ਚੰਡੀਗੜ੍ਹ (ਸੁਸ਼ੀਲ) : ਸਕੂਟਰ ਠੀਕ ਕਰਵਾਉਣ ਆਏ ਝਾਮਪੁਰ ਦੇ ਨੌਜਵਾਨ ਨੂੰ ਮਲੋਆ ’ਚ ਚਾਕੂਆਂ ਨਾਲ ਵਾਰ ਕਰਕੇ ਹਮਲਾਵਰ ਫ਼ਰਾਰ ਹੋ ਗਏ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ। ਪੁਲਸ ਜ਼ਖਮੀ ਨੂੰ ਸੈਕਟਰ-16 ਜਨਰਲ ਹਸਪਤਾਲ ਲੈ ਗਈ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਝਾਮਪੁਰ ਵਾਸੀ ਦੇਵਾ ਵੱਜੋਂ ਹੋਈ। ਮਲੋਆ ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ। ਜਾਂਚ ਤੋਂ ਪਤਾ ਲੱਗਾ ਕਿ ਦੇਵਾ ਦੇ ਕਤਲ ਪਿੱਛੇ ਰੰਜਿਸ਼ ਸੀ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਮੋਹਾਲੀ ਦੇ ਝਾਮਪੁਰ ਦਾ ਵਾਸੀ ਦੇਵਾ ਸੋਮਵਾਰ ਸ਼ਾਮ ਨੂੰ ਸਕੂਟਰ ਠੀਕ ਕਰਵਾਉਣ ਲਈ ਬਾਰਡਰ ’ਤੇ ਲੱਗਦੇ ਮਲੋਆ ਆਇਆ ਸੀ। ਦੇਵਾ ਦੁਕਾਨ ਕੋਲ ਖੜ੍ਹਾ ਸੀ ਕਿ ਇੰਨੀ ਦੇਰ ’ਚ ਨੌਜਵਾਨ ਆਏ ਅਤੇ ਦੇਵਾ ਨੂੰ ਫੜ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਵਿਰੋਧ ਕੀਤਾ ਤਾਂ ਇਕ ਨੇ ਚਾਕੂ ਕੱਢ ਕੇ ਦੇਵਾ ਨੂੰ ਮਾਰ ਦਿੱਤਾ। ਹਮਲਾਵਰ ਨੌਜਵਾਨਾਂ ਨੇ ਉਸ ’ਤੇ ਕਈ ਵਾਰ ਕੀਤੇ ਅਤੇ ਲਹੁ-ਲੂਹਾਨ ਕਰਕੇ ਫ਼ਰਾਰ ਹੋ ਗਏ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੂੰ ਹਸਪਤਾਲ ਦਾਖਲ ਕਰਵਾਇਆ।
ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਮਲੋਆ ਥਾਣਾ ਇੰਚਾਰਜ ਜਸਬੀਰ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ। ਫੋਰੈਂਸਿਕ ਟੀਮ ਨੇ ਮੌਕੇ ’ਤੇ ਡਿੱਗੇ ਖੂਨ ਦੇ ਨਮੂਨੇ ਲਏ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਕਤਲ ਕਰਨ ਵਾਲੇ ਨੌਜਵਾਨ ਅਤੇ ਦੇਵਾ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕੁੱਟਮਾਰ ਹੋਈ ਸੀ। ਕੁੱਟਮਾਰ ਦਾ ਬਦਲਾ ਲੈਣ ਲਈ ਕਤਲ ਕੀਤਾ ਗਿਆ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
New Wear Well ਦੇ ਮਾਲਕ ਸੰਜੇ ਵਰਮਾ ਦਾ ਸਸਕਾਰ, ਪੁੱਜੇ ਵੱਡੇ ਸਿਆਸੀ ਆਗੂ (ਵੀਡੀਓ)
NEXT STORY