ਜਲੰਧਰ (ਜ.ਬ.)- ਥਾਣਾ ਮਾਡਲ ਟਾਊਨ ਅਧੀਨ ਪੈਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਲੜਕੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਦੋਸ਼ੀ ਸੋਹਿਤ ਸ਼ਰਮਾ ਨੂੰ ਨਾਲ ਲੈ ਕੇ ਪੁਲਸ ਸਪਾ ਸੈਂਟਰ ਦੇ ਮਾਲਕ ਆਸ਼ੀਸ਼ ਉਰਫ਼ ਦੀਪਕ ਬਹਿਲ, ਅਰਸ਼ਦ ਖ਼ਾਨ ਅਤੇ ਇੰਦਰ ਦੀ ਭਾਲ ਵਿਚ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ। ਮਾਮਲਾ ਹਾਈ-ਪ੍ਰੋਫਾਈਲ ਹੋਣ ਕਾਰਨ ਇਸ ਕੇਸ ਦੀ ਜਾਂਚ ਬਾਰੇ ਪੁਲਸ ਕੋਈ ਵੀ ਜਾਣਕਾਰੀ ਸਾਂਝੀ ਜਾਂ ਜਨਤਕ ਕਰਨ ਤੋਂ ਕਤਰਾਅ ਰਹੀ ਹੈ।
ਇਹ ਵੀ ਪੜ੍ਹੋ: ਵਿਧਾਇਕ ਪਰਗਟ ਸਿੰਘ ਦੇ ਤੇਵਰ ਤਿੱਖੇ, ਕਿਹਾ-ਕੈਪਟਨ ਦਿਵਾ ਰਹੇ ਮੈਨੂੰ ਧਮਕੀਆਂ
ਉਥੇ ਹੀ, ਪੁਲਸ ਸੂਤਰਾਂ ਦੀ ਮੰਨੀਏ ਤਾਂ ਇਸ ਕੇਸ ਦੀ ਜਾਂਚ ਵਿਚ ਕਈ ਪਰਤਾਂ ਖੁੱਲ੍ਹ ਰਹੀਆਂ ਹਨ ਕਿਉਂਕਿ ਸੋਹਿਤ ਵੱਲੋਂ ਪੁੱਛਗਿੱਛ ਦੌਰਾਨ ਸ਼ਹਿਰ ਦੇ ਕਈ ਪੁਲਸ ਅਧਿਕਾਰੀਆਂ ਸਮੇਤ ਸਿਆਸਤਦਾਨਾਂ ਦੇ ਨਾਂ ਲਏ ਗਏ ਹਨ, ਜੋ ਕਿ ਉਸ ਨਾਲ ਜੁੜੇ ਹੋਏ ਸਨ ਅਤੇ ਜਿਨ੍ਹਾਂ ਦਾ ਸਪਾ ਸੈਂਟਰ ਮਾਲਕ ਆਸ਼ੀਸ਼ ਨਾਲ ਸੰਪਰਕ ਵੀ ਸੀ। ਸੋਹਿਤ ਨੇ ਜਾਂਚ ਦੌਰਾਨ ਕਬੂਲ ਕੀਤਾ ਕਿ ਕਈ ਬਾਹਰੀ ਮੁਲਾਜ਼ਮ ਵੀ ਆਸ਼ੀਸ਼ ਨੂੰ ਸਮੇਂ-ਸਮੇਂ ’ਤੇ ਆਪਣੇ ਖਰਚਿਆਂ ਦੀ ਵਗਾਰ ਪਾਉਣ ਆਉਂਦੇ ਸਨ, ਜਿਸ ਕਾਰਨ ਪੁਲਸ ਅਧਿਕਾਰੀ ਇਸ ਸਬੰਧੀ ਮੌਨ ਧਾਰਨ ਕਰੀ ਬੈਠੇ ਹਨ। ਜ਼ਿਕਰਯੋਗ ਹੈ ਕਿ ਬੀਤੀ 6 ਮਈ ਦੀ ਸ਼ਾਮ ਨੂੰ ਕਲਾਊਡ 9 ਸਪਾ ਸੈਂਟਰ ਵਿਚ ਨਾਬਾਲਗ ਲੜਕੀ ਨਾਲ ਚਾਰ ਲੜਕਿਆਂ ਨੇ ਗੈਂਗਰੇਪ ਕੀਤਾ ਸੀ, ਜਿਸ ਤੋਂ ਬਾਅਦ ਨਾਬਾਲਗਾ ਨੇ ਪੁਲਸ ਕੋਲ ਬਿਆਨ ਦਰਜ ਕਰਵਾ ਕੇ ਕੇਸ ਦਰਜ ਕਰਵਾਇਆ ਸੀ।
ਐਸਕਾਰਟ ਸਰਵਿਸ ’ਚ ਮਸ਼ਹੂਰ ਸੀ ਆਸ਼ੀਸ਼
