ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸਿਵਲ ਹਸਪਤਾਲ ਪਠਾਨਕੋਟ ਦੇ ਦਰਜਾ-4 ਕਰਮਚਾਰੀ ਰਾਕੇਸ਼ ਕੁਮਾਰ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਮਾਮਲੇ 'ਚ ਡਰੱਗ ਇੰਸਪੈਕਟਰ ਪਠਾਨਕੋਟ ਬਬਲੀਨ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਇਹ ਗ੍ਰਿਫ਼ਤਾਰੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟ ਅਧਿਕਾਰੀਆਂ/ਕਰਮਚਾਰੀਆਂ ਨੂੰ ਨੱਥ ਪਾ ਕੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ ਅਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਸਬੰਧੀ ਕੀਤੇ ਵਾਅਦੇ ਤਹਿਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਇੰਗਲੈਂਡ: ਬੈਰਿਸਟਰਾਂ ਨੇ ਤਨਖਾਹ ਵਾਧੇ ਲਈ ਕੀਤੀ ਜ਼ਿੰਦਾਬਾਦ-ਮੁਰਦਾਬਾਦ
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਰਾਕੇਸ਼ ਕੁਮਾਰ ਨੂੰ ਪਠਾਨਕੋਟ ਵਾਸੀ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਸੀ ਕਿ ਉਸ ਨੇ ਮਾਮੁਨ ਵਿਖੇ ਮੈਡੀਕਲ ਸਟੋਰ ਖੋਲ੍ਹਣ ਲਈ ਲਾਇਸੈਂਸ ਲੈਣ ਵਾਸਤੇ ਆਨਲਾਈਨ ਅਪਲਾਈ ਕੀਤਾ ਸੀ। ਸ਼ਿਕਾਇਤਕਰਤਾ ਨੂੰ ਬਾਅਦ ਵਿੱਚ ਡਰੱਗ ਇੰਸਪੈਕਟਰ ਬਬਲੀਨ ਕੌਰ ਨੇ ਫ਼ੋਨ ਕਰਕੇ ਇਸ ਸਬੰਧੀ ਸਿਵਲ ਹਸਪਤਾਲ ਪਠਾਨਕੋਟ 'ਚ ਦਰਜਾ-4 ਕਰਮਚਾਰੀ ਰਾਕੇਸ਼ ਕੁਮਾਰ ਨਾਲ ਸੰਪਰਕ ਕਰਨ ਲਈ ਕਿਹਾ। ਰਾਕੇਸ਼ ਕੁਮਾਰ ਪਹਿਲਾਂ ਇੰਸਪੈਕਟਰ ਬਬਲੀਨ ਦੇ ਨਾਲ ਤਾਇਨਾਤ ਰਿਹਾ ਸੀ।
ਇਹ ਵੀ ਪੜ੍ਹੋ : ਸਪੀਕਰ ਸੰਧਵਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ
ਸ਼ਿਕਾਇਤਕਰਤਾ 18 ਜੂਨ, 2022 ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਰਾਕੇਸ਼ ਕੁਮਾਰ ਨੂੰ ਮਿਲਿਆ, ਜਿਸ ਨੇ ਬਬਲੀਨ ਕੌਰ ਤੋਂ ਉਸ ਦਾ ਕੰਮ ਕਰਵਾਉਣ ਬਦਲੇ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ, ਜਿਸ ਨੂੰ ਬਾਅਦ ਵਿੱਚ ਘਟਾ ਕੇ 90,000 ਰੁਪਏ ਕਰ ਦਿੱਤਾ ਗਿਆ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ 28 ਜੂਨ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 30 ਹਜ਼ਾਰ ਰੁਪਏ ਦੇਣ ਲਈ ਸਹਿਮਤ ਹੋ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਰਾਕੇਸ਼ ਕੁਮਾਰ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਬਾਅਦ ਵਿੱਚ ਇਸ ਕੇਸ 'ਚ ਸ਼ਾਮਲ ਹੋਣ ਕਾਰਨ ਡਰੱਗ ਇੰਸਪੈਕਟਰ ਪਠਾਨਕੋਟ ਬਬਲੀਨ ਕੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਥਾਣਾ ਵਿਜੀਲੈਂਸ ਰੇਂਜ ਅੰਮ੍ਰਿਤਸਰ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਆਪ੍ਰੇਸ਼ਨ ਨਾ ਹੋਣ ਕਾਰਨ ਦੁਖੀ ਮਰੀਜ਼ ਚੜ੍ਹਿਆ ਹਸਪਤਾਲ ਦੀ ਪਾਣੀ ਵਾਲੀ ਟੈਂਕੀ ’ਤੇ, ਸਮਝਾ ਕੇ ਹੇਠਾਂ ਉਤਾਰਿਆ
NEXT STORY