ਸ੍ਰੀ ਅੰਮ੍ਰਿਤਸਰ/ਚੰਡੀਗੜ੍ਹ (ਬਿਊਰੋ)-'ਮਿਸ਼ਨ ਪੰਜਾਬ' ਦੌਰੇ ਤਹਿਤ ਪੰਜਾਬ ਆਏ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ’ਚ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਰਲ-ਮਿਲ ਕੇ ਕਾਰੋਬਾਰੀ ਕ੍ਰਾਂਤੀ ਲਿਆਉਣ ਦਾ ਸੱਦਾ ਦਿੱਤਾ ਅਤੇ ਵਪਾਰ, ਕਾਰੋਬਾਰ ਅਤੇ ਉਦਯੋਗਿਕ ਵਿਕਾਸ ਲਈ 7 ਗਰੰਟੀਆਂ ਦਾ ਐਲਾਨ ਵੀ ਕੀਤਾ। ਇਨ੍ਹਾਂ ਗਰੰਟੀਆਂ 'ਚ ਇਕ ਕਮਿਸ਼ਨ ਬਣਾਉਣਾ, ਇੰਸਪੈਕਟਰੀ ਰਾਜ ਖ਼ਤਮ ਕਰਨਾ, ਵੈਟ ਰਿਫੰਡ ਨਿਸ਼ਚਿਤ ਕਰਨਾ, ਬਿਜਲੀ ਸਪਲਾਈ ਪੱਕੀ ਕਰਨਾ, ਪੰਜਾਬ ਬਾਜ਼ਾਰ ਪੋਰਟਲ ਬਣਾਉਣਾ, ਕਾਨੂੰਨ ਵਿਵਸਥਾ ਸੁਧਾਰਨਾ ਅਤੇ ਫੋਕਲ ਪੁਆਇੰਟਾਂ ਦਾ ਨਿਰਮਾਣ ਤੇ ਵਿਕਾਸ ਕਰਨਾ ਸ਼ਾਮਲ ਹੈ। ਕੇਜਰੀਵਾਲ ਨੇ ਕਿਹਾ, ‘‘ਪੰਜਾਬ ਦੀ ਜਰਖੇਜ਼ ਧਰਤੀ ’ਚ ਕ੍ਰਾਂਤੀ ਕਰਨ ਦੀ ਮਹਾਨ ਸਮਰੱਥਾ ਹੈ ਪਰ ਕਾਂਗਰਸ ਅਤੇ ਅਕਾਲੀ ਦਲ ਦੀਆਂ ਗ਼ਲਤ ਨੀਤੀਆਂ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਇਸ ਲਈ ਪੰਜਾਬ ਦੇ ਹਰੇਕ ਵਪਾਰੀ, ਉਦਯੋਗਪਤੀ, ਕਿਸਾਨ, ਮਜ਼ਦੂਰ, ਔਰਤ ਅਤੇ ਵਿਦਿਆਰਥੀ ਨੂੰ ਸੂਬੇ ’ਚ ਕ੍ਰਾਂਤੀ ਲਿਆਉਣ ਲਈ ਇਕ ਵਾਰ ਝਾੜੂ ਵਾਲਾ ਬਟਨ ਜ਼ਰੂਰ ਦੱਬਣਾ ਚਾਹੀਦਾ ਹੈ।'' ਇਸ ਮੌਕੇ 'ਆਪ' ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਸਹਿ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਵਿਧਾਇਕ ਅਮਨ ਅਰੋੜਾ ਅਤੇ ਸੀਨੀਅਰ ਆਗੂ ਕੁੰਵਰ ਵਿਜੈ ਪ੍ਰਤਾਪ ਸਿੰਘ ਹਾਜ਼ਰ ਸਨ।
ਇਹ ਵੀ ਪੜ੍ਹੋ : ਕੇਜਰੀਵਾਲ ਦੀਆਂ ਗਾਰੰਟੀਆਂ ’ਤੇ ਸੁਖਬੀਰ ਨੇ ਖੜ੍ਹੇ ਕੀਤੇ ਸਵਾਲ, ਕਿਹਾ-ਦਿੱਲੀ ’ਚ ਸਾਰਾ ਰੁਜ਼ਗਾਰ ਠੇਕੇ ’ਤੇ
ਮੰਗਲਵਾਰ ਨੂੰ 'ਆਪ' ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ 'ਵਪਾਰੀਆਂ ਅਤੇ ਕਾਰੋਬਾਰੀਆਂ ਨਾਲ, ਕੇਜਰੀਵਾਲ ਜੀ ਦੀ ਗੱਲਬਾਤ' ਕਰਵਾਏ ਪ੍ਰੋਗਰਾਮ ਤਹਿਤ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਇਕ ਬੈਠਕ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਦੇ ਹੱਲ ਲਈ ਰਣਨੀਤੀ ਸਾਂਝੀ ਕੀਤੀ। ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਵਿਚਾਰ ਜਾਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਿਹਾ, ‘‘ਆਪਣੇ ਪੰਜਾਬ ਦੌਰੇ ਦੌਰਾਨ ਜਿਹੜੇ ਵੀ ਐਲਾਨ ਜਾਂ ਗਰੰਟੀਆਂ ਕੇਜਰੀਵਾਲ ਦੇ ਕੇ ਜਾਂਦਾ ਹੈ, ਮੁੱਖ ਮੰਤਰੀ ਚੰਨੀ ਉਨ੍ਹਾਂ ਨੂੰ ਪੂਰਾ ਕਰਨ ਦਾ ਨਾਟਕ ਕਰਦੇ ਹਨ ਅਤੇ ਅਖ਼ਬਾਰਾਂ ’ਚ ਇਸ਼ਤਿਹਾਰ ਜਾਰੀ ਕਰਦੇ ਹਨ ਪਰ ਜ਼ਮੀਨੀ ਪੱਧਰ ’ਤੇ ਚੰਨੀ ਸਰਕਾਰ ਕੁਝ ਨਹੀਂ ਕਰ ਰਹੀ ਕਿਉਂਕਿ ਉਨ੍ਹਾਂ ਦੀ ਨੀਅਤ ਅਤੇ ਨੀਤੀ ਸਾਫ਼ ਨਹੀਂ ਹੈ।’’ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਦੌਰੇ ਸਮੇਂ ਜਦੋਂ ਉਨ੍ਹਾਂ ਕਾਰੋਬਾਰੀਆਂ ਨੂੰ ਪਾਰਟਨਰ ਬਣਾਉਣ ਦਾ ਐਲਾਨ ਕੀਤਾ ਤਾਂ ਦੂਜੇ ਹੀ ਦਿਨ ਚੰਨੀ ਨੇ ਅਖ਼ਬਾਰਾਂ ’ਚ ਇਸ਼ਤਿਹਾਰ ਦੇ ਕੇ ਕਾਰੋਬਾਰੀਆਂ ਨੂੰ ਪਾਰਟਨਰ ਬਣਨ ਦਾ ਸੱਦਾ ਦਿੱਤਾ ਪਰ ਅਸਲੀਅਤ ਇਹ ਹੈ ਕਿ ਮੁੱਖ ਮੰਤਰੀ ਚੰਨੀ ਵੱਲੋਂ 40 ਹਜ਼ਾਰ ਵੈਟ ਨੋਟਿਸ ਵਾਪਸ ਲੈਣ ਦੇ ਐਲਾਨ ਕਰਨ ਦੇ ਬਾਵਜੂਦ ਇਹ ਨੋਟਿਸ ਰੱਦ ਨਹੀਂ ਕੀਤੇ ਗਏ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਦੋ ਵਿਧਾਨ ਸਭਾ ਸੀਟਾਂ ਦੀ ਕੀਤੀ ਅਦਲਾ-ਬਦਲੀ
ਅਰਵਿੰਦ ਕੇਜਰੀਵਾਲ ਨੇ ਆਪਣੇ ਕਾਰੋਬਾਰੀ ਮਿਸ਼ਨ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅੰਮ੍ਰਿਤਸਰ ਦੇ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਸੱਤ ਗਰੰਟੀਆਂ ਦਿੱਤੀਆਂ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਅਮਲ ’ਚ ਲਿਆਂਦੀਆਂ ਜਾਣਗੀਆਂ। ਕੇਜਰੀਵਾਲ ਨੇ ਪਹਿਲੀ ਗਰੰਟੀ ਪੰਜਾਬ ’ਚ ‘ਇੱਕ ਕਮਿਸ਼ਨ’ ਬਣਾਉਣਾ ਹੈ। ਉਨ੍ਹਾਂ ਅਨੁਸਾਰ, ''ਕਮਿਸ਼ਨ ’ਚ ਸਿਰਫ ਕਾਰੋਬਾਰੀ ਹੀ ਮੈਂਬਰ ਹੋਣਗੇ, ਉਹੀ ਫ਼ੈਸਲੇ ਲੈਣਗੇ ਅਤੇ ਨੀਤੀਆਂ ਬਣਾਉਣਗੇ। ਸਰਕਾਰ ਦੇ ਅਧਿਕਾਰੀ ਅਤੇ ਰਾਜਨੀਤਕ ਆਗੂ ਕਮਿਸ਼ਨ ’ਚ ਸ਼ਾਮਲ ਨਹੀਂ ਹੋਣਗੇ।'' ਕੇਜਰੀਵਾਲ ਨੇ ਇੰਸਪੈਕਟਰੀ (ਰੇਡ) ਰਾਜ ਖ਼ਤਮ ਕਰਨ ਦੀ ਦੂਜੀ ਗਰੰਟੀ ਦਿੰਦਿਆਂ ਕਿਹਾ ਕਿ ਕਾਰੋਬਾਰੀ ਖੇਤਰ ’ਚੋਂ ਡਰ ਦਾ ਮਾਹੌਲ ਖ਼ਤਮ ਕੀਤਾ ਜਾਵੇਗਾ ਅਤੇ ਹਫ਼ਤਾ ਵਸੂਲੀ ਅਤੇ ਗੁੰਡਾ ਟੈਕਸ ਬੰਦ ਕੀਤੇ ਜਾਣਗੇ। ਵੈਟ ਰਿਫੰਡ ਬਾਰੇ ਤੀਜੀ ਗਰੰਟੀ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ 'ਤੇ 6 ਮਹੀਨਿਆਂ ’ਚ ਵੈਟ ਰਿਫੰਡ ਦੇ ਮਾਮਲੇ ਹੱਲ ਕੀਤੇ ਜਾਣਗੇ। ਉਦਯੋਗਾਂ ਅਤੇ ਕਾਰੋਬਾਰ ਲਈ ਬਿਜਲੀ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ 'ਆਪ' ਸੁਪਰੀਮੋ ਨੇ ਬਿਜਲੀ ਸੁਧਾਰਾਂ ਦੀ ਚੌਥੀ ਗਰੰਟੀ ਦਿੱਤੀ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਤੋਂ ਨਿਜਾਤ ਦਿਵਾਈ ਜਾਵੇਗੀ ਅਤੇ ਬਿਜਲੀ ਸਪਲਾਈ 24 ਘੰਟੇ 7 ਦਿਨ ਪੱਕੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੀ ਬਿਜਲੀ ਦਾ ਬਹੁਤ ਮਾੜਾ ਹਾਲ ਸੀ ਪਰ ਜਦੋਂ ਉਨ੍ਹਾਂ ਦੀ ਸਰਕਾਰ ਆਈ ਤਾਂ ਬਿਜਲੀ ਢਾਂਚਾ ਸੁਧਾਰਿਆ ਗਿਆ ਅਤੇ ਬਿਜਲੀ ਦੀ ਉਚਿਤ ਅਤੇ ਸਸਤੀ ਵਿਵਸਥਾ ਕੀਤੀ ਗਈ।
'ਪੰਜਾਬ ਬਾਜ਼ਾਰ ਪੋਰਟਲ' ਬਣਾਉਣ ਦੀ ਪੰਜਵੀਂ ਗਰੰਟੀ ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਹਰੇਕ ਵਪਾਰੀ ਆਪਣਾ ਮਾਲ ਆਨਲਾਈਨ ਤਰੀਕੇ ਨਾਲ ਵੇਚ ਸਕੇਗਾ। ਇਸ ਦੇ ਨਾਲ ਹੀ ਕੇਜਰੀਵਾਲ ਨੇ ਪੰਜਾਬ ’ਚ ਕਾਰੋਬਾਰੀਆਂ ਲਈ ਉਚਿਤ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਛੇਵੀਂ ਗਰੰਟੀ ਦਿੱਤੀ। ਉਨ੍ਹਾਂ ਕਿਹਾ ਕਿ ਕਾਰੋਬਾਰੀ ਸ਼ਾਂਤੀ ਪਸੰਦ ਕਰਦੇ ਹਨ ਅਤੇ ਸ਼ਾਂਤਮਈ ਮਾਹੌਲ ’ਚ ਹੀ ਵਪਾਰ ਅਤੇ ਉਦਯੋਗ ਤਰੱਕੀ ਕਰਦੇ ਹਨ। ਇਸ ਲਈ ਕਾਰੋਬਾਰੀਆਂ ਲਈ ਸੁਰੱਖਿਆ ਦੇ ਵੱਖਰੇ ਪ੍ਰਬੰਧ ਕੀਤੇ ਜਾਣਗੇ। ਫੋਕਲ ਪੁਆਇੰਟਾਂ ਬਾਰੇ ਕੇਜਰੀਵਾਲ ਨੇ ਸੱਤਵੀਂ ਗਰੰਟੀ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਉਦਯੋਗਾਂ ਅਤੇ ਕਾਰੋਬਾਰ ਲਈ ਨਵੇਂ ਫੋਕਲ ਪੁਆਇੰਟ ਬਣਾਏ ਜਾਣਗੇ ਅਤੇ ਪੁਰਾਣੇ ਪੁਆਇੰਟਾਂ ’ਚ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਮਹਾਨ ਸਖਸ਼ੀਅਤਾਂ ਦੇ ਇਤਿਹਾਸਕ ਦਿਹਾੜੇ ਸਕੂਲਾਂ 'ਚ ਮਨਾ ਕੇ ਬੱਚਿਆਂ ਨੂੰ ਜਾਣੂੰ ਕਰਵਾਇਆ ਜਾਵੇ : ਪਰਗਟ ਸਿੰਘ
NEXT STORY