ਅੰਮ੍ਰਿਤਸਰ (ਸਰਬਜੀਤ): ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ ਪੀਰੀ ਖਾਲਸਾ ਮਾਰਚ ਦੂਸਰੇ ਪੜਾਅ ਤਹਿਤ ਅੱਜ ਗੁਰਦੁਆਰਾ ਗੁਰਦੁਆਰਾ ਚੁਲੇ ਬਾਬਾ ਆਲਾ ਸਿੰਘ ਜੀ ਲੌਂਗੋਵਾਲ ਤੋਂ ਪੰਥਕ ਰਵਾਇਤਾਂ ਨਾਲ ਆਪਣੇ ਅਗਲੇ ਪੜਾਅ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਪਿੰਡ ਗਾਗਾ ਲਈ ਰਵਾਨਾ ਹੋਇਆ। ਖ਼ਾਲਸਾ ਮਾਰਚ ਦੀ ਰਵਾਨਗੀ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਖ਼ਾਲਸਾ ਮਾਰਚ ਦੀ ਰਵਾਨਗੀ ਤੋਂ ਗੁਰਦੁਆਰਾ ਚੁਲੇ ਬਾਬਾ ਆਲਾ ਸਿੰਘ ਜੀ ਵਿਖੇ ਬੰਦੀ ਸਿੰਘ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ, ਜਿਸ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕਥਾ-ਵਿਚਾਰ ਕਰਦਿਆਂ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਅਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕੀਤੀ। ਰਵਾਨਗੀ ਦੀ ਅਰਦਾਸ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਤੇ ਕੀਤੀ, ਜਿਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਪਾਲਕੀ ’ਚ ਸ਼ੁਸ਼ੋਭਿਤ ਕੀਤਾ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਇਕ ਪਰਿਵਾਰ ਬਣਾਇਆ ਹੈ ਅਤੇ ਸਾਡੀ ਪੰਥਕ ਮੰਜ਼ਲ ਵੀ ਸਾਂਝੀ ਹੈ। ਉਨ੍ਹਾਂ ਬਾਬਾ ਆਲਾ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਇਤਿਹਾਸ ਸਾਨੂੰ ਸੇਧ ਦਿੰਦਾ ਹੈ ਕਿ ਸਮੇਂ ਦੇ ਹਾਲਾਤ ਭਾਵੇਂ ਕਿਹੋ ਜਿਹੇ ਵੀ ਹੋਣ ਪਰ ਪੰਥਕ ਹਿੱਤ ਸਾਹਮਣੇ ਆਉਂਦੇ ਹਨ ਤਾਂ ਸਿੱਖ ਨੂੰ ਦ੍ਰਿੜ੍ਹਤਾ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਮਿਸਲਾਂ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਸਮੇਂ ਭਾਵੇਂ ਆਪਸੀ ਕਿੰਨੇ ਵੀ ਮਤਭੇਦ ਹੋ ਜਾਂਦੇ ਸਨ, ਪਰ ਜਦੋਂ ਪੰਥ ਦੇ ਵੱਡੇ ਹਿੱਤ ਸਾਹਮਣੇ ਆਉਂਦੇ ਸਨ ਤਾਂ ਸਾਰੀਆਂ ਮਿਸਲਾਂ ਇਕ ਨਿਸ਼ਾਨ ਹੇਠ ਇਕੱਠੀਆਂ ਹੋ ਜਾਂਦੀਆਂ ਸਨ। ਪੰਥ ਦੇ ਇਸੇ ਏਕੇ ਨੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੀਆਂ ਤਾਕਤਾਂ ਦਾ ਟਾਕਰਾ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਵੱਖ-ਵੱਖ ਸਿੱਖ ਤਾਕਤਾਂ ਨੂੰ ਇਕੱਠਾ ਕਰਕੇ ਮਜ਼ਬੂਤ ਸਿੱਖ ਰਾਜ ਕਾਇਮ ਕੀਤਾ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਸਾਡੇ ਲਈ ਪ੍ਰੇਰਣਾ ਹੈ ਕਿ ਤਾਕਤ ਵੱਡੇ ਜਾਣ ਵਿਚ ਨਹੀਂ, ਸਗੋਂ ਇਕੱਠੇ ਹੋਣ ਵਿਚ ਹੈ। ਅੱਜ ਜਦੋਂ ਸਿੱਖ ਕੌਮ ’ਤੇ ਸਿਧਾਂਤਕ ਤੌਰ ’ਤੇ ਪੰਥ ਵਿਰੋਧੀ ਸ਼ਕਤੀਆਂ ਹਮਲੇ ਕਰ ਰਹੀਆਂ ਹਨ, ਤਾਂ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਨਿੱਜੀ ਮਤਭੇਦ ਭੁਲਾ ਕੇ ਪੰਥਕ ਹਿੱਤਾਂ ਲਈ ਇਕੱਠੇ ਹੋਈਏ। ਉਨ੍ਹਾਂ ਅੱਜ ਸਿੱਖ ਸਮਾਜ ਵਿਚ ਵੱਧ ਰਹੇ ਤਲਾਕ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਆਪਣੇ ਵਡੇਰਿਆਂ ਦੇ ਇਤਿਹਾਸ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਬਾ ਆਲਾ ਸਿੰਘ ਅਤੇ ਬੀਬੀ ਫਤਹਿ ਕੌਰ ਦਾ ਜੀਵਨ ਸਾਥ ਪਤੀ ਪਤਨੀ ਦੇ ਉਸ ਰਿਸ਼ਤੇ ਦੀ ਤਸਵੀਰ ਹੈ, ਜਿਸ ਵਿਚ ਦੁਖ-ਸੁਖ, ਔਖੇ-ਸੌਖੇ ਸਮੇਂ ਜੀਵਨ ਦੀਆਂ ਜ਼ੁੰਮੇਵਾਰੀਆਂ ਇਕੱਠੀਆਂ ਨਿਭਾਈਆਂ ਜਾਂਦੀਆਂ ਹਨ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੰਥ ਵਿਰੋਧੀ ਤਾਕਤਾਂ ਸਿੱਖ ਸਿਧਾਂਤਾਂ ਨੂੰ ਕਜ਼ਮੋਰ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਇਹ ਸਮਝਣ ਦੀ ਬੇਹੱਦ ਲੋੜ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਰਬਉੱਚ ਸੰਸਥਾ ਹੈ ਅਤੇ ਇਸ ਦੇ ਸਿਧਾਂਤਾਂ ਦੀ ਮਜ਼ਬੂਤੀ ਅਤੇ ਪ੍ਰਚਾਰ ਪ੍ਰਸਾਰ ਦੀ ਸਾਡੀ ਸਾਂਝੀ ਜ਼ੁੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀ ਨੌਜੁਆਨੀ ਨੂੰ ਸਿੱਖੀ ਤੋਂ ਦੂਰ ਕਰਨ ਦੇ ਵੀ ਯਤਨ ਹੋ ਰਹੇ ਹਨ। ਗੁਰੂਆਂ ਦੇ ਨਾਂ ’ਤੇ ਵੱਸਦੇ ਪੰਜਾਬ ਦੇ ਨੌਜੁਆਨਾਂ ਦਾ ਨਸ਼ਿਆਂ ਦੇ ਵਹਿਣ ਵਿਚ ਤੁਰਨਾ ਵੱਡੀ ਚਿੰਤਾ ਵਾਲੀ ਗੱਲ ਹੈ।
ਜ਼ਿਕਰਯੋਗ ਹੈ ਕਿ ਮੀਰੀ ਪੀਰੀ ਖਾਲਸਾ ਮਾਰਚ ਪ੍ਰਤੀ ਸੰਗਤ ਅੰਦਰ ਵੱਡਾ ਉਤਸ਼ਾਹ ਹੈ। ਮਾਰਚ ਦੌਰਾਨ ਵੱਖ-ਵੱਖ ਪੜਾਵਾਂ ’ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੌਜੁਆਨਾਂ ਨੂੰ ਸਾਬਤ ਸੂਰਤ ਹੋਣ ਅਤੇ ਨਸ਼ੇ ਛੱਡਣ ਲਈ ਪ੍ਰੇਰਿਤ ਕਰ ਰਹੇ ਹਨ। ਖ਼ੁਸ਼ੀ ਵਾਲੀ ਗੱਲ ਹੈ ਕਿ ਬਹੁਤ ਸਾਰੇ ਨੌਜੁਆਨ ਜਿਥੇ ਸਾਬਤ ਸੂਰਤ ਹੋਣ ਦਾ ਪ੍ਰਣ ਕਰ ਰਹੇ ਹਨ, ਉਥੇ ਹੀ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਤਿਆਰ ਹੋ ਰਹੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਬਲਬੀਰ ਸਿੰਘ ਘੁੰਨਸ, ਗੁਰਲਾਲ ਸਿੰਘ, ਮਲਕੀਤ ਸਿੰਘ ਚੰਗਾਲ, ਬੀਬੀ ਜਸਪਾਲ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਸਾਬਕਾ ਮੈਂਬਰ ਜਥੇਦਾਰ ਉਦੇ ਸਿੰਘ, ਵਧੀਕ ਸਕੱਤਰ ਭਗਵੰਤ ਸਿੰਘ ਧੰਗੇੜਾ, ਕਲਗੀਧਰ ਟਰੱਸਟ ਬੜੂ ਸਾਹਿਬ ਤੋਂ ਬਾਬਾ ਜਗਜੀਤ ਸਿੰਘ, ਗਿਆਨੀ ਗਗਨਦੀਪ ਸਿੰਘ ਨਿਰਮਲੇ, ਬੀਬੀ ਰਸ਼ਪਾਲ ਕੌਰ ਪ੍ਰਧਾਨ ਨਗਰ ਕੌਂਸਲ, ਜਥੇਦਾਰ ਮਹਿੰਦਰ ਸਿੰਘ ਡੁਲਟ, ਜਸਵੀਰ ਸਿੰਘ ਲੌਂਗੋਵਾਲ, ਭਾਈ ਮਨਦੀਪ ਸਿੰਘ ਮੁਰੀਦ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਤੇਜਿੰਦਰ ਸਿੰਘ ਸੰਗਰੇੜੀ, ਗੁਰਮੀਤ ਸਿੰਘ, ਜਗਮੇਰ ਸਿੰਘ ਛਾਜਲਾ, ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ, ਜੀਤ ਸਿੰਘ ਸਿੰਧੂ, ਇੰਚਾਰਜ ਭੋਲਾ ਸਿੰਘ, ਮੈਨੇਜਰ ਸੁਰਜੀਤ ਸਿੰਘ ਠਿਕਰੀਵਾਲ, ਅਮਰੀਕ ਸਿੰਘ ਬਰਨਾਲਾ ਸਮੇਤ, ਬੀਬੀ ਪਰਵਿੰਦਰ ਕੌਰ ਬਰਾੜ, ਬੀਬੀ ਸੰਦੀਪ ਕੌਰ, ਹਰਮੇਸ਼ ਸਿੰਘ. ਗੁਰਜੰਟ ਸਿੰਘ, ਬੀਬੀ ਸਤਵੰਤ ਕੌਰ, ਗੁਰਮੇਜ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।
ਪੰਜਾਬ ਵਿਚ ਇਕ ਸਾਲ ਲਈ ਲੱਗੀ ਸਖ਼ਤ ਪਾਬੰਦੀ, ਨਹੀਂ ਵਿਕੇਗਾ ਐਨਾਲਾਗ ਪਨੀਰ
NEXT STORY