ਜਾਣਕਾਰੀ ਮਿਲੀ ਹੈ ਕਿ ਇਸ ਪੂਰੇ ਮਾਮਲੇ ਦਾ ਸਰਗਣਾ ਅਤੇ ਜਲੰਧਰ ਵਿਚ ਇਸ ਗੰਦੇ ਧੰਦੇ ਦਾ ਮਾਸਟਰਮਾਈਂਡ ਆਸ਼ੀਸ਼ ਉਰਫ਼ ਦੀਪਕ ਜਲੰਧਰ ਹੀ ਨਹੀਂ, ਨੇੜਲੇ ਕਈ ਸ਼ਹਿਰਾਂ ’ਚ ਵੀ ਗੰਦਗੀ ਫੈਲਾਅ ਰਿਹਾ ਸੀ। ਆਸ਼ੀਸ਼ ਨੇ ਪਹਿਲਾਂ ਅੰਮ੍ਰਿਤਸਰ ਵਿਚ ਆਪਣੇ ਆਕਾ ਨਾਲ ਇਸ ਕੰਮ ਨੂੰ ਚਲਾਇਆ ਅਤੇ ਹੁਣ ਜਲੰਧਰ ਤੋਂ ਬਾਅਦ ਲੁਧਿਆਣਾ ਵਿਚ ਇਸ ਗੰਦੇ ਧੰਦੇ ਨੂੰ ਐਸਟੈਬਲਿਸ਼ ਕਰ ਰਿਹਾ ਸੀ। ਜਾਣਕਾਰੀ ਮਿਲੀ ਹੈ ਕਿ ਉਹ ਜਲੰਧਰ ਤੋਂ ਲੜਕੀਆਂ ਨੂੰ ਲੁਧਿਆਣਾ ਅਤੇ ਹੋਰਨਾਂ ਸ਼ਹਿਰਾਂ ਵਿਚ ਮੁਹੱਈਆ ਕਰਵਾ ਰਿਹਾ ਸੀ। ਇਸ ਮਾਮਲੇ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਵੱਡਾ ਹਾਈ-ਪ੍ਰੋਫਾਈਲ ਮਾਮਲਾ ਪੰਜਾਬ ਵਿਚ ਹੋ ਗਿਆ ਪਰ ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਆਸ਼ੀਸ਼ ਦੀ ਹਿੱਸੇਦਾਰੀ ਵਾਲੇ ਸਪਾ ਸੈਂਟਰ ਹੁਣ ਵੀ ਚੱਲ ਰਹੇ ਹਨ, ਜਿਨ੍ਹਾਂ ’ਤੇ ਪੁਲਸ ਨੇ ਅਜੇ ਤਕ ਸ਼ਿਕੰਜਾ ਨਹੀਂ ਕੱਸਿਆ। ਪਤਾ ਲੱਗਾ ਹੈ ਕਿ ਆਸ਼ੀਸ਼ ਅੰਮ੍ਰਿਤਸਰ ਵਿਚ ਕਿਧਰੇ ਲੁਕਿਆ ਬੈਠਾ ਹੈ। ਉਸ ਦਾ ਪੁਰਾਣਾ ਆਕਾ ਉਸ ਨੂੰ ਸ਼ੈਲਟਰ ਦੇ ਰਿਹਾ ਹੈ। ਪਰ ਜਿਸ ਤਰ੍ਹਾਂ ਪੁਲਸ ਜਾਂਚ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਆਕਾ ਦੀ ਵੀ ਜਾਨ ਫਸਣ ਵਾਲੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਦਾਖ਼ਲ ਹੋਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਕੋਰੋਨਾ ਨੈਗੇਟਿਵ ਰਿਪੋਰਟ ਦੀ ਨਹੀਂ ਹੋ ਰਹੀ ਚੈਕਿੰਗ
ਚਾਹ ਦੀਆਂ ਚੁਸਕੀਆਂ ਲੈ ਕੇ ਵੱਡੇ ਅਧਿਕਾਰੀਆਂ ਨੇ ਕੀਤੀ ਇਕ-ਦੂਜੇ ਨਾਲ ਚਰਚਾ
