ਚੰਡੀਗੜ (ਸ਼ਰਮਾ) - ਸਿੰਚਾਈ ਵਿਭਾਗ ਵਿਚ ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਦਾ ਸ਼ਾਮਲ ਹੋਣਾ ਮਾਈਨਿੰਗ ਘੋਟਾਲੇ ਵਿਚ ਜਨਤਕ ਹੋਣ ਮਗਰੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਇਕ ਵਾਰ ਫਿਰ ਮਾਈਨਿੰਗ ਘੋਟਾਲੇ ਦੀ ਜਾਂਚ ਲਈ ਗਠਿਤ ਜਸਟਿਸ ਨਾਰੰਗ ਕਮਿਸ਼ਨ ਦੀ ਨਿਰਪੱਖ ਜਾਂਚ 'ਤੇ ਸਵਾਲ ਉਠਾਏ ਹਨ। ਕਮਿਸ਼ਨ ਪ੍ਰਮੁੱਖ ਜਸਟਿਸ ਜੇ. ਐੱਸ. ਨਾਰੰਗ ਦੇ ਨਾਮ ਖੁੱਲ੍ਹੇ ਪੱਤਰ ਵਿਚ ਖਹਿਰਾ ਨੇ ਦੋਸ਼ ਲਾਇਆ ਕਿ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਾਈਨਿੰਗ ਘੋਟਾਲੇ ਵਿਚ ਸਿਰਫ਼ ਕਲੀਨ ਚਿੱਟ ਪ੍ਰਦਾਨ ਕਰਨ ਲਈ ਜਾਂਚ ਦੇ ਨਾਮ 'ਤੇ ਜਸਟਿਸ ਨਾਰੰਗ ਨੇ ਧੋਖੇਬਾਜ਼ੀ ਕੀਤੀ ਹੈ। ਇਸ ਦੋਸ਼ ਦੇ ਨਾਲ ਖਹਿਰਾ ਨੇ ਜਸਟਿਸ ਨਾਰੰਗ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਤੇ ਕਮਿਸ਼ਨ ਪ੍ਰਮੁੱਖ ਦੇ ਰੂਪ 'ਚ ਸਰਕਾਰੀ ਖਜ਼ਾਨੇ ਤੋਂ ਮਿਲੇ ਤਨਖਾਹ, ਭੱਤਿਆਂ ਸਮੇਤ ਹੋਰ ਸਹੂਲਤਾਂ ਲਈ ਹੋਏ ਖਰਚ ਨੂੰ ਸਰਕਾਰੀ ਖਜ਼ਾਨੇ ਵਿਚ ਵਾਪਸ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਹੈ।
ਖਹਿਰਾ ਨੇ ਪੱਤਰ ਵਿਚ ਲਿਖਿਆ ਹੈ ਕਿ ਜਸਟਿਸ ਨਾਰੰਗ ਨੇ ਆਪਣੀ ਰਿਪੋਰਟ ਵਿਚ ਅਮਿਤ ਬਹਾਦੁਰ ਅਤੇ ਕੁਲਵਿੰਦਰਪਾਲ ਸਿੰਘ ਨੂੰ ਸਨਜੀਤ ਰੰਧਾਵਾ ਅਤੇ ਸਾਹਿਲ ਸਿੰਗਲਾ ਦਾ ਹੱਥਠੋਕਾ ਆਖਿਆ ਹੈ, ਜਦਕਿ ਕਾਰਪੋਰੇਟ ਅਫੇਅਰਸ ਮੰਤਰਾਲਾ ਅਨੁਸਾਰ ਅਮਿਤ ਬਹਾਦੁਰ ਅੱਜ ਰਾਣਾ ਗੁਰਜੀਤ ਸਿੰਘ ਦੀ ਮਾਲਕੀ ਵਾਲੀ ਰਾਜਬੀਰ ਇੰਟਰਪ੍ਰਾਈਜ਼ ਦਾ ਡਾਇਰੈਕਟਰ ਹੈ। ਰਾਣਾ ਪਰਿਵਾਰ ਦੀ ਮਾਲਕੀ ਵਾਲੀ ਵਾਲੀਆਂ ਕੰਪਨੀਆਂ, ਜਿਨ੍ਹਾਂ ਦਾ ਪਤਾ ਵੀ ਸੈਕਟਰ-8 ਵਿਚ ਉਹੀ ਹੈ, ਜੋ ਰਾਣਾ ਸ਼ੂਗਰ ਮਿੱਲ ਦਾ ਹੈ, ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਡਾਇਰੈਕਟਰ ਮਾਈਨਿੰਗ ਅਮਿਤ ਢਾਕਾ ਨੇ ਤੁਹਾਡੇ ਸਾਹਮਣੇ ਬਿਆਨ ਦਿੰਦੇ ਹੋਏ ਇਹ ਮੰਨਿਆ ਕਿ ਨਿਲਾਮੀ ਬਾਰੇ ਦਾਗੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਉਸ ਨੂੰ ਟੈਲੀਫੋਨ ਕੀਤਾ ਸੀ ਪਰ ਤੁਸੀਂ ਕਦੇ ਵੀ ਰਾਣਾ ਗੁਰਜੀਤ ਸਿੰਘ ਨੂੰ ਸੰਮਨ ਨਹੀਂ ਕੀਤਾ ਅਤੇ ਨਾ ਉਸ ਦੇ ਬਿਆਨ ਦਰਜ ਕੀਤੇ ਅਤੇ ਨਾ ਫੋਨ ਕਾਲ ਦੀ ਡੂੰਘਾਈ ਵਿਚ ਜਾਣ ਦੀ ਕੋਸ਼ਿਸ਼ ਕੀਤੀ।
ਸਿੰਚਾਈ ਘੋਟਾਲੇ ਦੇ ਮੁੱਖ ਘੋਟਾਲੇਬਾਜ਼ ਅਤੇ ਠੇਕੇਦਾਰ ਮੁਲਜ਼ਮ ਗੁਰਿੰਦਰ ਸਿੰਘ ਨੇ ਸਾਹਿਲ ਸਿੰਗਲਾ ਦੇ ਭਤੀਜੇ ਜਤਿਨ ਗਰਗ ਦੇ ਖਾਤੇ ਵਿਚ 5 ਕਰੋੜ ਰੁਪਏ ਟਰਾਂਸਫਰ ਕੀਤੇ, ਜੋ ਕਿ ਨਿਲਾਮੀ ਰਾਸ਼ੀ ਵਾਸਤੇ ਰਾਜਬੀਰ ਇੰਟਰਪ੍ਰਾਈਜਿਜ਼ ਨੂੰ ਟਰਾਂਸਫਰ ਕਰ ਦਿੱਤੇ ਗਏ ਅਤੇ ਭ੍ਰਿਸ਼ਟਾਚਾਰ ਸਬੰਧੀ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਪੈਸੇ ਦੀ ਵੱਡੀ ਰਕਮ ਰਿਲੀਜ਼ ਕੀਤੀ। ਖਹਿਰਾ ਨੇ ਪੱਤਰ ਵਿਚ ਲਿਖਿਆ ਕਿ ਸਿਰਫ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਪ੍ਰਦਾਨ ਕਰਨ ਦੇ ਨਾਮ 'ਤੇ ਕੀਤੀ ਗਈ ਇਸ ਜਾਂਚ ਦੇ ਨਾਮ 'ਤੇ ਕਮਿਸ਼ਨ ਵਲੋਂ ਕੀਤੇ ਧੋਖੇ ਲਈ ਜਸਟਿਸ ਨਾਰੰਗ ਕਮਿਸ਼ਨ ਜਨਤਕ ਤੌਰ 'ਤੇ ਮੁਆਫੀ ਮੰਗੇ ਤੇ ਸਰਕਾਰ ਕਮਿਸ਼ਨ ਦੇ ਗਠਨ 'ਤੇ ਪੂਰੇ ਖਰਚ ਦੀ ਰਿਕਵਰੀ ਕਰੇ।
ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ : ਵਿੰਨੀ ਮਹਾਜਨ
NEXT STORY