ਹੁਸ਼ਿਆਰਪੁਰ(ਜ. ਬ.) - ਖੁਦ ਬਣੇ ਪਾਸਟਰ ਬਜਿੰਦਰ ਸਿੰਘ ਵਲੋਂ ਇਕ ਮੁਟਿਆਰ ਨਾਲ ਕਥਿਤ ਜਬਰ-ਜ਼ਨਾਹ ਅਤੇ ਉਸ ਨੂੰ ਬਲੈਕਮੇਲ ਕਰਨ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਹੈ ਕਿ ਜ਼ੀਰਕਪੁਰ ਥਾਣੇ ਵਿਚ ਦਰਜ ਐੱਫ. ਆਈ. ਆਰ. ਮੁਤਾਬਕ ਉਕਤ ਝੂਠੇ ਪ੍ਰਚਾਰਕ ਦੀਆਂ ਵੱਖ-ਵੱਖ ਸਰਗਰਮੀਆਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਇਕ ਜਾਰੀ ਬਿਆਨ ਵਿਚ ਲਾਰੈਂਸ ਚੌਧਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਮਸੀਹੀ ਧਾਰਮਕ ਆਗੂਆਂ ਵਿਰੁੱਧ ਜਬਰ-ਜ਼ਨਾਹ ਦੇ ਦੋਸ਼ਾਂ ਦੀਆਂ ਘਟਨਾਵਾਂ ਨੇ ਮਸੀਹੀ ਭਾਈਚਾਰੇ ਨੂੰ ਸ਼ਰਮਸਾਰ ਕੀਤਾ ਹੈ। ਇਹ ਭਾਈਚਾਰੇ ਲਈ ਚਿੰਤਾ ਵਾਲੀ ਗੱਲ ਵੀ ਹੈ। ਉਨ੍ਹਾਂ ਕਿਹਾ ਕਿ ਉਕਤ ਪਾਸਟਰ ਆਪਣੇ-ਆਪ ਨੂੰ ਕ੍ਰਿਸਚੀਅਨ ਤਾਂ ਕਹਾਉਂਦਾ ਨਹੀਂ ਪਰ ਪ੍ਰਭੂ ਯਿਸੂ ਮਸੀਹ ਦੇ ਪ੍ਰਚਾਰ ਦੀ ਆੜ ਵਿਚ ਬੀਮਾਰੀਆਂ ਅਤੇ ਭੂਤਾਂ-ਪ੍ਰੇਤਾਂ ਦਾ ਡਰ ਪੈਦਾ ਕਰ ਕੇ ਲੋਕਾਂ ਕੋਲੋਂ ਮੋਟੀ ਕਮਾਈ ਕਰਦਾ ਸੀ। ਪੰਜਾਬ ਵਿਚ ਕਈ ਹੋਰ ਪਾਸਟਰ ਵੀ ਹਨ ਜੋ ਪ੍ਰਭੂ ਯਿਸੂ ਮਸੀਹ ਦੇ ਨਾਂ 'ਤੇ ਆਪਣੀਆਂ ਵਪਾਰਕ ਸਰਗਰਮੀਆਂ ਚਲਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਧਰਮ ਦੇ ਨਾਂ 'ਤੇ ਅੰਧਵਿਸ਼ਵਾਸ ਫੈਲਾ ਕੇ ਮੋਟੀ ਕਮਾਈ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਮੋਦੀ ਸਰਕਾਰ ਨੂੰ ਸੱਤਾ 'ਚੋਂ ਬਾਹਰ ਕਰਨ ਲਈ ਵਿਰੋਧੀ ਧਿਰਾਂ ਦਾ ਗਠਜੋੜ ਜ਼ਰੂਰੀ : ਯੇਚੁਰੀ
NEXT STORY