ਦੂਜੇ ਪਾਸੇ ਇਸ ਗੈਂਗਰੇਪ ਮਾਮਲੇ ਵਿਚ ਪੁਲਸ ਕਮਿਸ਼ਨਰੇਟ ਅੰਦਰ ਸਾਰਾ ਦਿਨ ਚਰਚਾ ਦਾ ਮਾਹੌਲ ਬਣਿਆ ਰਿਹਾ। ਐਤਵਾਰ ਹੋਣ ਦੇ ਬਾਵਜੂਦ ਪੁਲਸ ਕਮਿਸ਼ਨਰੇਟ ਦੇ ਵੱਡੇ ਅਧਿਕਾਰੀਆਂ ਵੱਲੋਂ ਚਾਹ ਦੀਆਂ ਚੁਸਕੀਆਂ ਲੈ ਕੇ (ਆਰ) ਨਾਂ ਦੇ ਪੁਲਸ ਇੰਸਪੈਕਟਰ ਬਾਰੇ ਚਰਚਾ ਕੀਤੀ ਗਈ ਕਿ ਉਕਤ ਇੰਸਪੈਕਟਰ ਦਾ ਇਸ ਮਹਿਕਮੇ ਵਿਚ ਕਿੰਨਾ ਸਮਾਂ ਬਾਕੀ ਹੈ, ਕਿਉਂਕਿ ਵੱਡੇ ਅਧਿਕਾਰੀਆਂ ਨੂੰ ਕਲਾਊਡ ਸਪਾ ਸੈਂਟਰ ਦੇ ਮਾਲਕ ਅਤੇ (ਆਰ) ਨਾਂ ਦੇ ਇੰਸਪੈਕਟਰ ਦੀ ਦੋਸਤੀ ਬਾਰੇ ਪਤਾ ਲੱਗ ਚੁੱਕਾ ਹੈ। ਇਸ ਸਬੰਧੀ ਵੱਡੇ ਅਧਿਕਾਰੀਆਂ ਕੋਲ ਇੰਸਪੈਕਟਰ ਦੀ ਰਿਪੋਰਟ ਵੀ ਪਹੁੰਚ ਚੁੱਕੀ ਹੈ, ਜਿਸ ’ਤੇ ਜਲਦ ਪੁਲਸ ਕਮਿਸ਼ਨਰ ਆਪਣਾ ਫੈਸਲਾ ਸੁਣਾ ਸਕਦੇ ਹਨ ਕਿਉਂਕਿ ਉਕਤ ਇੰਸਪੈਕਟਰ ਬਾਰੇ ਪੁਲਸ ਅਧਿਕਾਰੀਆਂ ਵੱਲੋਂ ਕਮਿਸ਼ਨਰ ਦਫ਼ਤਰ ਦੀ ਓ. ਐੱਸ. ਆਈ. ਬ੍ਰਾਂਚ ਵਿਚ ਪੁਰਾਣੇ ਰਿਕਾਰਡ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਤਾਂ ਜੋ ਉਸ ’ਤੇ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਵੱਡੇ ਅਧਿਕਾਰੀ ਆਪਣੀ ਚਮੜੀ ਬਚਾਉਣ ਲਈ ਉਕਤ ਇੰਸਪੈਕਟਰ ’ਤੇ ਜਲਦ ਹੀ ਗਾਜ ਡੇਗ ਸਕਦੇ ਹਨ ਕਿਉਂਕਿ ਪੁਲਸ ਅਧਿਕਾਰੀਆਂ ਨੂੰ ਆਸ਼ੀਸ਼ ਅਤੇ ਉਕਤ ਇੰਸਪੈਕਟਰ ਦੇ ਸਬੰਧਾਂ ਤੋਂ ਇਲਾਵਾ ਕਈ ਹੋਰ ਕਾਰਨਾਮਿਆਂ ਬਾਰੇ ਵੀ ਪਤਾ ਲੱਗ ਚੁੱਕਾ ਹੈ। ਹੁਣ ਪੁਲਸ ਕਮਿਸ਼ਨਰ ਇਸ ਮਾਮਲੇ ਵਿਚ ਜਲਦ ਕੋਈ ਫੈਸਲਾ ਲੈ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ: ਪਿਮਸ ਹਸਪਤਾਲ ਦੀ ਵੱਡੀ ਲਾਪਰਵਾਹੀ, ਮਹਿਲਾ ਮਰੀਜ਼ ਨੂੰ ਲਾਇਆ ਖ਼ਾਲੀ ਆਕਸੀਜਨ ਸਿਲੰਡਰ, ਹੋਈ ਮੌਤ
ਆਪਣਾ ਉੱਲੂ ਸਿੱਧਾ ਕਰਨ ’ਚ ਲੱਗੇ ਕਈ ਪ੍ਰਧਾਨ
