ਕਪੂਰਥਲਾ (ਮਹਾਜਨ) : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਚੱਲੇ ਕੌਮਾਂਤਰੀ ਨਗਰ ਕੀਰਤਨ ਦਾ ਰਿਆਸਤੀ ਸ਼ਹਿਰ ਕਪੂਰਥਲਾ ਪਹੁੰਚਣ 'ਤੇ ਦੂਰੋਂ ਨੇੜਿਓ ਆਈਆਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਤੇ ਜੈਕਾਰਿਆਂ ਦੀ ਗੂੰਜ ਨਾਲ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸਮੂਹ ਕਮੇਟੀਆਂ ਤੇ ਜਥੇਬੰਦੀਆਂ ਦੇ ਆਗੂਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਉਪਰੰਤ ਸੁੰਦਰ ਰੁਮਾਲਾ ਸਾਹਿਬ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ। ਸੰਗਤਾਂ ਵਲੋਂ ਪਾਵਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਕੀਤੇ ਤੇ ਇਤਿਹਾਸਕ ਜਾਣਕਾਰੀ ਪ੍ਰਾਪਤ ਕੀਤੀ।

ਕਈ ਘੰਟਿਆਂ ਦੀ ਦੇਰੀ ਤੋਂ ਬਾਅਦ ਪਹੁੰਚਿਆਂ ਨਗਰ ਕੀਰਤਨ
ਜ਼ਿਕਰਯੋਗ ਹੈ ਕਿ ਕੌਮਾਂਤਰੀ ਨਗਰ ਕੀਰਤਨ ਦੇ ਕਪੂਰਥਲਾ ਸ਼ਹਿਰ 'ਚ ਪਹੁੰਚਣ ਦਾ ਸਮਾਂ 8 ਵਜੇ ਦਾ ਸੀ ਤੇ ਸੰਗਤਾਂ ਨੂੰ ਉਮੀਦ ਸੀ ਕਿ 10 ਵਜੇ ਤੱਕ ਆ ਜਾਵੇਗਾ ਪਰ ਦਰਸ਼ਨ ਕਰਨ ਵਾਲੀਆਂ ਸੰਗਤਾਂ ਵਲੋਂ ਜਗ੍ਹਾ-ਜਗ੍ਹਾ 'ਤੇ ਸਵਾਗਤ ਲਈ ਇੰਤਜਾਮ ਕੀਤੇ ਗਏ ਸਨ, ਜਿਸ ਲਈ ਨਗਰ ਕੀਰਤਨ ਘੰਟਿਆ ਦੀ ਦੇਰੀ ਨਾਲ ਸਵੇਰੇ 8 ਵਜੇ ਕਪੂਰਥਲਾ ਸ਼ਹਿਰ ਪਹੁੰਚਿਆਂ ਜੋ ਕਿ ਕੁੱਝ ਸਮਾਂ ਉਥੇ ਰੁਕਣ ਤੋਂ ਬਾਅਦ ਪਵਿੱਤਰ ਨਗਰੀ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ ਪੈਦਲ ਯਾਤਰਾ ਦੇ ਰੂਪ 'ਚ ਰਵਾਨਾ ਹੋਇਆ।

ਡੀ.ਸੀ ਚੌਂਕ 'ਚ ਲਗਾਈ ਗਈ ਧਾਰਮਿਕ ਸਟੇਜ
ਇਸ ਮੌਕੇ ਡੀ.ਸੀ ਚੌਂਕ 'ਚ ਧਾਰਮਿਕ ਸਟੇਜ ਲਗਾਈ ਗਈ ਜਿਥੇ ਭਾਈ ਰਣਜੀਤ ਸਿੰਘ (ਪਾਰਸ) ਢਾਡੀ ਜਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਾ ਤੇ ਉਪਦੇਸ਼ਾਂ ਨੂੰ ਜੀਵਨ ਦਾ ਅਧਾਰ ਬਣਾਉਣ ਦਾ ਸੁਨੇਹਾ ਦਿੱਤਾ। ਪ੍ਰਸਿੱਧ ਕਵੀ ਡਾ. ਸੁਖਜਿੰਦਰ ਕੌਰ, ਡਾ. ਰਵਿੰਦਰ ਕੌਰ ਮਸ਼ਹੂਰ ਤੇ ਸੁਦੇਸ਼ ਕੁਮਾਰੀ ਨੇ ਧਾਰਮਿਕ ਕਵਿਤਾਵਾਂ ਤੇ ਰਚਨਾਵਾਂ ਰਾਹੀਂ ਹਾਜਰ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਜੀਵਨੀ ਨਾਲ ਸਬੰਧਿਤ ਵਿਚਾਰਾਂ ਪੇਸ਼ ਕੀਤੀਆਂ ਤੇ ਦਸਿਆ ਕਿ ਨਗਰ ਕੀਰਤਨ, ਧਾਰਮਿਕ ਸਮਾਗਮ ਹਮੇਸ਼ਾ ਹੀ ਸਿੱਖ ਇਤਿਹਾਸਕ ਵਿਰਸੇ, ਧਾਰਮਿਕ ਸੱਭਿਆਚਾਰ ਤੋਂ ਜਾਣੂੰ ਕਰਵਾਉਂਦੇ ਹਨ।

ਮੰਦਰ ਕਮੇਟੀਆਂ ਦਾ ਰਿਹਾ ਪੂਰਾ ਸਹਿਯੋਗ
ਜਿਕਰਯੋਗ ਹੈ ਕਿ ਜਿਥੇ ਸਿੱਖ ਧਰਮ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਅਨੇਕਾਂ ਇੰਤਜਾਮ ਕੀਤੇ ਗਏ ਸਨ ਉਥੇ ਹੀ ਵੱਖ ਵੱਖ ਹਿੰਦੂਆਂ ਧਾਰਮਿਕ ਜਥੇਬੰਦੀਆਂ ਵਿਸ਼ੇਸ਼ਕਰ ਸ੍ਰੀ ਸੱਤ ਨਰਾਇਣ ਮੰਦਰ ਤੇ ਸ੍ਰੀ ਮਣੀ ਮਹੇਸ਼ ਮੰਦਰ ਤੇ ਹੋਰਨਾਂ ਨਗਰ ਕੀਰਤਨ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸ੍ਰੀ ਸੱਤ ਨਰਾਇਣ ਮੰਦਰ ਵਲੋਂ ਜਿਥੇ ਖੂਬਸੂਰਤ ਸਜਾਵਟੀ ਗੇਟ ਬਣਾਇਆ ਗਿਆ ਉਥੇ ਹੀ ਸੰਗਤਾਂ ਦੇ ਛਕਣ ਲਈ ਲੰਗਰ ਵੀ ਲਗਾਇਆ ਗਿਆ।

ਵੱਖ ਵੱਖ ਆਗੂਆਂ ਨੇ ਕੀਤਾ ਸੰਬੋਧਨ
ਇਸ ਮੌਕੇ ਐੱਸ.ਜੀ.ਪੀ.ਸੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ, ਜਥੇ. ਜਸਵਿੰਦਰ ਸਿੰਘ ਬੱਤਰਾ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਹਰਜੀਤ ਸਿੰਘ ਭਾਟੀਆ ਤੇ ਹੋਰਨਾਂ ਆਗੂਆਂ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ 'ਚ ਸ਼ਮੂਲੀਅਤ ਕਰਨ ਬਾਬਤ ਵਡਭਾਗੀ ਦਸਿਆ। ਉਨ੍ਹਾਂ ਗੁਰੂ ਪਾਤਸ਼ਾਹ ਦੀ ਵਿਚਾਰ ਧਾਰਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਉਪਦੇਸ਼ਾਂ ਨੂੰ ਜੀਵਨ ਦਾ ਅਧਾਰ ਬਣਾ ਕੇ ਸਫਲ ਜੀਵਨ ਬਿਤਾਉਣ ਦਾ ਮਾਰਗ ਦਸਿਆ।

ਡਰੋਨ ਰਾਹੀਂ ਕੀਤੀ ਫੁੱਲਾਂ ਦੀ ਵਰਖਾ
ਸੁੰਦਰ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ 'ਤੇ ਲਾਇਟਾਂ ਨਾਲ ਜਗਮਗਾਉਂਦੇ ਡਰੋਨ ਨੇ ਕਈ ਮੀਟਰ ਉਚਾਈ ਤੋਂ ਫੁੱਲਾਂ ਦੀ ਵਰਖਾ ਕੀਤੀ। ਪਹਿਲੀ ਵਾਰ ਕਪੂਰਥਲਾ ਸ਼ਹਿਰ ਨੂੰ ਪੂਰੀਆਂ ਲਾਇਟਾਂ ਨਾਲ ਸਜਾਇਆ ਹੋਇਆ ਸੀ ਤੇ ਥਾਂ ਥਾਂ 'ਤੇ ਸਜਾਵਟੀ ਗੇਟ ਬਣਾਏ ਹੋਏ ਸਨ। ਪਾਲਕੀ ਸਾਹਿਬ ਅੱਗੇ ਜਿਥੇ ਗੱਤਕਾ ਪਾਰਟੀਆਂ ਪੂਰੇ ਜੋਹਰ ਦਿਖਾ ਰਹੀਆਂ ਸਨ ਉਥੇ ਹੀ ਬੈਂਡ ਟੀਮਾਂ ਦੁਆਰਾ ਸ਼ਬਦਿਕ ਧੁੰਨਾ ਗਾਈਆਂ ਜਾ ਰਹੀਆਂ ਸਨ, ਜਿਸ ਨਾਲ ਪੂਰਾ ਮਾਹੌਲ ਧਾਰਮਿਕ ਰੰਗ 'ਚ ਰੰਗਿਆ ਗਿਆ।

