ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਜੰਮੂ-ਕਸ਼ਮੀਰ ਵਿਚ ਘੁੰਮਣ ਵਾਲੇ ਦੇਸ਼-ਵਿਦੇਸ਼ ਦੇ ਸੈਲਾਨੀਆਂ 'ਚੋਂ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜਿਸ ਨੇ ਧਰਤੀ ਦੇ ਇਸ ਸਵਰਗ 'ਚ ਵੱਸੇ ਬੱਕਲ ਦੇ ਖੂਬਸੂਰਤ ਇਲਾਕੇ ਨੂੰ ਦੇਖਿਆ ਹੋਵੇ। ਇਹ ਖੇਤਰ ਸੋਹਣੀ-ਮਹੀਵਾਲ ਦੇ ਇਸ਼ਕ ਦੇ ਚਸ਼ਮਦੀਦ ਝਨਾਂ ਦੇ ਕੰਢੇ ਵੱਸਿਆ ਹੋਇਆ ਹੈ। ਦੇਸ਼ ਦੇ ਬਾਕੀ ਹਿੱਸੇ ਨੂੰ ਵਾਇਆ ਜੰਮੂ ਅਤੇ ਪੀਰ ਪੰਜਾਲ ਦੀਆਂ ਪਹਾੜੀਆਂ 'ਚੋਂ ਲੰਘਦੀ ਹੋਈ ਕਸ਼ਮੀਰ ਘਾਟੀ ਨਾਲ ਜੋੜਨ ਵਾਲੀ ਰੇਲ ਲਾਈਨ ਵੀ ਇਥੋਂ ਹੀ ਝਨਾਂ ਨੂੰ ਪਾਰ ਕਰਦੀ ਹੈ। ਝਨਾਂ 'ਤੇ ਕੰਕਰੀਟ ਅਤੇ ਸਟੀਲ ਨਾਲ ਵਿਸ਼ਵ ਦਾ ਸਭ ਤੋਂ ਉੱਚਾ ਪੁਲ ਬਣਾਇਆ ਜਾ ਰਿਹਾ ਹੈ, ਜਿਸ ਦੀ ਉੱਚਾਈ ਝਨਾਂ ਦੇ ਪੱਧਰ ਤੋਂ ਕਰੀਬ 1180 ਫੁੱਟ ਦੱਸੀ ਜਾਂਦੀ ਹੈ।
ਇਸ ਪੁਲ ਅਤੇ ਰੇਲ ਪਟੜੀ ਦੇ ਨਿਰਮਾਣ ਕਾਰਜਾਂ ਦੇ ਚੱਲਦਿਆਂ ਬਹੁਤ ਸਾਰੀਆਂ ਪਹਾੜੀਆਂ ਦਾ ਸੀਨਾ ਚੀਰ ਦਿੱਤਾ ਗਿਆ ਹੈ ਅਤੇ ਨਤੀਜੇ ਵਜੋਂ ਪਾਣੀ ਦੇ ਅਣਗਿਣਤ ਚਸ਼ਮੇ ਸੁੱਕਣ ਲੱਗੇ ਹਨ। ਪਾਣੀ ਦਾ ਵਹਿਣ ਨਿਵਾਣ ਵੱਲ ਨੂੰ ਹੋ ਗਿਆ ਹੈ ਅਤੇ ਪਿਆਸ ਦੇ ਮਾਰੇ ਲੀਚੀਆਂ-ਲੁਗਾਠਾਂ ਅਤੇ ਹੋਰ ਫਲਾਂ ਦੇ ਬੂਟੇ ਸੁੱਕਣ ਲੱਗੇ ਹਨ। ਹਰਿਆਵਲ ਉੱਜੜ ਰਹੀ ਹੈ ਅਤੇ ਟਾਂਵੀਂ-ਟਾਂਵੀਂ ਹੋਣ ਵਾਲੀ ਖੇਤੀ ਵੀ ਕਿਸੇ ਦਿਨ ਠੱਪ ਹੋ ਸਕਦੀ ਹੈ, ਜਿਹੜੀ ਮੁੱਖ ਰੂਪ 'ਚ ਇਲਾਕੇ ਦੇ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ।
ਇਸ ਇਲਾਕੇ ਦੇ ਲੋਕਾਂ ਅਤੇ ਰੁੱਖ-ਬੂਟਿਆਂ ਦੀ ਦਰਦ-ਭਰੀ ਵਿਥਿਆ ਸੁਣਨ-ਸਮਝਣ ਦਾ ਮੌਕਾ ਉਦੋਂ ਮਿਲਿਆ ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਵੰਡ ਟੀਮ ਪਿੰਡ ਬੱਕਲ 'ਚ 507ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਗਈ ਸੀ। ਇਹ ਰਾਹਤ ਸਮੱਗਰੀ ਪਰਮ ਪੂਜਨੀਕ ਗੁਰੂਦੇਵ ਬ੍ਰਹਮਰਿਸ਼ੀ ਵਿਸ਼ਵਾਤਮਾ ਬਾਵਰਾ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਰਾਸ਼ਟਰਹਿੱਤ ਵਿਚ ਜੈ ਵਿਰਾਟ ਬ੍ਰਹਮਰਿਸ਼ੀ ਮਿਸ਼ਨ ਲੁਧਿਆਣਾ ਵੱਲੋਂ ਭਿਜਵਾਈ ਗਈ ਸੀ।
