ਬਾਰਨ(ਇੰਦਰ)-ਇਸ ਸਮੇਂ ਪੰਜਾਬ ਵਿਚ ਸਡ਼ਕ ਹਾਦਸੇ ਇੰਨੀ ਖਤਰਨਾਕ ਹੱਦ ਤੱਕ ਪਹੁੰਚ ਗਏ ਹਨ ਕਿ ਹਰ ਰੋਜ਼ 10 ਤੋਂ 15 ਲੋਕ ਅਜਾਈਂ ਮੌਤ ਮਰ ਰਹੇ ਹਨ। ਇਸ ਸਭ ਦਾ ਦੁਖਦਾਈ ਪਹਿਲੂ ਇਹ ਹੈ ਕਿ ਰੋਜ਼ਾਨਾ ਵਾਪਰ ਰਹੇ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਕਦੇ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ। ਸੂਬੇ ਦੀਆਂ ਕਈ ਮੇਨ ਸਡ਼ਕਾਂ ‘ਖੂਨੀ ਸਡ਼ਕਾਂ’ ਵਜੋਂ ਜਾਣੀਆਂ ਜਾਣ ਲੱਗ ਪਈਆਂ ਹਨ। ਇਨ੍ਹਾਂ ਵਿਚੋਂ ਜ਼ਿਲਾ ਪਟਿਆਲਾ ਤੇ ਸਰਹਿੰਦ ਨੂੰ ਜਾਣ ਵਾਲੀ ਮੇਨ ਸਡ਼ਕ ਹੈ, ਜਿੱਥੇ ਰੋਜ਼ਾਨਾ ਹੀ ਸਡ਼ਕੀ ਹਾਦਸਾ ਵਾਪਰਦਾ ਹੈ। ਬੀਤੇ 2 ਹਫ਼ਤਿਆਂ ਦੌਰਾਨ 7 ਵਿਅਕਤੀ ਸਡ਼ਕ ਹਾਦਸੇ ਦੌਰਾਨ ਮਾਰੇ ਗਏ, ਜਿਨ੍ਹਾਂ ਵਿਚ 4 ਨੌਜਵਾਨ ਸ਼ਾਮਲ ਹਨ। ਬੀਤੇ ਤਿੰਨ ਨੌਜਵਾਨ ਦੋਸਤਾਂ ਦੀ ਇਕੱਠੇ ਪਿੰਡ ਫੱਗਣਮਾਜਰਾ ਨੇਡ਼ੇ ਵਾਪਰੇ ਸਡ਼ਕ ਹਾਦਸੇ ਦੌਰਾਨ ਮੌਤ ਹੋ ਗਈ।
ਇਹ ਸਡ਼ਕ ਹਾਦਸਿਆਂ ਦਾ ਸਿਲਸਿਲਾ ਪਿਛਲੇ 15 ਸਾਲਾਂ ਦੇ ਕਰੀਬ ਤੋਂ ਚਲਦਾ ਆ ਰਿਹਾ ਹੈ ਪਰ ਇਨ੍ਹਾਂ ਹਾਦਸਿਆਂ ਨੂੰ ਘੱਟ ਕਰਨ ਲਈ ਨਾ ਹੀ ਦੋ ਜ਼ਿਲਿਆਂ ਦਾ ਪ੍ਰਸ਼ਾਸਨ ਕੋਈ ਹੱਲ ਲੱਭ ਰਿਹਾ ਹੈ ਤੇ ਨਾ ਹੀ ਕੋਈ ਰਾਜਨੀਤਕ ਆਗੂ। ਬਿਆਨ ਕਈ ਵਾਰ ਦਾਗ ਚੁੱਕੇ ਹਨ।
‘ਤੇਜ਼ ਰਫ਼ਤਾਰੀ, ਮੌਤ ਦੀ ਤਿਆਰੀ’
ਹੁਣ ਤੱਕ ਵਾਪਰੇ ਭਿਆਨਕ ਹਾਦਸਿਆਂ ’ਤੇ ਜੇਕਰ ਸਰਸਰੀ ਝਾਤ ਮਾਰੀ ਜਾਵੇ ਤਾਂ ਸਾਫ ਹੋ ਜਾਂਦਾ ਹੈ ਕਿ ਨਸ਼ਾ ਕਰ ਕੇ ਗੱਡੀ ਚਲਾਉਣ ਜਾਂ ਤੇਜ਼ ਰਫ਼ਤਾਰ ਵਾਹਨ ਸਡ਼ਕ ਹਾਦਸਿਆਂ ਵਿਚ ਆਪਣੇ ਨਾਲ ਹੋਰਨਾਂ ਦੀਆਂ ਜਾਨਾਂ ਦਾ ਕਾਰਨ ਬਣ ਜਾਂਦੇ ਹਨ। ਜ਼ਿਆਦਾਤਰ ਹਾਦਸੇ ਤੇਜ਼ ਰਫ਼ਤਾਰ, ਓਵਰਲੋਡਿੰਗ ਅਤੇ ਨਸ਼ੇ ਦੇ ਸੇਵਨ ਕਾਰਨ ਵਾਪਰ ਰਹੇ ਹਨ। ਇਨ੍ਹਾਂ ਕਾਰਨਾਂ ’ਤੇ ਪੁਲਸ ਜੇਕਰ ਚਾਹੇ ਤਾਂ ਆਸਾਨੀ ਨਾਲ ਕਾਬੂ ਪਾ ਸਕਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ। ਪੁਲਸ ਦੀ ਕਾਰਵਾਈ ਸੱਪ ਲੰਘਣ ਤੋਂ ਬਾਅਦ ਲਕੀਰਾਂ ਕੁੱਟਣ ਵਾਲੀ ਹੀ ਰਹੀ ਹੈ।
ਹਾਦਸਿਆਂ ਨੂੰ ਘੱਟ ਕਰਨ ਲਈ ਪੁਲਸ ਦੀ ਭੂਮਿਕਾ ਜ਼ੀਰੋ
