ਚੰਡੀਗੜ੍ਹ : ਭਾਜਪਾ ਹਾਈਕਮਾਂਡ ਨੇ ਕੇਵਲ ਸਿੰਘ ਢਿੱਲੋਂ ਵਰਗੇ ਜੱਟ ਸਿੱਖ ਚਿਹਰੇ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਐਲਾਨ ਕੇ ਸਿਆਸੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਨਿਯੁਕਤੀ ਦੇ ਸਿਆਸੀ ਮਾਇਨੇ ਬਹੁਤ ਡੂੰਘੇ ਹਨ। ਕੇਵਲ ਢਿੱਲੋਂ ਦਾ ਮਾਲਵਾ ਦੀ ਸਿਆਸਤ ਵਿਚ ਵੱਡਾ ਆਧਾਰ ਹੈ ਅਤੇ ਮਾਲਵਾ ਦਾ ਸਿਆਸਤ ਹੀ ਪੰਜਾਬ ਵਿਚ ਅਸਲ ਦਿਸ਼ਾ ਤੈਅ ਕਰਦੀ ਹੈ। ਇਕ ਸਿੱਖ ਚਿਹਰੇ ਦੇ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਮਾਲਵਾ ਸਮੇਤ ਪੂਰੇ ਪੰਜਾਬ ਵਿਚ ਆਪਣਾ ਅਕਸ ਸੁਧਾਰਨ ਅਤੇ ਕਿਸਾਨੀ ਹਲਕਿਆਂ ਵਿਚ ਪਹੁੰਚ ਬਣਾਉਣ ਵਿਚ ਮਦਦ ਮਿਲੇਗੀ। 75 ਸਾਲਾ ਕੇਵਲ ਸਿੰਘ ਢਿੱਲੋਂ ਸਿੱਖ ਚਿਹਰਾ ਹੋਣ ਦੇ ਨਾਲ ਨਾਲ ਜ਼ਮੀਨ ਜੁੜੇ ਵਿਅਕਤੀ ਹਨ, ਜੋ ਕਿ ਜੂਨ 2022 ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ, 2007 ਤੋਂ 2017 ਤੱਕ ਬਰਨਾਲਾ ਦੇ ਵਿਧਾਇਕ ਰਹਿ ਚੁੱਕੇ ਹਨ।
ਕੈਪਟਨ ਦੇ ਨਜ਼ਦੀਕੀ ਅਤੇ ਸਫਲ ਕਾਰੋਬਾਰੀ ਹਨ ਢਿੱਲੋਂ
75 ਸਾਲਾ ਕੇਵਲ ਸਿੰਘ ਢਿੱਲੋਂ ਦਾ ਪੰਜਾਬ ਸਿਆਸਤ ਵਿਚ ਵੱਡਾ ਆਧਾਰ ਹੈ। ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਹਨ। ਜੂਨ 2022 ਵਿਚ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਹ ਪਾਰਟੀ ਵਿਚ ਲਗਾਤਾਰ ਸਰਗਰਮ ਭੂਮਿਕਾ ਨਿਭਾਅ ਰਹੇ ਸਨ। ਸਿਆਸਤ ਦੇ ਨਾਲ-ਨਾਲ ਉਹ ਇਕ ਸਫਲ ਅਤੇ ਵੱਡੇ ਕਾਰੋਬਾਰੀ ਵਜੋਂ ਵੀ ਜਾਣੇ ਜਾਂਦੇ ਹਨ। ਦੇਸ਼ ਅਤੇ ਪੰਜਾਬ ਦੋਵਾਂ ਵਿਚ ਉਹ ਪ੍ਰਮੁੱਖ ਉਦਯੋਗਪਤੀ ਹਨ। ਉਹ ਲਗਾਤਾਰ ਦੋ ਵਾਰ ਬਰਨਾਲਾ ਤੋਂ ਵਿਧਾਇਕ ਰਹੇ। ਉਨ੍ਹਾਂ ਕੋਲ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜਨ ਅਤੇ ਸਿਆਸੀ ਸੰਗਠਨ ਚਲਾਉਣ ਦਾ ਲੰਬਾ ਤਜ਼ਰਬਾ ਹੈ।
2027 ਦੀਆਂ ਚੋਣਾਂ ਅਤੇ ਕਾਡਰ ਨੈੱਟਵਰਕ ਮਜ਼ਬੂਤ ਕਰਨ ਦੀ ਚੁਣੌਤੀ
ਪੰਜਾਬ ਵਿਚ ਭਾਜਪਾ ਇਸ ਵੇਲੇ ਆਪਣੇ ਦਮ 'ਤੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਵਿਚ ਕੇਵਲ ਸਿੰਘ ਢਿੱਲੋਂ ਦੇ ਮੋਢਿਆਂ 'ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਪਾਰਟੀ ਦੇ ਕਾਡਰ ਨੈੱਟਵਰਕ ਨੂੰ ਮਜ਼ਬੂਤ ਕਰਨ ਦੀ ਹੋਵੇਗੀ। ਸਭ ਵੱਡੀ ਚੁਣੌਤੀ ਪਿੰਡਾਂ ਅਤੇ ਕਸਬਿਆਂ ਵਿਚ ਭਾਜਪਾ ਦੇ ਆਧਾਰ ਨੂੰ ਵਧਾਉਣਾ ਹੈ। ਇਸ ਤੋਂ ਇਲਾਵਾ ਪੁਰਾਣੇ ਭਾਜਪਾ ਆਗੂਆਂ ਅਤੇ ਦੂਜੀਆਂ ਪਾਰਟੀਆਂ ਵਿਚੋਂ ਆਏ ਨਵੇਂ ਆਗੂਆਂ ਵਿਚਾਲੇ ਤਾਲਮੇਲ ਬਣਾਉਣਾ ਵੀ ਇਸ ਸਮੇਂ ਵੱਡੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ। ਦੂਜੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਇਕ ਮਜ਼ਬੂਤ ਬਦਲ ਵਜੋਂ ਪੇਸ਼ ਕਰਨਾ ਵੀ ਢਿੱਲੋਂ ਲਈ ਅਹਿਮ ਕੰਮ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਢਿੱਲੋਂ ਅਗਲੇ ਕੁਝ ਮਹੀਨਿਆਂ ਵਿਚ ਪਾਰਟੀ ਦੇ ਅੰਦਰੂਨੀ ਢਾਂਚੇ ਵਿਚ ਕੀ ਬਦਲਾਅ ਕਰਦੇ ਹਨ ਅਤੇ 2027 ਦੀ ਚੁਣੌਤੀ ਨਾਲ ਕਿਵੇਂ ਨਜਿੱਠਦੇ ਹਨ।
ਹੁਣ ਜਲੰਧਰ ਦੇ ਇਨ੍ਹਾਂ ਚੌਕਾਂ 'ਚ ਵੀ ਕੱਟੇ ਜਾਣਗੇ ਆਨਲਾਈਨ ਚਲਾਨ! ਨੋਟ ਕਰ ਲਓ ਤਾਰੀਖ਼
NEXT STORY