ਬਰਨਾਲਾ, (ਸਿੰਧਵਾਨੀ, ਰਵੀ)– ਸੀਵਰੇਜ ਜਾਮ ਹੋਣ ਕਾਰਨ ਰਾਮਗਡ਼੍ਹੀਆ ਰੋਡ ਸਥਿਤ ਰੋਡੇ ਫਾਟਕਾਂ ਰੋਡ ਦੇ ਮੁਹੱਲਾ ਵਾਸੀਆਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪਹੁੰਚ ਗਿਆ ਅਤੇ ਉਨ੍ਹਾਂ ਰੋਡ ਜਾਮ ਕਰ ਕੇ ਧਰਨਾ ਲਾ ਦਿੱਤਾ ਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਹੱਲਾ ਵਾਸੀ ਸੀਵਰੇਜ ਬੋਰਡ ਦੇ ਇਕ ਅਧਿਕਾਰੀ ਨਾਲ ਉਲਝ ਗਏ ਅਤੇ ਉਨ੍ਹਾਂ ਵਿਚਕਾਰ ਜੰਮ ਕੇ ਤੂੰ-ਤੂੰ ਮੈਂ-ਮੈਂ ਵੀ ਹੋਈ।
ਮੁਹੱਲਾ ਵਾਸੀ ਦੀਪਕ ਯਾਦਵ ਨੇ ਕਿਹਾ ਕਿ ਰੋਡੇ ਫਾਟਕ ਰੋਡ ਦਾ ਸੀਵਰੇਜ ਜਾਮ ਹੋਏ ਨੂੰ 6 ਮਹੀਨੇ ਹੋ ਚੁੱਕੇ ਹਨ। ਅਸੀਂ ਇਸ ਸਬੰਧੀ ਵਾਰ-ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਫਰਿਆਦ ਕਰ ਚੁੱਕੇ ਹਾਂ ਪਰ ਹਰ ਵਾਰ ਭਰੋਸਾ ਦੇ ਦਿੱਤਾ ਜਾਂਦਾ ਹੈ ਕਿ ਜਲਦੀ ਹੀ ਤੁਹਾਡੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਸੀਵਰੇਜ ਦਾ ਪਾਣੀ ਸਡ਼ਕ ’ਤੇ ਆ ਗਿਆ ਹੈ। ਬਦਬੂ ਕਾਰਨ ਘਰਾਂ ’ਚ ਰਹਿਣਾ ਵੀ ਮੁਸ਼ਕਲ ਹੋ ਗਿਆ ਹੈ। ਮੱਛਰਾਂ ਕਾਰਨ ਮੁਹੱਲੇ ਦੇ ਹਰ ਘਰ ਦੇ ਬੱਚੇ ਬੀਮਾਰ ਹੋਏ ਪਏ ਹਨ ਪਰ ਪ੍ਰਸ਼ਾਸਨ ਨੂੰ ਸਾਡੀ ਕੋਈ ਪ੍ਰਵਾਹ ਨਹੀਂ। ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸਾਨੂੰ ਮਜਬੂਰ ਹੋ ਕੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਾ ਪਵੇਗਾ।
ਜੇ. ਈ. ਸਾਹਿਬ! ਇੰਨੀ ਬਦਬੂ ’ਚ ਕਿਵੇਂ ਰਹੀਏ ਘਰਾਂ ’ਚ
ਮੌਕੇ ’ਤੇ ਸੀਵਰੇਜ ਬੋਰਡ ਦੇ ਜੇ. ਈ. ਪਹੁੰਚੇ ਹੋਏ ਸਨ, ਜਿਨ੍ਹਾਂ ਨਾਲ ਮੁਹੱਲਾ ਵਾਸੀ ਉਲਝ ਗਏ। ਗੁੱਸੇ ’ਚ ਆਏ ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇ. ਈ. ਸਾਹਿਬ! ਇੰਨੀ ਬਦਬੂ ਆ ਰਹੀ ਹੈ। ਅਸੀਂ ਆਪਣੇ ਘਰਾਂ ’ਚ ਕਿਵੇਂ ਰਹੀਏ। ਤੁਸੀਂ ਇਕ ਦਿਨ ਇੰਨੀ ਬਦਬੂ ’ਚ ਇਸ ਮੁਹੱਲੇ ’ਚ ਰਹਿ ਕੇ ਦਿਖਾਓ, ਫਿਰ ਅਸੀਂ ਵੀ ਇਸ ਬਦਬੂ ’ਚ ਰਹਿ ਲਵਾਂਗੇ। ਸੀਵਰੇਜ ਦੇ ਪਾਣੀ ’ਚੋਂ ਸਾਡੇ ਛੋਟੇ-ਛੋਟੇ ਬੱਚੇ ਲੰਘਦੇ ਹਨ। ਬਦਬੂ ਕਾਰਨ ਰਾਹਗੀਰਾਂ ਨੂੰ ਆਪਣੇ ਨੱਕ ’ਤੇ ਰੁਮਾਲ ਰੱਖ ਕੇ ਲੰਘਣਾ ਪੈਂਦਾ ਹੈ। ਇਸ ਮੌਕੇ ਮੁਹੱਲਾ ਵਾਸੀ ਸੁੰਦਰ ਕੁਮਾਰ, ਰਾਮ ਚੰਦਰ, ਬੰਸੀ ਰਾਮ, ਮਧੂ ਮਹੇਸ਼, ਜੀਵਨ ਕੁਮਾਰ ਆਦਿ ਹਾਜ਼ਰ ਸਨ।
ਪਟਿਆਲਾ-ਸਰਹਿੰਦ ਰੋਡ ਬਣੀ ‘ਖੂਨੀ ਸਡ਼ਕ’ 2 ਹਫ਼ਤਿਆਂ ਵਿਚ 4 ਨੌਜਵਾਨਾਂ ਸਮੇਤ 7 ਮੌਤਾਂ
NEXT STORY