ਟ੍ਰੈਫਿਕ ਪੁਲਸ ਦਾ ਕੰਮ ਕੇਵਲ ਚਲਾਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਲੋਕਾਂ ਨੂੰ ਆਵਾਜਾਈ ਨਿਯਮਾਂ ਦਾ ਪਾਠ ਪਡ਼੍ਹਾਉਣ ਲਈ ਪੰਜਾਬ ਪੁਲਸ ਦੀ ਆਪਣੀ ਭੂਮਿਕਾ ਸਹੀ ਢੰਗ ਨਾਲ ਅਦਾ ਨਹੀਂ ਕਰ ਰਹੀ, ਜਿਸ ਪੁਲਸ ਨੂੰ ਲੋਕਾਂ ਦਾ ਰੋਲ ਮਾਡਲ ਬਣਨਾ ਚਾਹੀਦਾ ਹੈ। ਪੁਲਸ ਸਿਰਫ਼ ਸ਼ਹਿਰ ਦੇ ਟ੍ਰੈਫਿਕ ਪੁਆਇੰਟਾਂ ’ਤੇ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕਰਦੀ ਹੈ। ਸ਼ਹਿਰ ਦੀਆਂ ਬਾਹਰੀ ਸਡ਼ਕਾਂ ’ਤੇ ਓਵਰ ਸਪੀਡ ਤੇ ਓਵਰਲੋਡ ਵਾਹਨਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕਰਦੀ? ਇਹ ਵੀ ਦੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਹਾਦਸੇ ਓਵਰ ਸਪੀਡ ਕਾਰਨ ਸ਼ਹਿਰ ਦੀਆਂ ਬਾਹਰੀ ਸਡ਼ਕਾਂ ’ਤੇ ਹੀ ਵਾਪਰਦੇ ਹਨ।
ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇਣ ਤੋਂ ਬਾਅਦ ਵੀ ਨਹੀਂ ਨਿਕਲਿਆ ਕੋਈ ਹੱਲ
ਸਰਹਿੰਦ-ਪਟਿਆਲਾ ਰੋਡ ’ਤੇ ਵਾਪਰ ਰਹੇ ਸਡ਼ਕੀ ਹਾਦਸਿਆਂ ਨੂੰ ਰੋਕਣ ਲਈ ਨੇਡ਼ਲੇ ਪਿੰਡਾਂ ਦੇ ਲੋਕ ਕਈ ਵਾਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਸ ਸਬੰਧੀ ਮੰਗ-ਪੱਤਰ ਵੀ ਦੇ ਚੁੱਕੇ ਹਨ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਕੁਲਵਿੰਦਰ ਸਿੰਘ ਬਾਗਡ਼ੀਆਂ, ਹਰਵਿੰਦਰ ਸਿੰਘ ਹਰਸ਼ੀ ਨੰਦਪੁਰ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖ ਫੱਗਣਮਾਜਰਾ, ਦੀਦਾਰ ਸਿੰਘ ਦਾਰੀ ਰੀਠਖੇਡ਼ੀ, ਹਰਿੰਦਰ ਸਿੰਘ ਹਰਦਾਸਪੁਰ ਤੇ ਤੀਰਥ ਸਿੰਘ ਗੁਣੀਆਂਮਾਜਰਾ ਆਦਿ ਨੇ ਕਿਹਾ ਕਿ ਸਰਕਾਰ ਕਾਂਗਰਸ ਦੀ ਹੋਵੇ ਜਾਂ ਅਕਾਲੀ ਦਲ ਦੀ, ਸਾਰੀਆਂ ਪਾਰਟੀਆਂ ਇਕ-ਦੂਸਰੇ ਨੂੰ ਭੰਡਣ ਵਿਚ ਹੀ ਰੁੱਝੀਆਂ ਹੋਈਆਂ ਹਨ। ਕਿਸੇ ਵੀ ਰਾਜਸੀ ਪਾਰਟੀ ਦੇ ਏਜੰਡੇ ’ਤੇ ਸਡ਼ਕੀ ਹਾਦਸੇ ਨਹੀਂ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਪੂਰੇ ਸੂਬੇ ਵਿਚ ਇਕ ਜਾਗਰੂਕਤਾ ਲਹਿਰ ਚਲਾਈ ਜਾਵੇ, ਜਿਸ ਵਿਚ ਹਰ ਵਰਗ ਤੇ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ। ਨਿਯਮ ਤੋਡ਼ਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੌਕੇ ਦਾ ਅਧਿਕਾਰੀ ਜਵਾਬਦੇਹ ਹੋਵੇ। ਲਾਇਸੈਂਸ ਪ੍ਰਕਿਰਿਆ ਸਖ਼ਤ ਬਣਾਈ ਜਾਵੇ ਅਤੇ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਦੇਖਭਾਲ ਲਈ ਵਿਸ਼ੇਸ਼ ਟੀਮਾਂ ਤਿਆਰ ਕੀਤੀਆਂ ਜਾਣ।
ਮਾਮਲਾ ਆਪਸੀ ਰੰਜਸ਼ ਦਾ : ਦਿਨ-ਦਿਹਾਡ਼ੇ ਦੁਕਾਨਦਾਰ ਨੂੰ ਗੋਲੀ ਮਾਰੀ
NEXT STORY