤਰੀ ਪਾਸਪੋਰਟ ਦਫਤਰ ਜਲੰਧਰ ਦਾ ਡਲਿਵਰੀ ਸਿਸਟਮ ਸਭ ਤੋਂ ਬਿਹਤਰ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ 4 ਐਵਾਰਡ ਜਿੱਤਣ ਨਾਲ ਪਾਸਪੋਰਟ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮਨੋਬਲ ਹੋਰ ਉੱਚਾ ਹੁੰਦਾ ਹੈ ਅਤੇ ਇਹ ਐਵਾਰਡ ਜਲੰਧਰ ਦਫਤਰ ਨੇ ਆਪਣੇ ਕਰਮਚਾਰੀਆਂ ਦੀ ਮਿਹਨਤ ਦੇ ਸਦਕੇ ਜਿੱਤੇ ਹਨ।
ਬਿੱਟੂ ਹੱਤਿਆਕਾਂਡ ਦੀ ਹਾਈ ਕੋਰਟ ਰਾਹੀਂ ਸਮਾਂਬੱਧ ਜਾਂਚ ਹੋਵੇ : ਹਰਪਾਲ ਚੀਮਾ
NEXT STORY