ਹਲਵਾਰਾ/ਲੁਧਿਆਣਾ (ਗੁਪਤਾ)- ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ’ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹਲਵਾਰਾ ਏਅਰਪੋਰਟ ’ਤੇ ਯਾਤਰੀ ਉਡਾਣਾਂ ਦੇ ਨਾਲ-ਨਾਲ ਕਾਰਗੋ ਟਰਮੀਨਲ ਨੂੰ ਵੀ ਜਲਦ ਤੋਂ ਜਲਦ ਚਾਲੂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਖੇਤਰ ’ਚ ਹਵਾਈ ਕਾਰਗੋ ਸੇਵਾਵਾਂ ਦੀ ਭਾਰੀ ਮੰਗ ਹੈ।
ਹਲਵਾਰਾ ਏਅਰਪੋਰਟ ਦੇ ਵਰਚੁਅਲ ਉਦਘਾਟਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਬਿੱਟੂ ਨੇ ਕੇਂਦਰੀ ਨਾਗਰਿਕ ਹਵਾਨਬਾਜ਼ੀ ਮੰਤਰੀ ਨੂੰ ਕਾਰਗੋ ਸੰਚਾਲਨ ਤੁਰੰਤ ਸ਼ੁਰੂ ਕਰਨ ਦਾ ਆਗ੍ਰਹਿ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਮਜ਼ਬੂਤ ਉਦਯੋਗਿਕ ਅਧਾਰ ਨੂੰ ਦੇਖਦਿਆਂ ਇਹ ਹਵਾਈ ਅੱਡਾ ਅਨੁਮਾਨ ਤੋਂ ਕਿਤੇ ਵੱਧ ਯਾਤਰੀ ਅਤੇ ਕਾਰਗੋ ਟ੍ਰੈਫਿਕ ਸੰਭਾਲੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਇਸ ਖੇਤਰ ਦੇ ਉਦਯੋਗਪਤੀਆਂ ਨੂੰ ਕਾਰਗੋ ਦੀ ਆਵਾਜਾਈ ਲਈ ਅੰਮ੍ਰਿਤਸਰ ਜਾਂ ਚੰਡੀਗੜ੍ਹ ਦੇ ਹਵਾਈ ਅੱਡਿਆਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਹਲਵਾਰਾ ਏਅਰਪੋਰਟ ਪੂਰੇ ਉਦਯੋਗਿਕ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰੇਗਾ ਅਤੇ ਲੌਜਿਸਟਿਕਸ ਲਾਗਤ ’ਚ ਵੱਡੀ ਕਮੀ ਲਿਆਏਗਾ।
ਕੇਂਦਰੀ ਮੰਤਰੀ ਨੇ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦਾ ਵੀ ਪ੍ਰਸਤਾਵ ਰੱਖਿਆ, ਜਿਸ ਨਾਲ ਮਹਾਨ ਆਜ਼ਾਦੀ ਘੁਲਾਟੀਏ ਅਤੇ ਕ੍ਰਾਂਤੀਕਾਰੀ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਬਿੱਟੂ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਏਅਰਪੋਰਟ ਦਾ ਉਦਘਾਟਨ ਕਰਨ ਲਈ ਧੰਨਵਾਦ ਕੀਤਾ ਤੇ ਇਸ ਨੂੰ ਪੰਜਾਬ ਦੇ ਲੋਕਾਂ ਲਈ ਇਕ ਇਤਿਹਾਸਕ ਤੋਹਫ਼ਾ ਦੱਸਿਆ।
ਇਸ ਮੌਕੇ ਲੁਧਿਆਣਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਸੁਭਾਸ਼ ਡਾਬਰ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਮਨੀਸ਼ ਚੋਪੜਾ ਲੱਕੀ, ਨਵਲ ਜੈਨ, ਅਰੁਣੇਸ਼ ਮਿਸ਼ਰਾ, ਵਿਪਨ ਸੂਦ ਕਾਕਾ, ਡਾ. ਸਤੀਸ਼ ਕੁਮਾਰ, ਪੰਜਾਬ ਭਾਜਪਾ ਔਰਤਾਂ ਮੋਰਚਾ ਦੀ ਉਪ ਪ੍ਰਧਾਨ ਰਾਸ਼ੀ ਅਗਰਵਾਲ ਵੀ ਹਾਜ਼ਰ ਸਨ।
ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਹੋਕਾ ਦਿੰਦੀ ਇਹ ਵੀਡੀਓ
NEXT STORY