ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਅਧੀਨ ਪੈਂਦੀ ਜੋਧਵਾਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਵਿਚ ਲੱਖਾਂ ਰੁਪਏ ਦੇ ਗਬਨ ਦੇ ਕਥਿਤ ਦੋਸ਼ ਹੇਠ ਸਾਬਕਾ ਸਕੱਤਰ ਬਲਵੀਰ ਸਿੰਘ ਖ਼ਿਲਾਫ਼ ਪੁਲਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪਿੰਡ ਜੋਧਵਾਲ ਦੇ ਹੀ ਵਾਸੀ ਐਡਵੋਕੇਟ ਲਖਵਿੰਦਰ ਸਿੰਘ ਨੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ 2-8-2017 ਨੂੰ ਇੱਕ ਸ਼ਿਕਾਇਤ ਕੀਤੀ ਸੀ ਕਿ ਇਸ ਖੇਤੀਬਾੜੀ ਸਭਾ ’ਚ ਸਾਬਕਾ ਸਕੱਤਰ ਵਲੋਂ ਖਾਦ ਦੇ ਸਟਾਕ ਵਿਚ ਲੱਖਾਂ ਰੁਪਏ ਦਾ ਘਪਲੇਬਾਜ਼ੀ ਕੀਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾਵੇ। ਇਸ ਸ਼ਿਕਾਇਤ ਦੀ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ, ਜਿਸ ਵਿਚ ਸਾਬਕਾ ਸਕੱਤਰ ਬਲਵੀਰ ਸਿੰਘ ਅਤੇ ਸ਼ਿਕਾਇਤਕਰਤਾ ਨੇ ਆਪਣੇ ਬਿਆਨ ਦਰਜ ਕਰਵਾਏ।
ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ’ਚ ਆਪਣੇ ਵਿਭਾਗ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ, ਜਿਸ ਵਿਚ ਇਹ ਸਾਹਮਣੇ ਆਇਆ ਕਿ ਖਾਦ ਦੇ ਸਟਾਕ ਵਿਚ ਘਪਲੇਬਾਜ਼ੀ ਹੋਈ ਹੈ ਪਰ ਦੂਸਰੇ ਪਾਸੇ ਸਾਬਕਾ ਸਕੱਤਰ ਵੱਲੋਂ ਇਹ ਤੱਥ ਪੇਸ਼ ਕੀਤੇ ਗਏ ਕਿ ਉਸ ਨੇ ਕੋਈ ਘਪਲੇਬਾਜ਼ੀ ਨਹੀਂ ਕੀਤੀ ਅਤੇ ਦੋਵਾਂ ਧਿਰਾਂ ’ਚ ਲੰਬੀ ਲੜਾਈ ਚੱਲਣ ਤੋਂ ਬਾਅਦ ਅਖ਼ੀਰ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪੁਲਸ ਨੂੰ ਇਹ ਨਿਰਦੇਸ਼ ਦਿੱਤੇ ਕਿ ਸਾਬਕਾ ਸਕੱਤਰ ਖ਼ਿਲਾਫ਼ ਘਪਲੇਬਾਜ਼ੀ ਦੇ ਕਥਿਤ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਜਾਵੇ। ਸਹਿਕਾਰਤਾ ਵਿਭਾਗ ਵੱਲੋਂ ਬੇਸ਼ੱਕ ਪੁਲਸ ਨੂੰ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਪਰ ਫਿਰ ਵੀ ਸਾਬਕਾ ਸਕੱਤਰ ਬਲਵੀਰ ਸਿੰਘ ਨੇ ਪੁਲਸ ਕੋਲ ਵੀ ਤੱਥ ਪੇਸ਼ ਕਰਦਾ ਰਿਹਾ ਕਿ ਉਸ ਨੇ ਕੋਈ ਘਪਲੇਬਾਜ਼ੀ ਨਹੀਂ ਕੀਤੀ ਪਰ ਅਖ਼ੀਰ ਅੱਜ ਪੁਲਸ ਨੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਛੀਵਾੜਾ ਪੁਲਸ ਵੱਲੋਂ ਇਸ ਸਬੰਧੀ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਜੋਧਵਾਲ ਦੇ ਰਾਣਿਆਂ ਵਿਚਕਾਰ ਕਾਨੂੰਨੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ
ਮਾਛੀਵਾੜਾ ਬਲਾਕ ਅਧੀਨ ਪੈਂਦਾ ਪਿੰਡ ਜੋਧਵਾਲ ਜਿਸ ਵਿਚ ਬਹੁ ਗਿਣਤੀ ਰਾਣਾ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਇਨ੍ਹਾਂ ਵਿਚਕਾਰ ਹੀ ਇਹ ਕਾਨੂੰਨੀ ਜੰਗ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ, ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ। ਜੋਧਵਾਲ ਦੇ ਰਾਣਿਆਂ ਵਿਚਕਾਰ ਇਹ ਛਿੜੀ ਜੰਗ ਨੂੰ ਖ਼ਤਮ ਕਰਨ ਲਈ ਸਿਆਸੀ ਆਗੂਆਂ ਤੇ ਪਤਵੰਤੇ ਸੱਜਣਾਂ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਨ੍ਹਾਂ ਦੋਵਾਂ ਧਿਰਾਂ ਨੇ ਸਰਕਾਰੀ ਅਦਾਲਤਾਂ ਤੇ ਅਦਾਰਿਆਂ ਵਿਚ ਜਾ ਕੇ ਪੈਸੇ ਦੀ ਬਰਬਾਦੀ ਤਾਂ ਕਰ ਲਈ ਪਰ ਸਮਝੌਤਾ ਕਦੇ ਨਾ ਸਿਰੇ ਚੜ੍ਹਿਆ। ਜੋਧਵਾਲ ਦੇ ਦੋਵੇਂ ਰਾਣਾ ਪਰਿਵਾਰ ਇੱਕ-ਦੂਜੇ ਖ਼ਿਲਾਫ਼ ਸ਼ਿਕਾਇਤਾਂ ਤੇ ਕਾਨੂੰਨੀ ਜੰਗ ਲੜਦਿਆਂ ਥਾਣਿਆਂ ਵਿਚ ਪਰਚੇ ਵੀ ਦਰਜ ਕਰਵਾਉਂਦੇ ਆ ਰਹੇ ਹਨ ਅਤੇ ਹੁਣ ਸਾਬਕਾ ਸਕੱਤਰ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਹੋਣ ਤੋਂ ਬਾਅਦ ਇਨ੍ਹਾਂ ਵਿਚਕਾਰ ਹੁਣ ਜੰਗ ਸਿਖ਼ਰਾਂ ’ਤੇ ਪਹੁੰਚ ਗਈ ਹੈ, ਜੋ ਕਿ ਹੁਣ ਅਗਲੀ ਪੁਸ਼ਤ ਤੱਕ ਚੱਲੇਗੀ।
ਸੁੰਦਰੀਕਰਨ ਤੋਂ ਬਾਅਦ ਜਲ੍ਹਿਆਂਵਾਲਾ ਬਾਗ ’ਚ ਦਾਖਲ ਟਿਕਟ ਲੱਗਣ ਦਾ ਖਦਸ਼ਾ
NEXT STORY