ਲੁਧਿਆਣਾ, (ਪਾਲੀ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅਰਥ ਸ਼ਾਸਤਰੀ ਅਤੇ ਪੀ. ਏ. ਯੂ. ਦੇ ਸਾਬਕਾ ਵੀ. ਸੀ. ਸਰਦਾਰਾ ਸਿੰਘ ਜੌਹਲ ਵਲੋਂ ਦਿੱਤੇ ਬਿਆਨ ’ਤੇ ਅਫਸੋਸ ਪ੍ਰਗਟਾਇਆ। ਉਨ੍ਹਾਂ ਅੱਜ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੌਹਲ ਸਾਹਿਬ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਹੀ ਕੋਰਾ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨੇ ਸਰਦਾਰਾ ਸਿੰਘ ਜੌਹਲ ਨੂੰ ਕਿਸੇ ਵੀ ਜਗ੍ਹਾ ਮੀਡੀਆ ਦੇ ਸਾਹਮਣੇ ਡਿਬੇਟ ਕਰਨ ਦੀ ਚੁਣੌਤੀ ਵੀ ਦਿੱਤੀ ।
ਉਨ੍ਹਾਂ ਦੱਸਿਆ ਕਿ ਕੇਂਦਰੀ ਸਰਕਾਰ ਜਿਹੜਾ ਖੇਤੀ ਸੁਧਾਰਾਂ ਦੇ ਨਾਂ ’ਤੇ ਕਾਨੂੰਨ ਲੈ ਕੇ ਆਈ ਹੈ, ਬਿਲਕੁਲ ਗਲਤ ਹੈ। ਮੰਡੀ ਸਿਰਫ ਇੱਟਾਂ ਦੀਆਂ ਕੰਧਾਂ ਨੂੰ ਨਹੀਂ ਕਿਹਾ ਜਾਂਦਾ, ਜਦ ਕਿ ਹਰ ਮੰਡੀ ਦੇ ਨਾਲ 50 ਜਾਂ ਇਸ ਤੋਂ ਵੱਧ ਪਿੰਡ ਜੁੜੇ ਹੁੰਦੇ ਹਨ ਅਤੇ ਮੰਡੀਆਂ ਵਿਚ ਆੜ੍ਹਤੀਏ, ਆੜ੍ਹਤੀਆਂ ਦਾ ਸਟਾਫ, ਪੱਲੇਦਾਰ, ਤੋਲੇਦਾਰ, ਕਿਸਾਨ, ਖੇਤ ਮਜ਼ਦੂਰ ਅਨੇਕਾਂ ਲੋਕ ਜੁੜੇ ਹੁੰਦੇ ਹਨ, ਜਿਨ੍ਹਾਂ ਦਾ ਕਾਰੋਬਾਰ ਬੰਦ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਨੂੰ ਕੋਈ ਟੈਕਸ ਨਹੀਂ ਆਏਗਾ ਜਦ ਕਿ ਐੱਮ.ਐੱਸ. ਪੀ. ਖਤਮ ਕਰਨ ਸਬੰਧੀ ਅਕਾਲੀ ਦਲ ਨੇ ਵੀ ਰੌਲਾ ਪਾਇਆ ਸੀ ਪਰ ਠੀਕ ਉਸ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਫ ਕਰ ਦਿੱਤਾ ਸੀ ਕਿ ਨਾ ਹੀ ਐੱਮ. ਐੱਸ. ਪੀ. ਹੋਵੇਗੀ ਅਤੇ ਨਾ ਹੀ ਸਰਕਾਰੀ ਖਰੀਦ ਹੋਵੇਗੀ । ਫਿਰ ਜੌਹਲ ਸਾਹਿਬ ਲੋਕਾਂ ਨੂੰ ਗੁੰਮਰਾਹ ਕਿਓਂ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੋਲ ਪੂਰੇ ਤੱਥ ਹਨ ਅਤੇ ਉਹ ਤੱਥਾਂ ਦੇ ਆਧਾਰ ’ਤੇ ਹੀ ਗੱਲ ਕਰਨ ਨੂੰ ਵੀ ਤਿਆਰ ਹਨ । ਇਸ ਮੌਕੇ ਜਸਵਿੰਦਰ ਸਿੰਘ ਖਾਲਸਾ, ਅਰਜੁਨ ਸਿੰਘ ਚੀਮਾ ਤੇ ਹੋਰ ਵੀ ਸ਼ਾਮਲ ਸਨ ।
ਮਲੇਸ਼ੀਆ ਦੇ ਕੈਂਪਾਂ ’ਚ ਫਸੇ 350 ਪੰਜਾਬੀਆਂ ਨੂੰ ਵਾਪਸ ਲਿਆਵੇ ਸਰਕਾਰ : ਹਰਸਿਮਰਤ
NEXT STORY