ਡੇਰਾ ਬਾਬਾ ਨਾਨਕ, (ਵਤਨ): ਸਿੱਖ ਸੰਗਤ ਦੀਆਂ 72 ਸਾਲ ਦੀਆਂ ਅਰਦਾਸਾਂ ਵਾਹਿਗੁਰੂ ਨੇ ਸੁਣ ਲਈਆਂ ਹਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਆਪਣੇ ਤੋਂ ਵਿਛੜੇ ਗੁਰਧਾਮ ਗੁਰਦੁਆਰਾ ਸ੍ਰ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਣਗੇ। ਸੰਗਤਾਂ ਦੀਆਂ ਮੁੜ ਅਰਦਾਸਾਂ ਬੇਨਤੀਆਂ ਤੇ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰਨ ਨਾਲ ਜਿਥੇ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸੰਗਤ ਦਰਸ਼ਨ ਕਰ ਸਕੇਗੀ, ਉਥੇ ਹੀ ਇਸ ਮਿੱਟੀ ਨਾਲੋਂ ਵੰਡ ਦੌਰਾਨ ਉਜੜ ਕੇ ਭਾਰਤ ਆ ਗਏ ਬਜ਼ੁਰਗ ਆਪਣੀ ਜਨਮ ਭੂਮੀ ਨੂੰ ਛੂਹ ਸਕਣਗੇ।
ਇਸੇ ਤਰ੍ਹਾਂ ਦਾ ਹੀ ਇੱਕ ਪਰਿਵਾਰ ਡੇਰਾ ਬਾਬਾ ਨਾਨਕ ਵਿਖੇ ਵੀ ਰਹਿ ਰਿਹਾ ਹੈ, ਜੋ ਕਿ 1947 ਦੀ ਵੰਡ ਦੌਰਾਨ ਹਿੰਦੂ ਮੁਸਲਮਾਨ ਦੇ ਰੌਲਿਆਂ ਤੋਂ ਡਰਦਾ ਹਿੰਦੋਸਤਾਨ ਆ ਗਿਆ ਸੀ ਅਤੇ ਉਸ ਤੋਂ ਬਾਅਦ ਕਦੇ ਵੀ ਆਪਣੀ ਜਨਮ ਭੂਮੀ ਨਹੀਂ ਵੇਖ ਸਕਿਆ। ਹਾਂ ਜੀ ਉਸ ਪਰਿਵਾਰ ਦੇ ਮੁਖੀ ਦਾ ਨਾਂ ਹੈ ਗੁਰਦੀਪ ਕੌਰ ਜਿੰਨ੍ਹਾਂ ਦੀ ਉਮਰ ਇਸ ਵੇਲੇ 84 ਸਾਲ ਦੇ ਕਰੀਬ ਹੈ ਤੇ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਗੁਰਦੀਪ ਕੌਰ ਆਪਣੇ ਦੋ ਪੁੱਤਰਾਂ ਨਾਲ ਡੇਰਾ ਬਾਬਾ ਨਾਨਕ ਰਹਿ ਰਹੇ ਹਨ ਤੇ ਉਨ੍ਹਾਂ ਦਾ ਵੱਡਾ ਪੁੱਤਰ ਪੁਲਸ ਵਿਭਾਗ ਤੋਂ ਸੇਵਾ ਮੁਕਤ ਇੰਸਪੈਕਟਰ ਹੈ ਤੇ ਦੂਸਰਾ ਬਿਜਲੀ ਬੋਰਡ ਵਿਚ ਬਤੌਰ ਐਸ. ਡੀ. ਓ. ਤੈਨਾਤ ਹੈ। ਸਮੁੱਚਾ ਪਰਿਵਾਰ ਹੀ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਹੈ।
