ਬਾਘਾਪੁਰਾਣਾ (ਚਟਾਨੀ)—ਵਿਧਾਨ ਸਭਾ ਚੋਣਾਂ ਦੌਰਾਨ ਆਪ ਆਗੂ ਕੇਜਰੀਵਾਲ ਸਮੁੱਚੀ ਟੀਮ ਵਲੋਂ ਨਸ਼ਿਆਂ ਦੇ ਮੁੱਦੇ 'ਤੇ ਕਟਹਿਰੇ 'ਚ ਖੜ੍ਹਾਏ ਗਏ ਬਿਕਰਮ ਸਿੰਘ ਮਜੀਠੀਆ ਤੋਂ ਗੁਆਂਢੀ ਮੰਗ ਦੇ ਖੁਦ ਕਟਹਿਰੇ 'ਚ ਆਣ ਖੜੀ ਆਪ ਦੀ ਤਾਣੀ ਹੁਣ ਬੁਰੀ ਤਰ੍ਹਾਂ ਉਲਝ ਗਈ ਹੈ। ਇਸੇ ਹੀ ਉਲਝੀ ਤਾਣੀ 'ਚੋਂ ਜਨਮੀ ਸੁਖਪਾਲ ਖਹਿਰਾ ਦੀ ਅਗਵਾਈ ਵਾਲੀ 'ਪੰਜਾਬ ਏਕਤਾ ਪਾਰਟੀ' ਹੁਣ ਆਮ ਆਦਮੀ ਪਾਰਟੀ ਲਈ ਵੱਡੀ ਚੁਣੋਤੀ ਬਣੀ ਖੜੀ ਹੈ।
ਕੇਜਰੀਵਾਲ, ਸੰਜੇ ਸਿੰਘ ਅਤੇ ਭਗਵੰਤ ਮਾਨ ਦੀ ਤਿੱਕੜੀ ਦੇ 'ਚਿੱਟੇ' ਖਿਲਾਫ, ਧੂੰਆਧਾਰ ਪ੍ਰਚਾਰ ਨੂੰ ਸਿਖਰੀ ਪਹੁੰਚਾ ਕੇ ਅਕਾਲੀ ਦਲ ਅਤੇ ਖਾਸ ਕਰ ਕੇ ਬਿਕਰਮ ਮਜੀਠੀਆ ਦਾ ਵਿਰੋਧ ਮੁੱਲ ਲੈਣ ਵਾਲੀ 'ਆਪ' ਦੀ ਪਿੰਡਾਂ ਵਿਚਲੀ ਯੂਥ ਲੀਡਰਸ਼ਿਪ ਹੁਣ ਮੁਆਫੀ ਵਾਲੇ ਮੁੱਦੇ ਨੂੰ ਲੈ ਕੇ ਆਪ ਦੀ ਇਸ ਤਿੱਕੜੀ ਨੂੰ ਪਾਣੀ ਪੀ-ਪੀ ਕੇ ਕੋਸ ਰਹੀ ਹੈ। ਸੁਖਪਾਲ ਖਹਿਰਾ ਦੇ ਤਰਕ ਅਤੇ ਦਲੀਲਾਂ ਨਾਲ ਧੁਰ ਅੰਦਰੋਂ ਸਹਿਮਤੀ ਪ੍ਰਗਟਾਅ ਰਹੀ 'ਆਪ' ਦੀ ਯੂਥ ਟੀਮ ਦਾ ਵੱਡਾ ਹਿੱਸਾ ਹੁਣ 'ਪੰਜਾਬੀ ਏਕਤਾ ਪਾਰਟੀ' 'ਚੋਂ ਆਪਣਾ ਭਵਿੱਖ ਤਲਾਸ਼ਣ ਲੱਗਾ ਹੈ। ਆਮ ਆਦਮੀ ਪਾਰਟੀ ਦੇ ਦਮ 'ਚ ਦਮ ਭਰਨ ਵਾਲੇ ਜਵਾਨਾਂ ਦਾ ਕੇਜਰੀਵਾਲ ਨੂੰ ਇਹੀ ਸੁਆਲ ਹੈ ਕਿ ਆਖਿਰ ਕਾਂਗਰਸ ਨੂੰ ਵਿਧਾਨ ਸਭਾ 'ਚ ਚੁਫੇਰਿਓਂ ਘੇਰਨ ਵਾਲੇ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਵਾਲੀ ਕੁਰਸੀ ਤੋਂ ਲਾਂਭੇ ਕਰ ਕੇ ਕਾਂਗਰਸ ਲਈ ਮੈਦਾਨ ਕਿਉਂ ਖਾਲੀ ਕਰਵਾਇਆ ਗਿਆ ਹੈ।
ਪਿਛਲੇ ਪੰਜ ਸਾਲਾਂ ਤੋਂ 'ਆਪ' ਦਾ ਝੰਡਾ ਚੁੱਕ ਕੇ ਗਲੀ-ਗਲੀ ਪ੍ਰਚਾਰ ਕਰਨ ਵਾਲੇ ਆਪ ਦੇ ਹਮਾਇਤੀ ਰਹੇ ਰੇਸ਼ਮ ਸਿੰਘ, ਜਗਦੀਪ ਸਿੰਘ, ਕੇਵਲ ਸਿੰਘ, ਰਮੇਸ਼ ਕੁਮਾਰ, ਛਿੰਦਾ ਸਿੰਘ, ਬਖਤੌਰ ਸਿੰਘ, ਭੋਲੂ ਸਰਮਾ, ਮੇਜਰ ਸਿੰਘ, ਕੇਵਲ ਬਰਾੜ, ਹਰੀ ਰਾਮ ਅਰੋੜਾ, ਕੇਸਰ ਸਿੰਘ, ਬੇਅੰਤ ਬਾਘਾਪੁਰਾਣਾ, ਸੰਦੀਪ ਕੁਮਾਰ ਆਦਿ ਹੁਰਾਂ ਨੇ ਵੱਖਰੇ-ਵੱਖਰੇ ਤੌਰ 'ਤੇ ਭੜਾਸ ਕੱਢਦਿਆਂ ਕਿਹਾ ਕਿ 'ਆਪ' ਆਗੂਆਂ ਨੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਹੈ। 'ਆਪ' ਦੀ ਨਿਰਾਸ਼ ਹੋਈ ਯੂਥ ਲਾਬੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਲਈ ਗਠਿਤ ਹੋਣ ਜਾ ਰਹੇ ਤੀਜੇ ਬਦਲ ਨੂੰ ਮਜ਼ਬੂਤੀ ਦੇ ਰਾਹ ਵੱਲ ਤੋਰਨ ਲਈ ਸਹਿਯੋਗ ਦੇਣ ਤਾਂ ਜੋ ਪੰਜਾਬ ਦੀ ਜਨਤਾ ਨੂੰ ਕਾਂਗਰਸ, ਅਕਾਲੀ ਦਲ ਅਤੇ ਆਪ ਦੇ ਝਮੇਲਿਆ ਤੋਂ ਮੁਕਤ ਕੀਤਾ ਜਾ ਸਕੇ।
ਸਵਾਈਨ ਫਲੂ ਦਾ ਕਹਿਰ ਜਾਰੀ, ਹੁਣ ਭਵਾਨੀਗੜ੍ਹ 'ਚ ਔਰਤ ਦੀ ਮੌਤ
NEXT STORY