ਜਲੰਧਰ (ਸੁਨੀਲ) : ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਕਈ ਲੋਕਾਂ ਜਿਨ੍ਹਾਂ 'ਚ ਸਿਆਸੀ ਆਗੂ, ਫਿਲਮੀ ਸਿਤਾਰੇ, ਬਿਜ਼ਨੈੱਸਮੈਨ ਆਦਿ ਤੋਂ ਗੋਲਡੀ ਬਰਾੜ ਦੇ ਸਾਥੀ ਹੋਣ ਦਾ ਦਾਅਵਾ ਕਰਕੇ ਫਿਰੌਤੀ ਮੰਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕਈ ਲੋਕਾਂ ਨੇ ਇਨ੍ਹਾਂ ਖ਼ਿਲਾਫ਼ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ। ਜਲੰਧਰ ਦੇ ਨਾਰਥ ਹਲਕੇ ਦੇ ਭਾਜਪਾ ਦੇ 2 ਵਾਰ ਵਿਧਾਇਕ ਰਹੇ ਅਤੇ ਸਾਬਕਾ ਸੀ. ਪੀ. ਐੱਸ. ਕ੍ਰਿਸ਼ਨ ਦੇਵ ਭੰਡਾਰੀ ਨੂੰ 25 ਜੂਨ ਸ਼ਾਮ ਨੂੰ ਇਕ ਵਿਦੇਸ਼ੀ ਨੰਬਰ ਤੋਂ ਫਿਰੌਤੀ ਦੇ ਮਾਮਲੇ ’ਚ ਧਮਕੀ ਮਿਲੀ ਕਿ ਉਸ ਵੱਲੋਂ ਦਿੱਤੇ ਗਏ ਅਕਾਊਂਟ ਨੰਬਰ ’ਚ 5 ਲੱਖ ਰੁਪਏ ਪਾ ਦਿੱਤੇ ਜਾਣ, ਨਹੀਂ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕੇ. ਡੀ. ਭੰਡਾਰੀ ਨੇ ਦੱਸਿਆ ਕਿ 25 ਜੂਨ ਸ਼ਾਮ 6.34 ’ਤੇ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ। ਕਾਲ ਕਰਨ ਵਾਲਾ ਵਿਅਕਤੀ ਖੁਦ ਨੂੰ ਗੋਲਡੀ ਬਰਾੜ ਦਾ ਬੰਦਾ ਕਹਿ ਰਿਹਾ ਸੀ। ਧਮਕਾਉਂਦਿਆਂ ਉਸ ਨੇ ਕਿਹਾ ਕਿ ਉਸ ਨਾਲ ਕੁਝ ਗਲਤ ਨਾ ਹੋਵੇ, ਇਸ ਲਈ ਕੱਲ੍ਹ 5 ਲੱਖ ਦਾ ਇੰਤਜ਼ਾਮ ਕਰ ਲਓ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਅਕਾਊਂਟ ਨੰਬਰ 'ਚ ਟਰਾਂਸਫਰ ਕਰ ਦਿਓ, ਨਹੀਂ ਤਾਂ ਤੁਹਾਨੂੰ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਦੋਸ਼ ਹੈ ਕਿ 25 ਜੂਨ ਨੂੰ ਉਨ੍ਹਾਂ ਨੂੰ ਅਲੱਗ-ਅਲੱਗ ਨੰਬਰਾਂ ਤੋਂ ਕਾਲ ਆਈ ਪਰ ਉਨ੍ਹਾਂ ਨੇ ਅਟੈਂਡ ਨਹੀਂ ਕੀਤੀ। 26 ਅਤੇ 27 ਜੂਨ ਨੂੰ ਵੀ ਉਨ੍ਹਾਂ ਨੂੰ ਲਗਾਤਾਰ ਵਟਸਐਪ ’ਤੇ ਕਾਲ ਆਉਂਦੀ ਰਹੀ, ਜਦਕਿ ਉਸ ਵਿਅਕਤੀ ਨੇ ਧਮਕੀ ਭਰੇ ਮੈਸੇਜ ਵੀ ਭੇਜੇ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੇ ਜਾਂਚ ਸ਼ੁਰੂ ਕਰਦਿਆਂ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਨੇ ਅੱਜ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਕਾਲ ਕਰਨ ਵਾਲਾ ਵਿਅਕਤੀ ਜਤਿੰਦਰ ਸਿੰਘ ਉਰਫ ਸੋਨੂੰ ਪੁੱਤਰ ਸਾਧੂ ਸਿੰਘ ਵਾਸੀ ਫਿਰੋਜ਼ਪੁਰ, ਹਾਲ ਵਾਸੀ ਕੈਨੇਡਾ ਹੈ। ਸੋਨੂੰ ਕਾਫੀ ਲੰਮੇ ਸਮੇਂ ਤੋਂ ਵਿਦੇਸ਼ 'ਚ ਰਹਿ ਰਿਹਾ ਹੈ ਪਰ 2022 ਵਿੱਚ ਉਹ ਭਾਰਤ ਆ ਕੇ ਕੁਝ ਸਮੇਂ ਤੱਕ ਜਲੰਧਰ ਰਿਹਾ ਸੀ। ਇੰਸ. ਸੁਰਜੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਨੂੰ ਨਾਮਜ਼ਦ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਉਸ ਦੇ ਲਿੰਕ ਵੀ ਖੰਗਾਲ ਰਹੀ ਹੈ।
