ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ, ਜੰਮੂ-ਕਸ਼ਮੀਰ ਅਤੇ ਪੰਜਾਬ ਦੇ, ਪਿੰਡਾਂ 'ਚ ਰਹਿਣ ਵਾਲੇ ਲੋਕ 1947 ਤੋਂ ਹੀ ਮੁਸ਼ਕਲਾਂ ਭਰਿਆ ਜੀਵਨ ਗੁਜ਼ਾਰ ਰਹੇ ਹਨ। ਸਰਹੱਦ ਪਾਰ ਤੋਂ ਹੋਣ ਵਾਲੀ ਗੋਲੀਬਾਰੀ ਦੇ ਨਾਲ-ਨਾਲ ਅੱਤਵਾਦੀਆਂ ਦੀ ਘੁਸਪੈਠ, ਨਸ਼ਿਆਂ ਦੀ ਸਮੱਗਲਿੰਗ ਅਤੇ ਜਾਅਲੀ ਕਰੰਸੀ ਕਾਰਨ ਜਿੱਥੇ ਸਰਹੱਦੀ ਖੇਤਰਾਂ ਦੇ ਪਰਿਵਾਰਾਂ 'ਤੇ ਮਾਰੂ ਪ੍ਰਭਾਵ ਪੈਂਦਾ ਹੈ, ਉਥੇ ਦੇਸ਼ ਦੇ ਹੋਰ ਹਿੱਸਿਆਂ ਨੂੰ ਵੀ ਬਹੁਤ ਨੁਕਸਾਨ ਪੁੱਜਾ ਹੈ। ਪੰਜਾਬ ਦੇ ਕੁਝ ਸਰਹੱਦੀ ਪਿੰਡਾਂ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਉਥੋਂ ਦੇ ਲੋਕਾਂ ਦੀ ਹਰ ਹਰਕਤ 'ਤੇ ਪਾਕਿਸਤਾਨ ਦੀ ਨਜ਼ਰ ਰਹਿੰਦੀ ਹੈ, ਜਦੋਂ ਕਿ ਭਾਰਤ ਨਾਲੋਂ ਇਹ ਖੇਤਰ ਮੁਕਾਬਲਤਨ ਕੱਟੇ ਜਿਹੇ ਰਹਿੰਦੇ ਹਨ। ਇਨ੍ਹਾਂ 'ਚ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਕੁਝ ਪਿੰਡ ਵੀ ਹਨ, ਜਿੱਥੇ ਰਹਿਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਜਿਹੇ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 505ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਸਰਹੱਦੀ ਪਿੰਡ ਭਰਿਆਲ ਅਤੇ ਆਸ-ਪਾਸ ਰਹਿਣ ਵਾਲਿਆਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟਰੱਸਟ (ਰਜਿ.) ਗੜ੍ਹਾ ਰੋਡ, ਜਲੰਧਰ ਵੱਲੋਂ ਦਿੱਤਾ ਗਿਆ ਸੀ। ਸਹਾਇਤਾ ਸਮੱਗਰੀ ਭਿਜਵਾਉਣ ਦੇ ਇਸ ਨੇਕ ਉਪਰਾਲੇ 'ਚ ਟਰੱਸਟ ਦੇ ਸੰਸਥਾਪਕ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਟਰੱਸਟ ਦੇ ਸੈਕਟਰੀ ਸ. ਮਹਿੰਦਰ ਸਿੰਘ ਪਰਵਾਨਾ, ਬਾਬਾ ਜੀ ਦੇ ਬੇਟੇ ਸ. ਮਨਿੰਦਰ ਸਿੰਘ ਰਿਆੜ, ਬਾਬਾ ਜੀ ਦੇ ਪੋਤਰੇ ਸਰਤਾਜ ਸਿੰਘ ਰਿਆੜ, ਸ. ਬਲਦੇਵ ਸਿੰਘ, ਰੇਸ਼ਮ ਸਿੰਘ, ਜਗਦੇਵ ਸਿੰਘ ਅਤੇ ਸੁਖਪਾਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 300 ਥੈਲੀ ਆਟਾ (ਪ੍ਰਤੀ ਥੈਲੀ 10 ਕਿਲੋ), 300 ਥੈਲੀ ਚਾਵਲ (ਪ੍ਰਤੀ ਥੈਲੀ 5 ਕਿਲੋ), 300 ਪੈਕੇਟ ਦਾਲ (ਪ੍ਰਤੀ ਪੈਕੇਟ 2 ਕਿਲੋ ਮੂੰਗੀ ਅਤੇ 2 ਕਿਲੋ ਛੋਲਿਆਂ ਦੀ ਦਾਲ) ਅਤੇ 300 ਕੰਬਲ ਸ਼ਾਮਲ ਸਨ।
ਰਾਹਤ ਵੰਡ ਟੀਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਖੇਤਰਾਂ 'ਚ ਜਾਣ ਵਾਲੇ ਮੈਂਬਰਾਂ 'ਚ ਸੁਲਿੰਦਰ ਸਿੰਘ ਕੰਡੀ, ਰਾਜੇਸ਼ ਭਗਤ, ਮੈਡਮ ਡੌਲੀ ਹਾਂਡਾ, ਬ੍ਰਾਹਮਣ ਸਭਾ ਪੰਜਾਬ ਦੇ ਉਪ-ਪ੍ਰਧਾਨ ਨਰੇਸ਼ ਸ਼ਰਮਾ, ਰਜਿੰਦਰ ਸ਼ਰਮਾ (ਭੋਲਾ ਜੀ), ਰਾਜ ਸਿੰਘ ਅਤੇ ਦੀਨਾਨਗਰ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਦੀਪਕ ਕੁਮਾਰ ਵੀ ਸ਼ਾਮਲ ਸਨ।
ਢੀਂਡਸਾ ਨਾਲ ਫੋਟੋਆਂ ਖਿਚਵਾਉਣੀਆਂ ਅਕਾਲੀਆਂ ਨੂੰ ਪਈਆਂ ਮਹਿੰਗੀਆਂ
NEXT STORY