ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) : ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ 35 ਏ ਤੋੜਨ ਤੋਂ ਬਾਅਦ ਉਥੇ ਸੋਮਵਾਰ ਤੋਂ ਕਰਫਿਊ ਲੱਗਿਆ ਹੋਇਆ ਹੈ ਅਤੇ ਅੱਜ 5ਵੇਂ ਦਿਨ ਵੀ ਉਥੋਂ ਦੇ ਬਾਜ਼ਾਰ ਅਤੇ ਬੈਂਕ ਬੰਦ ਰਹੇ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਪੋਲਟਰੀ ਉਦਯੋਗ ਨੂੰ ਚੁਕਣਾ ਪੈ ਰਿਹਾ ਹੈ। ਪੋਲਟਰੀ ਉਦਯੋਗ ਪਹਿਲਾਂ ਹੀ ਆਪਣੇ ਆਖਰੀ ਸਾਹਾਂ 'ਤੇ ਸੀ ਤੇ ਹੁਣ ਰਹਿੰਦੀ ਕਸਰ ਕਸ਼ਮੀਰ ਬੰਦ ਨੇ ਪੂਰੀ ਕਰ ਦਿੱਤੀ ਹੈ, ਜਿਸ ਕਾਰਨ ਫਾਰਮਰਾਂ ਵਿਚ ਸਹਿਮ ਦਾ ਮਾਹੌਲ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚੋਂ ਵਿਸ਼ੇਸ਼ ਕਰ ਸੰਗਰੂਰ, ਬਰਨਾਲਾ ਅਤੇ ਲੁਧਿਆਨਾ ਵਿਚੋਂ ਜੰਮੂ ਕਸ਼ਮੀਰ ਨੂੰ ਰੋਜ਼ਾਨਾ 30 ਤੋਂ 35 ਗੱਡੀਆ ਭਾਵ 30 ਤੋਂ 32 ਲੱਖ ਅੰਡਾ ਰੋਜ਼ਾਨਾ ਭੇਜਿਆ ਜਾਂਦਾ ਸੀ ਜੋ ਪਿਛਲੇ 5 ਦਿਨਾਂ ਤੋਂ ਬਿਲਕੁਲ ਬੰਦ ਪਿਆ ਹੈ ਤੇ ਜੰਮੂ ਕਸ਼ਮੀਰ ਵਿਚ ਬੈਂਕ ਬੰਦ ਹੋਣ ਕਾਰਨ ਪਹਿਲਾਂ ਉਧਰ ਭੇਜੇ ਗਏ ਅੰਡੇ ਦੀ ਅਦਾਇਗੀ ਵੀ ਵਪਾਰੀਆਂ ਨੂੰ ਨਹੀਂ ਆ ਰਹੀ, ਜਿਸ ਕਾਰਨ ਅਨਿਸ਼ਚਤਾ ਦਾ ਮਾਹੌਲ ਬਣਿਆ ਹੋਇਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਤੋਂ ਹੀ ਪੋਲਟਰੀ ਫਾਰਮਰ ਫੀਡ ਦੇ ਰੇਟਾਂ ਵਿਚ ਹੋਏ ਬੇਤਹਾਸ਼ਾ ਵਾਧੇ ਕਾਰਨ ਘਾਟੇ ਵਿਚ ਚਲ ਰਹੇ ਹਨ ਤੇ ਹੁਣ ਸਾਉਣ ਦਾ ਮਹੀਨਾ ਹੋਣ ਕਾਰਨ ਯੂ.ਪੀ, ਬਿਹਾਰ ਵਿਚ ਅੰਡੇ ਦੀ ਡਿਮਾਂਡ ਨਹੀਂ ਸੀ ਤੇ ਸਿਰਫ ਜੰਮੂ-ਕਸ਼ਮੀਰ ਹੀ ਇਕੋ-ਇਕ ਰਾਜ ਬਚਿਆ ਸੀ ਜਿਥੇ ਅੰਡੇ ਦੀ ਖਪਤ ਹੋ ਰਹੀ ਸੀ ਪਰ ਇਹ ਵੀ ਬੰਦ ਹੋਣ ਨਾਲ ਫਾਰਮਰਾਂ ਦੀ ਕਮਰ ਟੁੱਟ ਗਈ ਹੈ।
ਰੋਜ਼ਾਨਾ 1 ਕਰੋੜ ਦਾ ਅੰਡਾ ਜੰਮੂ ਕਸ਼ਮੀਰ ਜਾਂਦਾ ਸੀ : ਸੇਤੀਆ
ਅੰਡਾ ਵਪਾਰੀ ਸ਼ਿੰਦੀ ਸੇਤੀਆ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਜ਼ਾਨਾ ਕਰੀਬ 1 ਕਰੋੜ ਰੁਪਏ ਦਾ ਅੰਡਾ ਪੰਜਾਬ ਵਿਚੋਂ ਵੱਖ-ਵੱਖ ਵਪਾਰੀ ਭਰ ਕੇ ਜੰਮੂ-ਕਸ਼ਮੀਰ ਭੇਜਦੇ ਸੀ ਪਰ ਹੁਣ ਇਹ ਵਪਾਰ ਉਥੇ ਹਾਲਾਤ ਸਹੀ ਨਾ ਹੋਣ ਕਰਕੇ ਬਿਲਕੁਲ ਬੰਦ ਪਿਆ ਹੈ ਤੇ ਵਪਾਰੀ ਹੁਣ ਕੋਲਕਾਤਾ ਤੇ ਸਾਊਥ ਵੱਲ ਰੁਖ ਕਰ ਰਹੇ ਹਨ ਤੇ ਉਧਰ ਅੰਡਾ ਸਰਪਲਸ ਹੋਣ ਕਾਰਨ ਅੰਡੇ ਦੀ ਕੀਮਤ ਵਿਚ ਗਿਰਾਵਟ ਵੀ ਆ ਸਕਦੀ ਹੈ।