ਇਹ ਵੀ ਪੜ੍ਹੋ : ਸੰਗਰੂਰ ਦੀ ਹਾਰ ਦੇ ਬਾਵਜੂਦ ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਕਾਰਨ CM ਮਾਨ ਵਿਰੋਧੀ ਧਿਰ 'ਤੇ ਪੈ ਰਹੇ ਭਾਰੀ
ਭੰਡਾਰੀ ਨੇ ਡੀ.ਜੀ.ਪੀ. ਤੇ ਗ੍ਰਹਿ ਮੰਤਰੀ ਨੂੰ ਭੇਜੀ ਈਮੇਲ
ਜਲੰਧਰ (ਗੁਲਸ਼ਨ, ਸੁਨੀਲ) : ਉਥੇ ਹੀ ਦੂਜੇ ਪਾਸੇ ਸੰਪਰਕ ਕਰਨ ’ਤੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਦੁਬਈ ਤੋਂ ਵਿੱਕੀ ਬੋਲ ਰਿਹਾ ਹੈ। ਉਸ ਨੇ ਕੱਲ੍ਹ 12 ਵਜੇ ਤੱਕ 5 ਲੱਖ ਰੁਪਏ ਦੇਣ ਦੀ ਮੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫੋਨ ਆਪਣੇ ਗੰਨਮੈਨ ਰਾਜੇਸ਼ ਨੂੰ ਦੇ ਦਿੱਤਾ। ਉਸ ਨੇ ਰਾਜੇਸ਼ ਨੂੰ ਬੁਰਾ-ਭਲਾ ਕਹਿੰਦਿਆਂ ਕਿਹਾ ਕਿ ਕੱਲ੍ਹ ਗੋਲਡੀ ਬਰਾੜ ਖੁਦ ਤੁਹਾਨੂੰ ਫੋਨ ਕਰੇਗਾ।
ਭੰਡਾਰੀ ਨੇ ਕਿਹਾ ਕਿ 2-3 ਦਿਨ ਲਗਾਤਾਰ ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲ ਆਉਂਦੀ ਰਹੀ ਪਰ ਉਨ੍ਹਾਂ ਨੇ ਫੋਨ ਨਹੀਂ ਉਠਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਵਟਸਐਪ ਮੈਸੇਜ ’ਤੇ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਇਸ ਦੀ ਸੂਚਨਾ ਪੁਲਸ ਕਮਿਸ਼ਨਰ ਅਤੇ ਡੀ. ਸੀ. ਪੀ. ਨੂੰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਡੀ. ਜੀ. ਪੀ. ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਈਮੇਲ ਰਾਹੀਂ ਘਟਨਾ ਸਬੰਧੀ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਪੁਲਸ ਕਮਿਸ਼ਨਰ ਨੇ ਭੰਡਾਰੀ ਨੂੰ ਦਫ਼ਤਰ ਬੁਲਾਇਆ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਡਰੱਗ ਇੰਸਪੈਕਟਰ ਤੇ ਸਿਵਲ ਹਸਪਤਾਲ ਦੇ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
PSPCL ਵੱਲੋਂ ਇਕ ਦਿਨ 'ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ
NEXT STORY