ਸੰਗਰੂਰ, (ਬੇਦੀ, ਹਰਜਿੰਦਰ)– ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਦੇ ਸੰਕੇਤ ਦਿੱਤੇ ਪਰ ਨਾਲ ਹੀ ਖਹਿਰਾ ਧੜੇ ਦੀ ਘਰ ਵਾਪਸੀ ਲਈ ਯਤਨ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਖਹਿਰਾ ਅਤੇ ਸੰਧੂ ਖਿਲਾਫ਼ ਮਾਮਲਾ ਅਨੁਸ਼ਾਸਨੀ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ, ਜਿਸ 'ਤੇ ਜਲਦ ਕੋਈ ਫੈਸਲਾ ਲਿਆ ਜਾਵੇਗਾ।
ਆਪਣੇ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਖੁਦਮੁਖਤਿਆਰੀ ਦਾ ਮੁੱਦਾ ਸੁਖਪਾਲ ਸਿੰਘ ਖਹਿਰਾ ਉਠਾ ਰਹੇ ਹਨ, ਉਹ ਤਾਂ ਪਹਿਲਾਂ ਹੀ ਇਸ ਦਾ ਆਨੰਦ ਮਾਣਦੇ ਆ ਰਹੇ ਹਨ। ਖਹਿਰਾ ਨੂੰ ਕਦੇ ਰੋਕਿਆ ਨਹੀਂ ਗਿਆ ਕਿ ਕਿੱਥੇ ਕੀ ਬੋਲਣਾ ਹੈ, ਕੀ ਬਿਆਨ ਦੇਣਾ ਹੈ। ਖਹਿਰਾ ਅਤੇ ਕੰਵਰ ਸੰਧੂ ਨੂੰ ਮਨਮਰਜ਼ੀ ਦੀਆਂ ਟਿਕਟਾਂ ਦਿੱਤੀਆਂ ਗਈਆਂ। ਦੋਵਾਂ ਹਲਕਿਆਂ ਵਿਚ ਬੂਥ ਇੰਚਾਰਜ ਉਨ੍ਹਾਂ ਨੂੰ ਪੁੱਛ ਕੇ ਮਨਮਰਜ਼ੀ ਦੇ ਲਾਏ ਗਏ। ਪਾਰਟੀ ਕੋਲ ਕੈਬਨਿਟ ਰੈਂਕ ਦਾ ਇਕੋ ਵੱਡਾ ਅਹੁਦਾ ਸੀ, ਉਹ ਵੀ ਸੁਖਪਾਲ ਸਿੰਘ ਨੂੰ ਦਿੱਤਾ ਗਿਆ ਪਰ ਇਹ ਅਹੁਦਾ ਉਨ੍ਹਾਂ ਤੋਂ ਸੰਭਾਲਿਆ ਨਹੀਂ ਗਿਆ।
ਬਾਗੀ ਵਿਧਾਇਕਾਂ ਵੱਲੋਂ ਜਲਦਬਾਜ਼ੀ ਵਿਚ ਫੈਸਲੇ ਲਏ ਗਏ। ਉਨ੍ਹਾਂ ਮੁਤਾਬਕ ਮਾਮਲਾ ਇੰਨਾ ਵਧਣਾ ਨਹੀਂ ਚਾਹੀਦਾ ਸੀ, ਜਿੰਨਾ ਵਧਾ ਲਿਆ ਗਿਆ ਹੈ। ਉਨ੍ਹਾਂ ਨੂੰ ਖੁਦ ਵੀ ਅਹਿਸਾਸ ਹੋ ਰਿਹਾ ਹੋਵੇਗਾ ਕਿ ਹੁਣ ਪਿੱਛੇ ਮੁੜਨਾ ਔਖਾ ਹੈ।
'ਆਪ' ਪ੍ਰਧਾਨ ਨੇ ਖਹਿਰਾ ਦੀਆਂ ਸਰਗਰਮੀਆਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਹਮੇਸ਼ਾ ਪਾਰਟੀ ਵੱਡੀ ਹੁੰਦੀ ਹੈ, ਕੋਈ ਵਿਅਕਤੀ ਵੱਡਾ ਨਹੀਂ ਹੁੰਦਾ। ਜਥੇਦਾਰ ਗੁਰਚਰਨ ਸਿੰਘ ਟੌਹੜਾ, ਨਟਵਰ ਸਿੰਘ, ਉਮਾ ਭਾਰਤੀ, ਸ਼ਰਦ ਯਾਦਵ, ਕਲਿਆਣ ਸਿੰਘ, ਜਿਹੜੇ ਵੀ ਆਗੂਆਂ ਨੇ ਪਾਰਟੀਆਂ ਨਾਲ ਬਗਾਵਤਾਂ ਕੀਤੀਆਂ, ਉਹ ਜਾਂ ਘਰ ਬੈਠ ਗਏ ਜਾਂ ਫਿਰ ਪਾਰਟੀ 'ਚ ਪਰਤਣਾ ਪਿਆ। ਮਾਨ ਨੇ ਕਿਹਾ ਕਿ ਉਹ ਪ੍ਰਧਾਨਗੀ ਦੇ ਸ਼ੌਕੀਨ ਨਹੀਂ ਹਨ, ਉਹ ਤਾਂ ਸਿਰਫ਼ ਵਾਲੰਟੀਅਰ ਵਜੋਂ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਉਨ੍ਹਾਂ ਆਪਣਾ ਅਸਤੀਫਾ ਵਾਪਸ ਨਹੀਂ ਲਿਆ ਹੈ। ਪੰਜਾਬ ਲੀਡਰਸ਼ਿਪ ਨੇ ਹਾਈਕਮਾਂਡ ਨੂੰ ਲਿਖਿਆ ਹੈ ਕਿ ਅਸਤੀਫ਼ਾ ਰੱਦ ਕਰ ਦਿੱਤਾ ਜਾਵੇ ਅਤੇ ਜਦੋਂ ਸੁਪਰੀਮੋ ਅਰਵਿੰਦ ਕੇਜਰੀਵਾਲ ਬੁਲਾਉਣਗੇ ਤਾਂ ਵਿਚਾਰ ਕਰਾਂਗੇ।
6 ਮੁਕੱਦਮਿਆਂ ’ਚ ਜੇਲ ਜਾ ਚੁੱਕਾ ਮੁਲਜ਼ਮ ਚੋਰੀ ਦੇ ਮਾਮਲੇ ’ਚ ਗ੍ਰਿਫਤਾਰ, 2 ਸਾਥੀ ਫਰਾਰ
NEXT STORY