ਜਲੰਧਰ (ਖੁਰਾਣਾ)-18ਵੀਂ ਸ਼ਤਾਬਦੀ ’ਚ ਬੰਗਾਲ ਤੋਂ ਪੰਜਾਬ ਆ ਕੇ ਜਲੰਧਰ ’ਚ ਮਿਸ਼ਨਰੀ ਚਰਚ ਸਥਾਪਤ ਕਰਨ ਵਾਲੇ ਪਹਿਲੇ ਬੰਗਾਲੀ ਕ੍ਰਿਸ਼ਚੀਅਨ ਗੋਲਕਨਾਥ ਚੈਟਰਜੀ ਦੀ ਪੁੱਤਰੀ ਪਰਿਸੀਲਾ, ਜਿਸ ਦਾ ਵਿਆਹ ਤਤਕਾਲੀਨ ਕਪੂਰਥਲਾ ਰਿਆਸਤ ਦੇ ਮਹਾਰਾਜ ਕੁੰਵਰ ਹਰਨਾਮ ਸਿੰਘ ਨਾਲ ਹੋਇਆ ਸੀ, ਦੀ ਜਲੰਧਰ ਸਥਿਤ ਸਮਾਧੀ ਨੂੰ ਪਿਛਲੇ ਦਿਨੀਂ ਚੁੱਪ-ਚੁਪੀਤੇ ਤੋੜ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਕਪੂਰਥਲਾ ਰਿਆਸਤ ਦੇ ਮੌਜੂਦਾ ਪਰਿਵਾਰਕ ਮੈਂਬਰਾਂ ਅਤੇ ਗੋਲਕਨਾਥ ਚੈਟਰਜੀ ਨਾਲ ਸਬੰਧਤ ਜਲੰਧਰ ਮਿਸ਼ਨ ਕੰਪਾਊਂਡ ਦੇ ਪੁਰਾਣੇ ਪਰਿਵਾਰਾਂ ਅਤੇ ਵੰਸ਼ਜਾਂ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਸੂਬੇ ਦਾ ਪੁਰਾਤੱਤਵ ਮਹਿਕਮਾ ਵੀ ਅਜੇ ਤਕ ਇਸ ਘਟਨਾ ਤੋਂ ਅਣਜਾਣ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਰਾਣੀ ਪਰਿਸੀਲਾ ਦੀ ਇਹ ਸਮਾਧੀ ਸਥਾਨਕ ਫੁੱਟਬਾਲ ਚੌਂਕ ਨੇੜੇ ਮਿਸ਼ਨ ਕੰਪਾਊਂਡ ਕੰਪਲੈਕਸ ਦੀ ਹੀ ਜ਼ਮੀਨ ’ਚ ਸਥਿਤ ਸੀ ਪਰ ਹੁਣ ਇਸ ਸਥਾਨ ਦੇ ਇਕ ਹਿੱਸੇ ਨੂੰ ਇਕ ਹਸਪਤਾਲ ਦੀ ਪਾਰਕਿੰਗ ’ਚ ਬਦਲ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਹਸਪਤਾਲ ਦੇ ਸੰਚਾਲਕਾਂ ਨੇ ਗੋਲਕਨਾਥ ਚੈਟਰਜੀ ਪਰਿਵਾਰ ਦੇ ਕੁਝ ਵੰਸ਼ਜਾਂ ਕੋਲੋਂ ਇਹ ਜ਼ਮੀਨ ਖਰੀਦਣ ਤੋਂ ਬਾਅਦ ਸਮਾਧੀ ਨੂੰ ਡੇਗ ਕੇ ਉਥੇ ਪਾਰਕਿੰਗ ਪਲੇਸ ਆਦਿ ਦਾ ਨਿਰਮਾਣ ਵੀ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ: ਲਾੜਾ ਚਾਵਾਂ ਨਾਲ ਵਿਆਹੁਣ ਆਇਆ ਸੀ ਲਾੜੀ, ਪਰ ਪੁਲਸ ਫੜ ਕੇ ਲੈ ਗਈ ਥਾਣੇ (ਤਸਵੀਰਾਂ)
