ਮੁਕੇਰੀਆਂ (ਝਾਵਰ) - ਅੱਜ ਦੇਰ ਸ਼ਾਮ ਮੁਕੇਰੀਆਂ ਦੀ ਮਾਨਸਰ ਗਰਾਊਂਡ ਵਿਖੇ 2 ਮੋਟਰਸਾਈਕਲ ਸਵਾਰ ਲੁਟੇਰੇ ਜਲੰਧਰ ਦੇ ਚਾਵਲਾਂ ਦੇ ਵਪਾਰੀ ਸਚਿਨ ਮਿੱਤਲ ਪੁੱਤਰ ਨਰੇਸ਼ ਕੁਮਾਰ ਵਾਸੀ ਪੁਰਾਣੀ ਦਾਣਾ ਮੰਡੀ ਜਲੰਧਰ ਕੋਲੋਂ ਇਕ ਲੱਖ ਰੁਪਏ, ਲਗਭਗ 1.25 ਲੱਖ ਰੁਪਏ ਦੇ 2 ਚੈੱਕ ਅਤੇ ਹੋਰ ਜ਼ਰੂਰੀ ਕਾਗਜ਼ਾਤ ਪਿਸਤੌਲ ਦੀ ਨੋਕ 'ਤੇ ਖੋਹ ਕੇ ਫ਼ਰਾਰ ਹੋ ਗਏ। ਸਚਿਨ ਮਿੱਤਲ ਨੇ ਪੁਲਸ ਸਟੇਸ਼ਨ ਮੁਕੇਰੀਆਂ ਵਿਖੇ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਉਹ ਤਲਵਾੜਾ ਤੋਂ ਉਗਰਾਹੀ ਕਰ ਕੇ ਆਇਆ ਸੀ। ਉਸ ਨੇ ਮਾਨਸਰ ਗਰਾਊਂਡ ਮੁਕੇਰੀਆਂ ਵਿਖੇ ਆਪਣੀ ਸਵਿਫਟ ਕਾਰ ਪੀ ਬੀ 08-ਸੀ ਟੀ-0591 ਖੜ੍ਹੀ ਕੀਤੀ ਸੀ। ਇਸ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ 2 ਨਕਾਬਪੋਸ਼ ਲੁਟੇਰੇ ਆਏ ਤੇ ਉਸ ਦੀ ਪੁੜਪੁੜੀ 'ਤੇ ਪਿਸਤੌਲ ਰੱਖ ਕੇ ਉਸ ਦਾ ਬੈਗ ਖੋਹ ਲਿਆ ਅਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਡੀ. ਐੱਸ. ਪੀ. ਰਵਿੰਦਰ ਸਿੰਘ ਤੇ ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਰਣਨਯੋਗ ਹੈ ਕਿ 2 ਮਹੀਨੇ ਪਹਿਲਾਂ ਵੀ ਐਮਾਂ ਮਾਂਗਟ ਕੋਲ ਜੀ. ਟੀ. ਰੋਡ 'ਤੇ ਮੋਟਰਸਾਈਕਲ ਸਵਾਰਾਂ ਨੇ ਜਲੰਧਰ ਦੇ ਇਕ ਵਪਾਰੀ ਕੋਲੋਂ ਲਗਭਗ 4 ਲੱਖ ਰੁਪਏ ਲੁੱਟ ਲਏ ਸਨ। ਇਸ ਵਾਰਦਾਤ ਦਾ ਅੱਜ ਤੱਕ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ।
ਚੋਰਾਂ ਨੇ ਵਰਕਸ਼ਾਪ 'ਚੋਂ ਲੈਪਟਾਪ ਤੇ ਨਕਦੀ ਕੀਤੀ ਚੋਰੀ
NEXT STORY