ਕਪੂਰਥਲਾ (ਭੂਸ਼ਣ, ਮਹਾਜਨ, ਮਲਹੋਤਰਾ) - ਸ਼ਨੀਵਾਰ ਦੇਰ ਰਾਤ ਕਪੂਰਥਲਾ ਕੇਂਦਰੀ ਜੇਲ ਵਿਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਜੇਲ ਕੰਪਲੈਕਸ ਵਿਚ ਹੋਈ ਹਿੰਸਕ ਝੜਪ ਵਿਚ 3-4 ਕੈਦੀ ਗੰਭੀਰ ਜ਼ਖ਼ਮੀ ਹੋ ਗਏ। ਜੇਲ ਦੀਆਂ 1-2 ਬੈਰਕਾਂ ਵਿਚ ਅੱਗ ਲੱਗਣ ਦੀਆਂ ਵੀ ਖ਼ਬਰਾਂ ਹਨ, ਜਿਸ ਦੀ ਪੁਸ਼ਟੀ ਫਿਲਹਾਲ ਕਿਸੇ ਸੀਨੀਅਰ ਪੁਲਸ ਅਧਿਕਾਰੀ ਨੇ ਨਹੀਂ ਕੀਤੀ ਹੈ।
ਜਾਣਕਾਰੀ ਅਨੁਸਾਰ ਕੈਦੀਆਂ ਨੂੰ ਬੈਰਕਾਂ ਵਿਚ ਬੰਦ ਕਰਨ ਵੇਲੇ 2 ਧੜਿਆਂ ਵਿਚਾਲੇ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਕੁਝ ਕੈਦੀ ਭੜਕ ਗਏ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਕੁਝ ਕੈਦੀ 2 ਕੈਦੀਆਂ ਦੇ ਹਿੰਸਕ ਘਟਨਾ ਦੌਰਾਨ ਗੋਲੀਬਾਰੀ ਵਿਚ ਜ਼ਖ਼ਮੀ ਹੋਣ ਦਾ ਦੋਸ਼ ਲਾ ਰਹੇ ਹਨ। ਕੈਦੀਆਂ ਦਾ ਦੋਸ਼ ਹੈ ਕਿ ਪੁਲਸ ਪ੍ਰਸ਼ਾਸਨ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਹਾਲਾਂਕਿ ਜੇਲ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀਆਂ ਕਿੱਥੋਂ ਚੱਲੀਆਂ ਅਤੇ ਕਿਸ ਨੇ ਚਲਾਈਆਂ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਫੇਸਬੁੱਕ ਪੇਜ ’ਤੇ ਸ਼ੇਅਰ ਕੀਤਾ ਹੈ।
ਦੂਜੇ ਪਾਸੇ ਜੇਲ ਵਿਚ ਕੈਦੀਆਂ ਵਿਚਕਾਰ ਭਾਰੀ ਹੰਗਾਮੇ ਅਤੇ ਅੱਗਜ਼ਨੀ ਦੀ ਸੂਚਨਾ ਮਿਲਦਿਆਂ ਹੀ ਕਪੂਰਥਲਾ ਦੇ ਕਈ ਪੁਲਸ ਥਾਣਿਆਂ ਦੀ ਪੁਲਸ ਅਤੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਸਥਿਤੀ ਨੂੰ ਕੰਟਰੋਲ ਕਰਨ ਜੇਲ ਕੰਪਲੈਕਸ ਪਹੁੰਚੇ। ਇਸ ਦੌਰਾਨ ਪੁਲਸ ਟੀਮਾਂ ਨੇ ਪ੍ਰਦਰਸ਼ਨਕਾਰੀ ਕੈਦੀਆਂ ਅਤੇ ਉਨ੍ਹਾਂ ਦੇ ਗਰੁੱਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਤਿਤਰ-ਬਿਤਰ ਕੀਤਾ ।
ਦੇਰ ਰਾਤ ਤੱਕ ਕਪੂਰਥਲਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਕਿਸੇ ਵੀ ਕੈਦੀ ਨੂੰ ਨਹੀਂ ਲਿਆਂਦਾ ਗਿਆ। ਹਾਲਾਂਕਿ ਸੂਤਰਾਂ ਤੋਂ ਜੇਲ ਵਿਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਪਰ ਪੁਲਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਜਦੋਂ ਇਸ ਸਬੰਧੀ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਖ਼ੁਦ ਮੌਕੇ ’ਤੇ ਨਜ਼ਰ ਰੱਖ ਰਹੇ ਹਨ। ਜਲਦ ਹੀ ਜੇਲ ਵਿਚ ਮਾਹੌਲ ਸ਼ਾਂਤੀਪੂਰਨ ਬਣਾ ਦਿੱਤਾ ਜਾਵੇਗਾ।
ਪੰਜਾਬ ਦੇ ਗੱਭਰੂ ਨੇ ਗੱਡੇ ਝੰਡੇ! ਗੁਰਿੰਦਰਵੀਰ ਸਿੰਘ ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
NEXT STORY