ਪੋਲਟਰੀ ਉਦਯੋਗ ਅਖੀਰਲੇ ਸਾਹਾਂ 'ਤੇ : ਪੇਸ਼ੀ
ਅੰਡਾ ਕਾਰੋਬਾਰੀ ਅਤੇ ਪੋਲਟਰੀ ਫਾਰਮਰ ਪੇਸ਼ਲ ਕੁਮਾਰ ਪੇਸ਼ੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਅੰਡੇ ਦੀ ਮੁੱਖ ਖਪਤ ਹੁੰਦੀ ਹੈ ਤੇ ਹੁਣ ਈਦ ਦਾ ਤਿਊਹਾਰ ਨੇੜੇ ਹੋਣ ਕਾਰਨ ਵਪਾਰੀਆਂ ਨੂੰ ਆਸ ਸੀ ਕਿ ਅੰਡੇ ਦੀ ਕੀਮਤ ਵਿਚ ਤੇਜੀ ਆਵੇਗੀ ਪਰ ਉਥੇ ਕਰਫਿਊੂ ਲੱਗਿਆ ਹੋਣ ਕਾਰਨ ਉਧਰ ਅੰਡੇ ਦੀਆਂ ਗੱਡੀਆਂ ਬਹੁਤ ਘੱਟ ਜਾ ਰਹੀਆ ਹਨ ਤੇ ਜੋ ਜਾ ਵੀ ਰਹੀਆਂ ਹਨ, ਉਨ੍ਹਾਂ ਦੀ ਪੈਂਮੇਂਟ ਬੈਂਕ ਖੁੱਲਣ 'ਤੇ ਹੀ ਹੋਵੇਗੀ, ਜਿਸ ਕਾਰਨ ਵਪਾਰੀਆਂ ਦੇ ਮਨਾਂ ਵਿਚ ਡਰ ਵੀ ਹੈ।
ਪਹਿਲਾਂ ਫੀਡ ਦੇ ਰੇਟਾਂ ਤੇ ਹੁਣ ਜੰਮੂ-ਕਸ਼ਮੀਰ ਬੰਦ ਨੇ ਫਾਰਮਰ ਨੂੰ ਮਾਰਿਆ : ਬੱਬੂ
ਪੰਜਾਬ ਪੋਲਟਰੀ ਫਾਰਮਰਜ਼ ਐਸੋ.ਦੇ ਪ੍ਰਧਾਨ ਰਾਜੇਸ਼ ਕੁਮਾਰ ਬੱਬੂ ਨੇ ਕਿਹਾ ਕਿ ਪੋਲਟਰੀ ਫੀਡ ਦੇ ਰੇਟਾਂ ਵਿਚ ਪਿਛਲੇ ਸਾਲ ਨਾਲੋਂ 60 ਤੋਂ 70 ਫੀਸਦੀ ਤੱਕ ਵਾਧਾ ਹੋ ਗਿਆ ਹੈ, ਜਦਕਿ ਅੰਡੇ ਦਾ ਰੇਟ ਪਿਛਲੇ ਸਾਲ ਨਾਲੋਂ ਵੀ ਘੱਟ ਹੈ, ਜਿਸ ਕਾਰਨ ਫਾਰਮ ਬੰਦ ਹੋਣ ਦੇ ਕੰਢੇ 'ਤੇ ਪੁੱਜ ਗਏ ਹਨ।
ਸਰਕਾਰ ਦਾ ਪੋਲਟਰੀ ਉਦਯੋਗ ਵੱਲ ਕੋਈ ਧਿਆਨ ਨਹੀ : ਅਮਿਤ
ਸਨਰਾਈਸ ਐਗਰੀਜ਼ ਦੇ ਮਾਲਕ ਅਮਿਤ ਕੁਮਾਰ ਲੁਧਿਆਣਾ ਨੇ ਕਿਹਾ ਕਿ ਪੋਲਟਰੀ ਉਦਯੋਗ ਡੁੱਬ ਰਿਹਾ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਕੇਂਦਰ ਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਔਖੇ ਸਮੇਂ ਵਿਚ ਫਾਰਮਰਾਂ ਦੀ ਬਾਂਹ ਫੜੇ।
ਸਰਕਾਰ ਪੋਲਟਰੀ ਫਾਰਮਰਾਂ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ : ਗਾਂਧੀ
ਰਾਜੇਸ਼ ਗਾਂਧੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਅਸੀ ਸਰਕਾਰ ਦੇ ਨਾਲ ਹਾਂ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜੰਮੂ-ਕਸ਼ਮੀਰ ਦੇ ਲੋਕਾਂ ਦਾ ਵੀ ਸਰਬਪੱਖੀ ਵਿਕਾਸ ਹੋਵੇ ਪਰ ਇਸ ਦੇ ਨਾਲ ਹੀ ਸਰਕਾਰ ਪੋਲਟਰੀ ਫਾਰਮਰਾਂ ਲਈ ਵੀ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ ਤਾਂ ਜੋ ਇਸ ਉਦਯੋਗ ਨੂੰ ਜਿੰਦਾ ਰੱਖਿਆ ਜਾ ਸਕੇ।
ਕਲਮ ਛੋੜ ਹੜਤਾਲ ਕਰਨ ਵਾਲਿਆਂ ਦੀ ਕੱਟੀ ਜਾਵੇਗੀ ਤਨਖਾਹ
NEXT STORY