ਚੰਡੀਗੜ੍ਹ: ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਵੇਲੇ "ਪਲੀਟੀਕਲ ਵੈਂਟੀਲੇਟਰ" (ਸਿਆਸੀ ਵੈਂਟੀਲੇਟਰ) 'ਤੇ ਹਨ ਅਤੇ ਹਸਪਤਾਲ ਵਿਚ ਦਾਖਲ ਹੋਣ ਕਾਰਨ ਸੂਬੇ ਦੇ ਹਾਲਾਤਾਂ ਬਾਰੇ ਕੋਈ ਜਵਾਬ ਨਹੀਂ ਦੇ ਸਕਦੇ।
ਰੰਧਾਵਾ ਨੇ ਸੂਬੇ ਵਿਚ ਵਿਗੜ ਰਹੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਲਗਾਤਾਰ ਕਤਲ ਹੋ ਰਹੇ ਹਨ। ਉਨ੍ਹਾਂ ਸਰਪੰਚ ਕਤਲਕਾਂਡ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਇਨ੍ਹਾਂ ਹਾਲਾਤਾਂ 'ਤੇ ਕਾਬੂ ਪਾਉਣ ਵਿਚ ਨਾਕਾਮ ਰਹੀ ਹੈ। ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਨਾਕਾਫੀ ਦੱਸਦਿਆਂ ਰੰਧਾਵਾ ਨੇ ਕਿਹਾ ਕਿ ਜੋ ਦੋ ਡੀ.ਐੱਸ.ਪੀ. ਅਤੇ ਐੱਸ.ਐੱਚ.ਓ ਸਸਪੈਂਡ ਕੀਤੇ ਗਏ ਹਨ, ਉਹ ਸਿਰਫ ਦਿਖਾਵਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਇਸ ਅਹੁਦੇ 'ਤੇ ਹੁੰਦੇ ਤਾਂ ਡੀ.ਐੱਸ.ਪੀ. ਜਾਂ ਐੱਸ.ਐੱਚ.ਓ. ਦੀ ਬਜਾਏ ਡੀ.ਜੀ.ਪੀ. ਨੂੰ ਸਸਪੈਂਡ ਕਰਦੇ, ਕਿਉਂਕਿ ਉਹ ਆਰਡਰ ਲਾਗੂ ਕਰਵਾਉਣ ਵਿਚ ਅਸਫਲ ਰਿਹਾ ਹੈ। ਉਨ੍ਹਾਂ ਮੌਜੂਦਾ ਡੀ.ਜੀ.ਪੀ. ਨੂੰ "ਐਡਹੋਕ ਡੀ.ਜੀ.ਪੀ." ਕਿਹਾ ਜੋ ਸਿਰਫ ਆਪਣੀ ਜਾਨ ਬਚਾਉਣ ਲਈ ਮੁੱਖ ਮੰਤਰੀ ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਹੈ।
ਸੁਰੱਖਿਆ ਦੀ ਸਥਿਤੀ ਬਾਰੇ ਗੱਲ ਕਰਦਿਆਂ ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹਸਪਤਾਲ, ਸਕੱਤਰੇਤ ਅਤੇ ਇੱਥੋਂ ਤੱਕ ਕਿ 17 ਸਕੂਲਾਂ ਵਿਚ ਬੰਬ ਰੱਖਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਹਾਲਾਤਾਂ ਵਿਚ ਮੁੱਖ ਮੰਤਰੀ ਨੂੰ ਆਪਣੇ ਅਹੁਦੇ 'ਤੇ ਰਹਿਣ ਦਾ ਕੀ ਹੱਕ ਹੈ? ਰੰਧਾਵਾ ਨੇ ਭਗਵੰਤ ਮਾਨ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ "ਬੁਜ਼ਦਿਲ" ਅਤੇ "ਨੋਨ-ਸੀਰੀਅਸ" ਇਨਸਾਨ ਕਰਾਰ ਦਿੱਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਅਤੇ ਪੰਜਾਬ ਦੇ ਹਿੱਤ ਵਿਚ ਉਨ੍ਹਾਂ ਨੂੰ ਜਲਦੀ ਅਹੁਦੇ ਤੋਂ ਹਟਾਉਣਾ ਜ਼ਰੂਰੀ ਹੈ।
ਜਲੰਧਰ ਵਿਖੇ ਸੈਲੂਨ 'ਚ ਹੰਗਾਮਾ, ਨੌਜਵਾਨਾਂ ਵੱਲੋਂ ਕੀਤੀ ਗਈ ਭੰਨਤੋੜ
NEXT STORY