ਬੱਕਲ ਵਿਚ ਰਾਹਤ ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਸ ਖੇਤਰ 'ਤੇ ਕੁਦਰਤ ਇੰਨੀ ਮਿਹਰਬਾਨ ਹੋਈ ਹੈ ਕਿ ਇਸਨੂੰ ਝਰਨਿਆਂ, ਪਹਾੜਾਂ, ਹਰਿਆਵਲ, ਨਦੀਆਂ ਅਤੇ ਸਵੱਛ ਪੌਣ-ਪਾਣੀ ਨਾਲ ਮਾਲਾਮਾਲ ਕਰ ਕੇ ਸੱਚਮੁੱਚ ਧਰਤੀ ਦਾ ਸਵਰਗ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸਰਕਾਰਾਂ ਦੀਆਂ ਨੀਤੀਆਂ ਅਤੇ ਨਜ਼ਰਅੰਦਾਜ਼ਗੀ ਕਾਰਨ ਇਥੋਂ ਦੇ ਬਸ਼ਿੰਦਿਆਂ ਨੂੰ ਸਹੂਲਤਾਂ ਦੀ ਘਾਟ ਨਾਲ ਨਰਕ ਵਰਗੀ ਮਾਰ ਪੈ ਰਹੀ ਹੈ। ਰੋਜ਼ਗਾਰ ਦੇ ਸਾਧਨਾਂ ਦੀ ਘਾਟ ਅਤੇ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਨੇ ਆਮ ਘਰਾਂ ਦੇ ਚੁੱਲ੍ਹਿਆਂ ਦੀ ਹਰਕਤ ਮੱਠੀ ਕਰ ਦਿੱਤੀ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਜਿਸ ਇਲਾਕੇ ਵਿਚ ਅੱਜ ਵੀ ਸੜਕਾਂ ਦੀ ਘਾਟ ਹੈ, ਆਵਾਜਾਈ ਦੇ ਸਾਧਨ ਤਸੱਲੀਬਖਸ਼ ਨਹੀਂ ਹਨ ਅਤੇ ਦਵਾ-ਦਾਰੂ ਜਾਂ ਖਾਣ-ਪੀਣ ਦੀਆਂ ਵਸਤਾਂ ਲੈਣ ਲਈ ਮੀਲਾਂ ਤਕ ਪੈਦਲ ਤੁਰਨਾ ਪੈਂਦਾ ਹੈ, ਉਸ ਦਾ ਵਿਕਾਸ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਆ ਕੇ ਇਹ ਅਹਿਸਾਸ ਹੁੰਦਾ ਹੈ ਕਿ 'ਕਹੀਂ ਜ਼ਮੀਂ ਤੋ ਕਹੀਂ ਆਸਮਾਂ ਨਹੀਂ ਮਿਲਤਾ'। ਇਥੋਂ ਦੇ ਲੋਕਾਂ ਕੋਲ ਕੁਦਰਤ ਦਾ ਖਜ਼ਾਨਾ ਹੈ ਪਰ ਹੋਰ ਸਹੂਲਤਾਂ ਦੀ ਅਣਹੋਂਦ ਹੈ, ਜਦੋਂਕਿ ਹੋਰ ਥਾਵਾਂ 'ਤੇ ਸਰਕਾਰੀ ਸਹੂਲਤਾਂ ਤਾਂ ਹਨ ਪਰ ਨਾਲ ਹੀ ਜ਼ਹਿਰੀਲੀਆਂ ਸਬਜ਼ੀਆਂ, ਅਨਾਜ ਅਤੇ ਪ੍ਰਦੂਸ਼ਿਤ ਵਾਤਾਵਰਣ ਹੈ। ਅਜਿਹੇ ਹਾਲਾਤ ਵੀ ਸਾਨੂੰ ਇਕ-ਦੂਜੇ ਨਾਲ ਜੋੜਦੇ ਹਨ।
ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਨੇ ਕਿਹਾ ਕਿ ਇਸ ਇਲਾਕੇ ਦੇ ਹਾਲਾਤ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਹੀ ਇਥੇ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਇਹ ਇਕ-ਦੂਜੇ ਦਾ ਦੁੱਖ-ਦਰਦ ਵੰਡਾਉਣ ਦਾ ਯਤਨ ਹੈ, ਜਿਸ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਖੇਤਰ 'ਚ ਤਰਜੀਹ ਦੇ ਆਧਾਰ 'ਤੇ ਸੜਕਾਂ ਬਣਵਾਉਣੀਆਂ ਚਾਹੀਦੀਆਂ ਹਨ ਅਤੇ ਇਲਾਜ ਦੇ ਪ੍ਰਬੰਧ ਵੀ ਕਰਨੇ ਚਾਹੀਦੇ ਹਨ।
ਜਨਹਿੱਤ ਵੈੱਲਫੇਅਰ ਸੋਸਾਇਟੀ ਦੀ ਚੇਅਰਪਰਸਨ ਸ਼੍ਰੀਮਤੀ ਡੌਲੀ ਹਾਂਡਾ ਨੇ ਰਾਹਤ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਮੱਗਰੀ ਬਹੁਤ ਦਿਨ ਪਹਿਲਾਂ ਵੰਡੀ ਜਾਣੀ ਸੀ ਪਰ ਲੋਕ ਸਭਾ ਦੀਆਂ ਚੋਣਾਂ ਕਾਰਨ ਇਸ 'ਚ ਕੁਝ ਦੇਰੀ ਹੋ ਗਈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਇਕ-ਦੂਜੇ ਦੇ ਕੰਮ ਆਉਣਾ ਚਾਹੀਦਾ ਹੈ।
ਬੱਕਲ ਦੇ ਸਮਾਜ ਸੇਵੀ ਸ਼੍ਰੀ ਦੇਵ ਪ੍ਰਕਾਸ਼ ਨੇ ਕਿਹਾ ਕਿ ਇਲਾਕੇ ਦੇ ਬਹੁਤ ਸਾਰੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਦਾ ਜੀਵਨ ਗੁਜ਼ਾਰ ਰਹੇ ਹਨ। ਪੰਜਾਬ ਵਾਸੀਆਂ ਨੇ ਇਨ੍ਹਾਂ ਲੋਕਾਂ ਲਈ ਸਮੱਗਰੀ ਭਿਜਵਾ ਕੇ ਬਹੁਤ ਨੇਕ ਕਾਰਜ ਕੀਤਾ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਇਥੇ ਹੋਰ ਸਮੱਗਰੀ ਭਿਜਵਾਈ ਜਾਵੇ।
ਰੇਲਵੇ ਪ੍ਰਾਜੈਕਟ–ਸੁੱਖ ਵੀ, ਦੁੱਖ ਵੀ : ਕਪੂਰ ਸਿੰਘ ਠਾਕੁਰ
ਪਿੰਡ ਬੱਕਲ ਦੇ ਸਾਬਕਾ ਸਰਪੰਚ ਕਪੂਰ ਸਿੰਘ ਠਾਕੁਰ ਨੇ ਕਿਹਾ ਕਿ ਇਲਾਕੇ ਨੂੰ ਰੇਲਵੇ ਪ੍ਰਾਜੈਕਟ ਦਾ ਸੁੱਖ ਵੀ ਹੈ ਅਤੇ ਦੁੱਖ ਵੀ। ਇਨ੍ਹਾਂ ਪਿੰਡਾਂ ਲਈ ਸੜਕਾਂ ਦਾ ਨਾਂ-ਨਿਸ਼ਾਨ ਤੱਕ ਨਹੀਂ ਸੀ ਪਰ ਹੁਣ ਝਨਾਂ 'ਤੇ ਉਸਾਰੇ ਜਾ ਰਹੇ ਰੇਲਵੇ ਦੇ ਪੁਲ ਤਕ ਸੜਕ ਬਣ ਜਾਣ ਕਾਰਨ ਲੋਕਾਂ ਨੂੰ ਕਿਸੇ ਹੱਦ ਤਕ ਸਹੂਲਤ ਹੋ ਗਈ ਹੈ। ਪਿੰਡਾਂ ਦੇ ਕੁਝ ਨੌਜਵਾਨਾਂ ਨੂੰ ਇਸ ਪ੍ਰਾਜੈਕਟ ਵਿਚ ਰੋਜ਼ਗਾਰ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪਾਣੀ ਦੇ ਸੋਮੇ ਸੁੱਕ ਜਾਣ ਕਾਰਨ ਲੋਕਾਂ ਨੂੰ ਪੀਣ ਲਈ ਵੀ ਪਾਣੀ ਦੀ ਸਮੱਸਿਆ ਬਣਨ ਲੱਗੀ ਹੈ। ਸਰਕਾਰ ਨੂੰ ਲੋਕਾਂ ਦੀ ਮੁਸ਼ਕਲ ਸਮਝਦਿਆਂ ਪਾਣੀ ਦੇ ਸਥਾਈ ਪ੍ਰਬੰਧ ਕਰਨੇ ਚਾਹੀਦੇ ਹਨ ਕਿਉਂਕਿ ਹੁਣ ਤਾਂ ਰੇਲਵੇ ਵੱਲੋਂ ਟੈਂਕਰਾਂ ਨਾਲ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜਦਕਿ ਪ੍ਰਾਜੈਕਟ ਪੂਰਾ ਹੋਣ ਪਿੱਛੋਂ ਸਮੱਸਿਆ ਵਧ ਜਾਵੇਗੀ।
ਲੋਕਾਂ ਨੂੰ ਪਲਾਇਨ ਕਰਨਾ ਪੈ ਸਕਦੈ-ਕ੍ਰਿਸ਼ਨ ਸਿੰਘ ਨੰਬਰਦਾਰ
ਰੰਗਮੰਚ ਖੇਤਰ ਦੀ ਉੱਚ ਸ਼ਖਸੀਅਤ ਸ਼੍ਰੀ ਬਲਵੰਤ ਠਾਕੁਰ ਦੀ ਬੱਕਲ 'ਚ ਸਥਿਤ ਰਿਹਾਇਸ਼ ਵਿਖੇ ਰਾਹਤ ਵੰਡ ਆਯੋਜਨ ਮੌਕੇ ਸੰਬੋਧਨ ਕਰਦਿਆਂ ਬਲੱਡਾ ਪਿੰਡ ਦੇ ਨੰਬਰਦਾਰ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਹਾਲਾਤ ਅਜਿਹੇ ਬਣ ਰਹੇ ਹਨ ਕਿ ਲੋਕਾਂ ਨੂੰ ਪਲਾਇਨ ਵੀ ਕਰਨਾ ਪੈ ਸਕਦਾ ਹੈ। ਖੇਤੀਬਾੜੀ ਵਾਲੀ ਇਲਾਕੇ ਦੀ ਥੋੜ੍ਹੀ-ਬਹੁਤੀ ਜ਼ਮੀਨ ਪਾਣੀ ਦੀ ਘਾਟ ਕਾਰਨ ਬੰਜਰ ਹੋ ਰਹੀ ਹੈ। ਫਲ ਦੇਣ ਵਾਲੇ ਰੁੱਖ ਸੁੱਕਣ ਲੱਗੇ ਹਨ। ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਇਕ ਦਿਨ ਲੋਕਾਂ ਨੂੰ ਆਪਣੇ ਘਰ-ਘਾਟ ਛੱਡ ਕੇ ਜਾਣਾ ਪੈ ਸਕਦੈ।
ਇਸ ਮੌਕੇ 'ਤੇ ਕਟੜਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸ਼੍ਰੀ ਅਮਿਤ ਸ਼ਰਮਾ, ਸ਼੍ਰੀਮਤੀ ਕਮਲੇਸ਼ ਤੁਲੀ, ਸ਼੍ਰੀਮਤੀ ਵੀਨਾ ਸ਼ਰਮਾ, ਅਸ਼ੋਕ ਸਿੰਘ, ਜਗਦੀਸ਼ ਰਾਜ, ਰਾਮਪਾਲ, ਬੋਧਰਾਜ ਸ਼ਰਮਾ, ਸ਼ਮਸ਼ੇਰ ਸਿੰਘ ਅਤੇ ਪੂਰਨ ਚੰਦ ਪੰਚ ਵੀ ਮੌਜੂਦ ਸਨ।
ਕਣਕ ਨਾਲ ਲੱਦੀ ਟਰੈਕਟਰ-ਟਰਾਲੀ ਹੰਸਲੀ ਡਰੇਨ 'ਚ ਡਿੱਗੀ
NEXT STORY