ਇਸ ਗੈਂਗਰੇਪ ਮਾਮਲੇ ਵਿਚ ਸ਼ਹਿਰ ਦੇ ਕਈ ਪ੍ਰਧਾਨ ਆਪਣਾ ਉਲੂ ਸਿੱਧਾ ਕਰਨ ਵਿਚ ਲੱਗੇ ਹੋਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਕੇਸ ਵਿਚ ਨਾਮਜ਼ਦ ਦੋਸ਼ੀਆਂ ਨੂੰ ਕਈ ਸਿਆਸਤਦਾਨਾਂ ਦਾ ਸ਼ੈਲਟਰ ਹੈ, ਜਿਸ ਕਾਰਨ ਉਹ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ ਤਾਂ ਜੋ ਇਸ ਸਾਰੇ ਮਾਮਲੇ ਵਿਚ ਉਨ੍ਹਾਂ ਦੇ ਨੰਬਰ ਬਣ ਸਕਣ ਅਤੇ ਉਨ੍ਹਾਂ ਦਾ ਉੱਲੂ ਸਿੱਧਾ ਹੋ ਸਕੇ।
ਵੱਡਾ ਸਵਾਲ-ਕੀ ਹੁਣ ਪੁਲਸ ਸਪਾ ਸੈਂਟਰਾਂ ਨੂੰ ਕਰਵਾਏਗੀ ਬੰਦ ਜਾਂ....?
ਇਸ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਇਹ ਸਾਹਮਣੇ ਆਇਆ ਹੈ ਕਿ ਕਮਿਸ਼ਨਰੇਟ ਪੁਲਸ ਦੀ ਨੱਕ ਹੇਠਾਂ ਗੈਂਗਰੇਪ ਜਿਹਾ ਅਪਰਾਧ ਹੋ ਜਾਂਦਾ ਹੈ ਅਤੇ ਉਹ ਵੀ ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਵਿਚ। ਇਸ ਤਰ੍ਹਾਂ ਜਿਥੇ ਸ਼ਹਿਰ ਦੇ ਲਾਅ ਐਂਡ ਆਰਡਰ ਦੇ ਹਾਲਾਤ ’ਤੇ ਸਵਾਲ ਉੱਠਦੇ ਹਨ, ਉਥੇ ਹੀ ਦੂਜੇ ਪਾਸੇ ਇਹ ਵੀ ਸਵਾਲ ਲੋਕਾਂ ਦੇ ਮਨ ਵਿਚ ਉਠ ਰਿਹਾ ਹੈ ਕਿ ਸ਼ਹਿਰ ਦੇ ਇਨ੍ਹਾਂ ਮਸਾਜ ਪਾਰਲਰਾਂ ਅਤੇ ਸਪਾ ਸੈਂਟਰਾਂ ਵਿਚ ਚੱਲ ਰਹੇ ਗੰਦੇ ਧੰਦੇ ਨੂੰ ਕੀ ਕਮਿਸ਼ਨਰੇਟ ਪੁਲਸ ਹੁਣ ਪੂਰੀ ਤਰ੍ਹਾਂ ਬੰਦ ਕਰਵਾਏਗੀ ਜਾਂ ਫਿਰ ਸਿਆਸੀ ਦਬਾਅ ਵਿਚ ਆ ਕੇ ਇਸੇ ਤਰ੍ਹਾਂ ਨਾਬਾਲਗ ਲੜਕੀਆਂ ਸਮੇਤ ਨੌਜਵਾਨ ਪੀੜ੍ਹੀ ਦੀਆਂ ਜ਼ਿੰਦਗੀਆਂ ਬਰਬਾਦ ਹੁੰਦੀਆਂ ਰਹਿਣਗੀਆਂ ਕਿਉਂਕਿ ਇਨ੍ਹਾਂ ਸਪਾ ਸੈਂਟਰਾਂ ਵਿਚ ਨੌਜਵਾਨਾਂ ਨੂੰ ਨਸ਼ਾ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਸ ਗੰਦੇ ਧੰਦੇ ਵਿਚ ਧੱਕਿਆ ਜਾਂਦਾ ਹੈ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ’ਚ ਡੇਰਾ ਬਿਆਸ ਬਣਿਆ ਮਸੀਹਾ, ਜਲੰਧਰ 'ਚ ਤਿਆਰ ਕੀਤਾ 120 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਿਸਾਨਾਂ ਨੇ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕ ਕੀਤਾ ਰੋਸ ਜ਼ਾਹਰ
NEXT STORY