ਖੰਨਾ (ਸੁਨੀਲ)- ਕੈਨੇਡਾ ਭੇਜਣ ਦਾ ਸਬਜ਼ਬਾਗ ਦਿਖਾ ਕੇ ਟਰੈਵਲ ਏਜੰਟਾਂ ਦੁਆਰਾ ਇਕ ਨੌਜਵਾਨ ਤੋਂ 15 ਲੱਖ ਰੁਪਏ ਠੱਗ ਲਏ ਗਏ, ਜਿਸ ਕਾਰਨ ਪ੍ਰੇਸ਼ਾਨੀ ਦੀ ਹਾਲਤ ’ਚ ਨੌਜਵਾਨ ਨੇ ਆਪਣੇ ਉੱਤੇ ਪੈਟਰੋਲ ਪਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੂੰ ਝੁਲਸੀ ਹੋਈ ਹਾਲਤ ’ਚ ਖੰਨਾ ਦੇ ਸਿਵਲ ਹਸਪਤਾਲ ’ਚ ਲਿਆਂਦਾ ਗਿਆ, ਜਿੱਥੇ ਉਸਦੀ ਹਾਲਤ ਵਿਗਡ਼ਦੀ ਵੇਖ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਿਵਾਰ ਵਾਲਿਆਂ ਨੇ ਇਸ ਸਬੰਧੀ ਇਕ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ, ਜਿਸ ’ਤੇ ਅੱਜ ਪੁਲਸ ਪੀਡ਼ਤ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕਰੇਗੀ। ਇਸ ਸਬੰਧ ਵਿਚ ਪੀਡ਼ਤ ਦੇ ਚਚੇਰੇ ਭਰਾ ਹਰਜੀਤ ਸਿੰਘ ਜੋ ਕਿ ਫੌਜ ਦਾ ਜਵਾਨ ਹੈ ਨੇ ਦੱਸਿਆ ਕਿ ਉਸਦੀ ਮਾਸੀ ਦਾ ਪੁੱਤਰ ਮਨਦੀਪ ਸਿੰਘ ਨਿਵਾਸੀ ਪਿੰਡ ਸਰਵਰਪੁਰ ਜੋ ਕਿ ਖੇਤੀਬਾਡ਼ੀ ਕਰਦਾ ਹੈ ਦੀ ਕੁਝ ਸਮਾਂ ਪਹਿਲਾਂ ਨਵਾਂਸ਼ਹਿਰ ਦੇ ਦੋ ਏਜੰਟਾਂ ਨਾਲ ਮੁਲਾਕਾਤ ਹੋ ਗਈ। ਇਨ੍ਹਾਂ ’ਚੋਂ ਇਕ ਲੇਡੀ ਏਜੰਟ ਨੇ ਦੱਸਿਆ ਕਿ ਉਸਦੀ ਕੈਨੇਡਾ ਅੰਬੈਂਸੀ ਵਿਚ ਚੰਗੀ ਜਾਣ-ਪਛਾਣ ਹੈ ਅਤੇ ਉਹ ਪਿਛਲੇ ਕਾਫ਼ੀ ਸਮੇਂ ਤੋਂ ਲੋਕਾਂ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦਾ ਕਾਰੋਬਾਰ ਕਰਦੇ ਹਨ। ਇਸ ’ਚ ਉਨ੍ਹਾਂ ਨੇ ਮਨਦੀਪ ਅਤੇ ਉਸਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਕੋਲੋਂ ਕੁਲ 15 ਲੱਖ 50 ਹਜ਼ਾਰ ਰੁਪਏ ਲੈ ਲਏ। ਇਹ ਪੈਸਾ ਉਨ੍ਹਾਂ ਲੋਕਾਂ ਨੇ ਤਿੰਨ ਕਿਸ਼ਤਾਂ ਵਿਚ ਅਦਾ ਕੀਤਾ, ਉਥੇ ਹੀ ਮਨਦੀਪ ਨੇ ਆਪਣੀ ਜ਼ਮੀਨ ਨੂੰ ਵੇਚਦੇ ਹੋਏ ਕੁਲ ਅੱਠ ਲੱਖ ਰੁਪਏ ਇਕੱਠੇ ਕੀਤੇ ਅਤੇ ਬਾਕੀ ਪੈਸਿਆਂ ਦੀ ਸਹਾਇਤਾ ਉਸਦੀ ਭੈਣ ਨੇ ਕੀਤੀ। ਲਗਭਗ ਦੋ ਮਹੀਨੇ ਪਹਿਲਾਂ ਟਰੈਵਲ ਏਜੰਟ ਉਨ੍ਹਾਂ ਦੇ ਪਿੰਡ ਆਏ ਅਤੇ ਉਨ੍ਹਾਂ ਨੇ ਵੀਜ਼ਾ ਦਿਖਾਉਂਦੇ ਹੋਏ ਟਿਕਟ ਲਈ ਵੀ ਪੈਸੇ ਲੈ ਲਏ। ਕਾਫ਼ੀ ਸਮਾਂ ਨਿਕਲ ਜਾਣ ’ਤੇ ਜਦੋਂ ਏਜੰਟਾਂ ਨੇ ਵੀਜ਼ੇ ਨੂੰ ਵੈਰੀਫਾਈ ਨਹੀਂ ਕਰਵਾਇਆ ਤਾਂ ਉਨ੍ਹਾਂ ਦੇ ਮਨ ’ਚ ਸ਼ੱਕ ਪੈਦਾ ਹੋਇਆ। ਇਸ ਦੌਰਾਨ ਉਕਤ ਦੋਵੇਂ ਏਜੰਟਾਂ ਨੇ ਆਪਣਾ ਫੋਨ ਬੰਦ ਕਰ ਲਿਆ। ਪਰ ਦੋ ਦਿਨ ਪਹਿਲਾਂ ਉਕਤ ਏਜੰਟਾਂ ਨੇ ਫਿਰ ਉਨ੍ਹਾਂ ਨੂੰ ਆਪਣਾ ਸਾਮਾਨ ਤਿਆਰ ਰੱਖਣ ਨੂੰ ਕਹਿੰਦੇ ਹੋਏ ਟਿਕਟ ਭੇਜਣ ਦੀ ਗੱਲ ਵੀ ਕਹੀ। ਪਰ ਫਿਰ ਉਨ੍ਹਾਂ ਨਾਲ ਸੰਪਰਕ ਨਾ ਹੋਣ ਦੀ ਸੂਰਤ ’ਚ ਜਦੋਂ ਉਹ ਨਵਾਂਸ਼ਹਿਰ ਉਨ੍ਹਾਂ ਦੇ ਦਫਤਰ ਪੁੱਜੇ ਤਾਂ ਪਤਾ ਲੱਗਾ ਕਿ ਉਹ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਇੱਥੇ ਨਹੀਂ ਰਹਿ ਰਹੇ। ਘਟਨਾ ਵਾਲੇ ਦਿਨ ਵਕਤ ਕਰੀਬ ਰਾਤ ਇਕ ਵਜੇ ਪ੍ਰੇਸ਼ਾਨੀ ਦੇ ਆਲਮ ’ਚ ਮਨਦੀਪ ਨੇ ਘਰ ’ਚ ਪਏ ਪੈਟਰੋਲ ਨੂੰ ਆਪਣੇ ਉੱਪਰ ਪਾ ਕੇ ਅੱਗ ਲਾ ਲਈ। ਰੌਲਾ ਪੈਣ ’ਤੇ ਉਸਦੇ ਪਿਤਾ, ਭਰਾ ਅਤੇ ਭਰਜਾਈ ਨੇ ਅੱਗ ਬੁਝਾ ਕੇ ਉਸਨੂੰ ਪਹਿਲਾਂ ਇਕ ਪ੍ਰਾਈਵੇਟ ਡਾਕਟਰ ਦੇ ਕੋਲ ਵਿਖਾਇਆ ਪਰ ਹਾਲਤ ਵਿਗੜਨ ਕਾਰਨ ਉਸਨੂੰ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ ਅਤੇ ਬਾਅਦ ਵਿਚ ਲੁਧਿਆਣਾ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਆਈ. ਓ. ਹਰਜਿੰਦਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਨਦੀਪ ਸਿੰਘ ਦੇ ਬਿਆਨ ਦਰਜ ਕੀਤੇ ਜਾਣਗੇ। ਇਸਦੇ ਉਪਰੰਤ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਪਿਉ-ਧੀ ਨੂੰ ਬੁਰੀ ਤਰ੍ਹਾਂ ਕੁੱਟਿਆ
NEXT STORY