ਇਸ ਸਬੰਧੀ ਜਗਬਾਣੀ ਨੂੰ 1947 ਦੀਆਂ ਗੱਲਾਂ ਸਾਂਝੀਆਂ ਕਰਦੇ ਬੀਬੀ ਗੁਰਦੀਪ ਕੌਰ ਦੱਸਦੇ ਹਨ ਕਿ ਉਹ ਉਦੋਂ 12 ਕੁ ਸਾਲ ਦੀ ਸੀ, ਜਦੋਂ ਭਾਰਤ-ਪਾਕਿ ਵੰਡ ਦੌਰਾਨ ਹਿੰਦੂ- ਮੁਸਲਮਾਨਾਂ ਦਾ ਰੌਲਾ ਪੈ ਗਿਆ ਤੇ ਉਹ ਪਿੰਡ ਦੇ ਸਕੂਲ ਵਿਚ 5ਵੀਂ ਕਲਾਸ ਵਿਚ ਪੜਦੇ ਸਨ ਅਤੇ ਆਪਣੀਆਂ ਸਹੇਲੀਆਂ ਦੇ ਨਾਂ ਉਨ੍ਹਾਂ ਨੂੰ ਅਜੇ ਵੀ ਯਾਦ ਹਨ, ਜੋ ਵੰਡ ਦੌਰਾਨ ਉਨ੍ਹਾਂ ਤੋਂ ਵਿਛੜ ਗਈਆਂ ਤੇ ਗੋਤਾ ਪਿੰਡ ਦਾ ਮਾਸਟਰ ਮਾਇਆ ਧਾਰੀ ਉਨ੍ਹਾਂ ਨੂੰ ਪੜਾਉਂਦਾ ਹੁੰਦਾ ਸੀ ਤੇ ਸਕੂਲ ਵਿਚ 50 ਕੁ ਬੱਚੇ ਪੜਦੇ ਹੁੰਦੇ ਸਨ। ਉਹ ਦੱਸਦੇ ਹਨ ਕਿ ਮਾਨਕ ਪਿੰਡ ਵਿਚ ਹਰ ਤਰ੍ਹਾਂ ਦੀ ਜਾਤ ਦੇ ਲੋਕ ਰਹਿੰਦੇ ਸਨ ਅਤੇ ਆਪਸ ਵਿਚ ਗੂੜਾ ਮੇਲ ਜੋਲ ਰੱਖਦੇ ਸਨ ਪਰ ਵੰਡ ਨੇ ਉਨ੍ਹਾਂ ਸਾਰਿਆਂ ਨੂੰ ਹੀ ਵੰਡ ਕੇ ਰੱਖ ਦਿੱਤਾ ਤੇ ਫਿਰਕੂ ਪੁਣੇ ਦੀ ਮਾਰ ਤੋਂ ਡਰਦਿਆਂ ਉਹ ਆਪਣੀਆਂ ਪੰਜ ਭੈਣਾਂ ਤੇ ਇੱਕ ਭਰਾ ਸਮੇਤ ਪੂਰਾ ਪਰਿਵਾਰ ਭਾਰਤ ਆ ਗਿਆ ਤੇ ਮੁੜ ਕਦੇ ਵੀ ਆਪਣੇ ਜਨਮ ਅਸਥਾਨ ਵੱਲ ਨਹੀਂ ਜਾ ਸਕਿਆ। ਗੁਰਦੀਪ ਕੌਰ ਨੇ ਦੱਸਿਆ ਕਿ ਭਲਾ ਹੋਵੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਤੇ ਨਵਜੋਤ ਸਿੰਘ ਸਿੱਧੂ ਦਾ ਜਿਨ੍ਹਾਂ 'ਤੇ ਵਾਹਿਗੁਰੂ ਨੇ ਮਿਹਰ ਕੀਤੀ ਅਤੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ। ਗੁਰਦੀਪ ਕੌਰ ਦਾ ਕਹਿਣਾ ਹੈ ਕਿ ਉਸ ਤਰ੍ਹਾਂ ਭਾਂਵੇ ਉਹ ਕਦੇ ਵੀ ਆਪਣੇ ਜਨਮ ਨਾਲ ਸਬੰਧਤ ਧਰਤੀ ਤੇ ਪੈਰ ਨਾ ਰੱਖ ਸਕਦੇ ਪਰ ਹੁਣ ਉਹ ਕਰਤਾਪੁਰ ਸਾਹਿਬ ਦੇ ਬਹਾਨੇ ਘੱਟੋ- ਘੱਟ ਆਪਣੀ ਜਨਮ ਵਾਲੀ ਧਰਤੀ ਨੂੰ ਕੋਲੋਂ ਹੋ ਕੇ ਛੂਹ ਤਾਂ ਸਕਣਗੇ ਤੇ ਉਸ ਧਰਤੀ ਨੂੰ ਛੂੰਹਦਿਆਂ ਸਾਰ ਹੀ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਜਾਣੀਆਂ ਹਨ।
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦਾ ਜੱਥਾ 5 ਨੂੰ ਹੋਵੇਗਾ ਰਵਾਨਾ
NEXT STORY