ਜ਼ਿਕਰਯੋਗ ਹੈ ਕਿ ਕਪੂਰਥਲਾ ਦੇ ਮਹਾਰਾਜਾ ਹਰਨਾਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਿਸੀਲਾ ਦੇ 10 ਬੱਚੇ ਸਨ, ਜਿਨ੍ਹਾਂ ਦੇ ਕਈ ਵੰਸ਼ਜ ਅੱਜਕਲ ਮੁੰਬਈ ਅਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ’ਚ ਰਹਿ ਰਹੇ ਹਨ। ਰਾਣੀ ਦੀ ਮੌਤ 1924 ’ਚ ਹੋ ਗਈ ਸੀ, ਜਿਸ ਤੋਂ ਬਾਅਦ ਇਸ ਸਮਾਧੀ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਇਥੇ ਰੈਗੂਲਰ ਤੌਰ ’ਤੇ ਗੋਲਕਨਾਥ ਪਰਿਵਾਰ ਅਤੇ ਮਹਾਰਾਜਾ ਹਰਨਾਮ ਸਿੰਘ ਪਰਿਵਾਰ ਦੇ ਕਈ ਵੰਸ਼ਜ ਆਇਆ ਕਰਦੇ ਸਨ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਹੋਟਲ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਪਹੁੰਚੀ ਪੁਲਸ ਤੇ ਪਿਆ ਭੜਥੂ
ਰਾਜਕੁਮਾਰੀ ਅੰਮ੍ਰਿਤ ਕੌਰ ਕਈ ਵਾਰ ਇਸ ਸਮਾਧੀ ’ਤੇ ਆਈ
ਮਹਾਰਾਜਾ ਹਰਨਾਮ ਸਿੰਘ ਅਤੇ ਰਾਣੀ ਪਰਿਸੀਲਾ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ 10 ਬੱਚਿਆਂ ’ਚੋਂ ਸਭ ਤੋਂ ਛੋਟੀ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਭਾਰਤੀ ਸਿਆਸਤ ’ਚ ਵਿਸ਼ੇਸ਼ ਨਾਂ ਹੈ ਅਤੇ ਉਹ ਅਕਸਰ ਜਲੰਧਰ ਆ ਕੇ ਆਪਣੀ ਮਾਂ ਦੀ ਸਮਾਧੀ ’ਤੇ ਫੁੱਲ ਅਰਪਿਤ ਕਰਦੀ ਹੁੰਦੀ ਸੀ। ਜ਼ਿਕਰਯੋਗ ਹੈ ਕਿ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਭਾਰਤੀ ਆਜ਼ਾਦੀ ਸੰਗਰਾਮ ’ਚ ਜਿੱਥੇ ਅਹਿਮ ਯੋਗਦਾਨ ਪਾਇਆ, ਉਥੇ ਹੀ ਉਹ ਮਹਾਤਮਾ ਗਾਂਧੀ ਦੀ ਅਤਿ ਨੇੜਲੀ ਸਹਿਯੋਗੀ ਵੀ ਰਹੀ। ਆਜ਼ਾਦ ਭਾਰਤ ’ਚ ਉਨ੍ਹਾਂ ਨੂੰ ਪਹਿਲਾ ਕੇਂਦਰੀ ਸਿਹਤ ਮੰਤਰੀ ਬਣਾਇਆ ਗਿਆ। ਇਸ ਦੌਰਾਨ ਉਨ੍ਹਾਂ ਦੇਸ਼ ਦੇ ਸਿਹਤ ਖੇਤਰ ’ਚ ਕਈ ਸੁਧਾਰ ਕੀਤੇ ਅਤੇ ਏਮਜ਼ ਦੀ ਸਥਾਪਨਾ ’ਚ ਮੁੱਖ ਯੋਗਦਾਨ ਪਾਇਆ। ਉਹ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਦੀ ਕਮੇਟੀ ’ਚ ਵੀ ਸ਼ਾਮਲ ਰਹੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਾਊਦੀ ਅਰਬ ਗਏ ਵਿਅਕਤੀ ਨਾਲ ਵਾਪਰਿਆ ਭਾਣਾ, ਪਰਿਵਾਰ ਨੂੰ ਮਿਲਣਾ ਵੀ ਨਾ ਹੋਇਆ ਨਸੀਬ
NEXT STORY