ਕਪੂਰਥਲਾ (ਗੁਰਵਿੰਦਰ ਕੌਰ)-ਦੰਦਾਂ ਤੇ ਮੂੰਹ ਦੀ ਸਮੱਸਿਆ ਪ੍ਰਤੀ ਵਰਤੀ ਗਈ ਲਾਪਰਵਾਹੀ ਗੰਭੀਰ ਰੋਗ ਧਾਰਨ ਕਰ ਸਕਦੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਵਿਸ਼ਵ ਓਰਲ ਹੈਲਥ ਵੀਕ ਤਹਿਤ ਕਰਵਾਏ ਗਏ ਇਕ ਸਮਾਗਮ ਦੇ ਆਯੋਜਨ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਤੰਬਾਕੂ, ਸਿਗਰੇਟ ਦਾ ਸੇਵਨ ਮੂੰਹ ਦੇ ਕੈਂਸਰ ਦਾ ਕਾਰਨ ਬਣਦਾ ਹੈ ਤੇ ਇਨ੍ਹਾਂ ਤੋਂ ਗੁਰੇਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਸਿਹਤ ਸੰਭਾਲ ਵੀ ਓਨੀ ਹੀ ਜ਼ਰੂਰੀ ਹੈ, ਜਿੰਨੀ ਕਿ ਸਰੀਰ ਦੇ ਬਾਕੀ ਅੰਗਾਂ ਦੀ। ਇਸ ਮੌਕੇ ਆਸ਼ਾ ਵਰਕਰਾਂ ਵੱਲੋਂ ਓਰਲ ਹੈਲਥ ’ਤੇ ਸਪੀਚ ਵੀ ਦਿੱਤੀ ਗਈ ਤੇ ਪ੍ਰਸ਼ਨੋਤਰੀ ਮੁਕਾਬਲਿਆਂ ਦੌਰਾਨ ਡੈਂਟਲ ਹੈਲਥ ਤੇ ਪੁੱਛੇ ਗਏ ਸੁਆਲਾਂ ਦੇ ਉੱਤਰ ਵੀ ਦਿੱਤੇ ਗਏ।ਡਾ. ਸੁਰਿੰਦਰ ਮੱਲ ਨੇ ਕਿਹਾ ਕਿ ਸੇ ਆਹ ਐਕਟ ਆਨ ਮਾਊਥ ਹੈਲਥ ਥੀਮ ਤਹਿਤ ਮਨਾਏ ਜਾਣ ਵਾਲੇ ਇਸ ਵੀਕ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਦੰਦਾਂ ਅਤੇ ਮੂੰਹ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਦੰਦਾਂ ਅਤੇ ਮੂੰਹ ਦੀਆਂ ਬੀਮਾਰੀਆਂ ਦੇ ਕਾਰਨ, ਲੱਛਣਾਂ ਤੇ ਬਚਾਅ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਡਾ. ਮੱਲ ਨੇ ਕਿਹਾ ਕਿ ਅਕਸਰ ਦੰਦਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਵਿਚ ਕਈ ਗਲਤ ਧਾਰਨਾਵਾਂ ਪ੍ਰਚਲਤ ਹੁੰਦੀਆਂ ਹਨ, ਉਨ੍ਹਾਂ ਧਾਰਨਾਵਾਂ ਨੂੰ ਦੂਰ ਕਰਨਾ ਸਮੇਂ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਇਹ ਸੁਨੇਹਾ ਜਨ-ਜਨ ਤਕ ਪਹੁੰਚਾਉਣ ਦੀ ਲੋਡ਼ ਹੈ ਕਿ ਦੰਦਾਂ ਅਤੇ ਮੂੰਹ ਨਾਲ ਜੁਡ਼ੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਡੈਂਟਿਸਟ ਦੀ ਜ਼ਰੂਰਤ ਹੈ ਨਾ ਕਿ ਘਰੇਲੂ ਓਹਡ਼ ਪੋਹਡ਼ ਵਰਤਣ ਦੀ। ਉਨ੍ਹਾਂ ਦੱਸਿਆ ਤੇ ਕਿਹਾ ਕਿ ਸਿਹਤਮੰਦ ਦੰਦ ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦੇ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੰਦਾਂ ਦੀ ਸਿਹਤ ਨੂੰ ਲੈ ਕੇ ਜੇਕਰ ਕੋਈ ਵੀ ਸਮੱਸਿਆ ਹੈ ਜਾਂ ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਦੀ ਜ਼ਰੂਰਤ ਹੈ ਤਾਂ ਡੈਂਟਲ ਵਿਭਾਗ ਨਾਲ ਸੰਪਰਕ ਕੀਤਾ ਜਾਏ। ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਨੇ ਕਿਹਾ ਕਿ ਗਰਭਾਵਸਥਾ ਦੌਰਾਨ ਗਰਭਵਤੀ ਮਹਿਲਾਵਾਂ ਦੇ ਦੰਦਾਂ ਦੀ ਸਿਹਤ ਸੰਭਾਲ ਬਹੁਤ ਹੀ ਜ਼ਰੂਰੀ ਹੈ। ਇਹ ਜੱਚਾ ਅਤੇ ਬੱਚਾ ਦੋਹਾਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦਾ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਵੀ ਕਿਹਾ ਕਿ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਜ਼ਰੂਰੀ ਹੈ, ਨਾਲ ਹੀ ਉਨ੍ਹਾਂ ਨੂੰ ਮਿੱਠੀਆਂ ਚੀਜ਼ਾਂ, ਜੰਕ ਫੂਡ ਆਦਿ ਦੀ ਘੱਟ ਵਰਤੋਂ ਕਰਨ ਅਤੇ ਸਮੇਂ-ਸਮੇਂ ’ਤੇ ਡੈਂਟਿਸਟ ਕੋਲ ਰੂਟੀਨ ’ਚ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਡੈਂਟਲ ਮੈਡੀਕਲ ਅਫਸਰ ਡਾ. ਮੋਨਿੰਦਰ ਕੌਰ ਨੇ ਕਿਹਾ ਕਿ ਸਿਹਤਮੰਦ ਜੀਵਨ ਦਾ ਰਾਜ ਸਾਡੀ ਓਰਲ ਹੈਲਥ ਤੇ ਨਿਰਭਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੌਸ਼ਟਿਕ ਆਹਾਰ ਲੈ ਕੇ ਵੀ ਦੰਦਾਂ ਦੀ ਸਿਹਤ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਆਦਾ ਵਾਰ ਬਰੱਸ਼ ਕਰਨਾ ਅਹਿਮ ਨਹੀਂ ਸਹੀ ਵਿਧੀ ਨਾਲ ਬਰੱਸ਼ ਕਰਨਾ ਜ਼ਰੂਰੀ ਹੈ। ਉਨ੍ਹਾਂ ਦਿਨ ਵਿਚ ਦੋ ਵਾਰ ਸਵੇਰੇ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਵੇਲੇ ਦੰਦਾਂ ਨੂੰ ਸਾਫ ਕਰਨਾ ਜ਼ਰੂਰੀ ਦੱਸਿਆ।
ਕਲਰਕ ਐਸੋਸੀਏਸ਼ਨ ਦੀ ਹੋਈ ਚੋਣ
NEXT STORY