ਇਹ ਸਨ ਹਾਜਰ
ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ, ਅਮਰਜੀਤ ਸਿੰਘ ਸੈਦੋਵਾਲ, ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ, ਅਕਾਲੀ ਦਲ ਦੇ ਜਿਲਾ ਪ੍ਰਧਾਨ ਜਗੀਰ ਸਿੰਘ ਵਡਾਲਾ, ਰਜਿੰਦਰ ਸਿੰਘ ਧੰਜਲ, ਰਣਜੀਤ ਸਿੰਘ ਖੋਜੇਵਾਲ, ਭਾਜਪਾ ਦੇ ਜਿਲਾ ਪ੍ਰਧਾਨ ਪ੍ਰਸ਼ੋਤਮ ਪਾਸੀ, ਧਰਮਪਾਲ ਮਹਾਜਨ, ਜਗਦੀਸ਼ ਸ਼ਰਮਾ, ਅਸ਼ਵਨੀ ਤੁਲੀ, ਪਿਊਸ਼ ਮਨਚੰਦਾ, ਨਾਮਦੇਵ ਅਰੋੜਾ, ਲਖਬੀਰ ਸਿੰਘ ਇੰਚਾਰਜ, ਰਛਪਾਲ ਸਿੰਘ, ਜਸਪਾਲ ਸਿੰਘ ਖੁਰਾਣਾ, ਮਨੋਜ ਭਸੀਨ ਚੇਅਰਮੈਨ ਇੰਮਪਰੂਵਮੈਂਟ ਟਰੱਸਟ, ਬਲਬੀਰ ਸਿੰਘ ਧੀਰਾ ਕੌਂਸਲਰ, ਹਰਬੰਸ ਸਿੰਘ ਵਾਲੀਆ ਕੌਂਸਲਰ, ਵਿਕਾਸ ਸ਼ਰਮਾ, ਰਿੰਕੂ ਕਾਲੀਆ, ਨਰੇਸ਼ ਗੋਸਾਈ ਸੱਤ ਨਰਾਇਣ ਮੰਦਰ, ਨਰਿੰਦਰ ਸਿੰਘ ਮਨਸੂ ਕੌਂਸਲਰ, ਨਾਮਦੇਵ ਅਰੋੜਾ, ਕ੍ਰਿਸ਼ਨ ਕੁਮਾਰ, ਮੁਨੀਸ਼ ਅਗਰਵਾਲ ਕੌਂਸਲਰ, ਪਰਮਿੰਦਰ ਸਿੰਘ ਹੈਪੀ, ਜੋਧ ਸਿੰਘ, ਹਰਦੀਪ ਸਿੰਘ, ਜਸਕਰਨ ਸਿੰਘ, ਓਂਕਾਰ ਸਿੰਘ, ਸਵਰਨ ਸਿੰਘ, ਦਵਿੰਦਰ ਸਿੰਘ ਦੇਵ, ਜਸਪ੍ਰੀਤ ਸਿੰਘ ਸਚਦੇਵਾ, ਸੁਰਜੀਤ ਸਿੰਘ ਵਿੱਕੀ, ਹਰਵੰਤ ਸਿੰਘ ਸਚਦੇਵਾ, ਮਲਕੀਤ ਸਿੰਘ, ਅਰਜਿੰਦਰ ਸਿੰਘ ਗਿੱਕੀ ਭਾਟੀਆ, ਤਰਲੋਚਨ ਸਿੰਘ ਧਿੰਜਣ, ਜਸਬੀਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਮਨੀਸ਼ ਸਿੰਘ ਬੱਤਰਾ, ਗੁਰਿੰਦਰ ਸਿੰਘ, ਮਨਪ੍ਰੀਤ ਸਿੰਘ ਬੱਤਰਾ ਆਦਿ ਵੱਡੀ ਗਿਣਤੀ 'ਚ ਸੰਗਤਾਂ ਹਾਜਰ ਸਨ।


ਅੱਜ ਰੂਸ ਲਈ ਰਵਾਨਾ ਹੋਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ (ਪੜ੍ਹੋ 5 ਨਵੰਬਰ ਦੀਆਂ ਖਾਸ ਖਬਰਾਂ)
NEXT STORY