ਖਡੂਰ ਸਾਹਿਬ, (ਕੁਲਾਰ)- ਇਤਿਹਾਸਕ ਨਗਰ ਖਡੂਰ ਸਾਹਿਬ ਤੋਂ ਨਾਗੋਕੇ ਮੋੜ ਨੂੰ ਜਾਂਦੀ ਲਿੰਕ ਸੜਕ 'ਚ ਥਾਂ-ਥਾਂ ਟੋਏ ਪੈਣ ਕਰ ਕੇ ਜਿੱਥੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਹੁਣ ਤੱਕ ਕਈ ਹਾਦਸੇ ਵੀ ਵਾਪਰ ਚੁਕੇ ਹਨ, ਜਿਸ 'ਚ ਭਾਵੇਂ ਕਿਸੇ ਵਿਅਕਤੀ ਦਾ ਜਾਨੀ ਨੁਕਸਾਨ ਨਾ ਹੋਇਆ ਹੋਵੇ ਪਰ ਵਾਹਨਾਂ ਦਾ ਨੁਕਸਾਨ ਜ਼ਰੂਰ ਹੋ ਰਿਹਾ ਹੈ। ਇਸ ਤੋਂ ਜਾਣੂ ਪੀ. ਡਬਲਿਊ. ਡੀ. ਮਹਿਕਮਾ ਅੱਖਾਂ ਬੰਦ ਕਰ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਜ਼ਿਕਰਯੋਗ ਹੈ ਕਿ ਸਬੰਧਤ ਮਹਿਕਮੇ ਵੱਲੋਂ ਸੜਕ 'ਤੇ ਪਏ ਟੋਇਆਂ 'ਚ ਮਿੱਟੀ ਪਾ ਕੇ ਡੰਗ ਟਪਾਇਆ ਜਾ ਰਿਹਾ ਹੈ। ਆਮ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਇਤਿਹਾਸਕ ਨਗਰ ਖਡੂਰ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਇਤਿਹਾਸਕ ਨਗਰ ਨੂੰ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਸਬਧੰਤ ਮਸਲੇ ਸਬੰਧੀ ਜਦੋਂ ਪੀ. ਡਬਲਿਊ. ਡੀ. ਵਿਭਾਗ ਦੇ ਐਕਸ਼ੀਅਨ ਸੁਖਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਸੜਕ ਕਿਸੇ ਸਕੀਮ 'ਚ ਨਹੀਂ ਹੈ ਅਤੇ ਇਸ ਦਾ ਮੇਨਟੀਨੈਂਸ ਦਾ ਟਾਈਮ ਵੀ ਪੂਰਾ ਹੋ ਚੁੱਕਾ ਹੈ। ਇਸ ਲਈ ਹੁਣ ਜਦੋਂ ਸਰਕਾਰ ਉਕਤ ਸੜਕ ਨੂੰ ਬਣਾਉਣ ਲਈ ਕਿਸੇ ਸਕੀਮ ਤਹਿਤ ਪੈਸੇ ਭੇਜੇਗੀ ਤਾਂ ਸੜਕ ਬਣਾ ਦਿੱਤੀ ਜਾਵੇਗੀ।
ਇਸ ਮੌਕੇ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਗੁੰਮਰਾਹ ਕਰ ਰਹੀ ਹੈ ਅਤੇ ਸੜਕਾਂ 'ਤੇ ਮਿੱਟੀ ਪਾ ਕੇ ਡੰਗ ਟਪਾ ਰਹੀ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਹੀ ਸਾਬਿਤ ਹੋ ਰਹੀ ਹੈ। ਇਸ ਸਮੇਂ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਹਲਕਾ ਬਾਬਾ ਬਕਾਲਾ ਤੋਂ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਖਜ਼ਾਨਾ ਖਾਲੀ ਕਰ ਕੇ ਪੰਜਾਬ ਸਿਰ ਹਜ਼ਾਰਾਂ ਕਰੋੜ ਦਾ ਕਰਜ਼ਾ ਛੱਡ ਕੇ ਗਈ ਹੈ ਪਰ ਕਾਂਗਰਸ ਸਰਕਾਰ ਵੱਲੋਂ ਫਿਰ ਵੀ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ਾ ਮੁਆਫ ਕਰ ਦਿੱਤਾ ਗਿਆ ਹੈ ਅਤੇ ਬਹੁਤ ਜਲਦੀ ਹੁਣ ਪੰਜਾਬ ਦੀਆਂ ਸਾਰੀਆਂ ਸੜਕਾਂ ਦੀ ਰਿਪੇਅਰ ਕਰਵਾਈ ਜਾ ਰਹੀ ਹੈ ਅਤੇ ਮੁੱਖ ਮੰਤਰੀ ਵੱਲੋਂ ਪਿੰਡਾਂ ਦੇ ਵਿਕਾਸ ਲਈ ਵੀ ਗ੍ਰਾਂਟਾਂ ਜਾਰੀ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ।
ਤੀਜੀ ਕਲਾਸ ਦੇ ਵਿਦਿਆਰਥੀ ਨਾਲ ਕੁਕਰਮ, 2 ਗ੍ਰਿਫਤਾਰ
NEXT STORY