ਡੇਹਲੋਂ(ਡਾ. ਪ੍ਰਦੀਪ)-ਪਿੰਡ ਸਾਇਆਂ ਤੋਂ ਬਲੀ ਦੇਣ ਦੀ ਨੀਅਤ ਨਾਲ ਇਕ ਢਾਈ ਕੁ ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ 2 ਵਿਅਕਤੀਆਂ (ਲੜਕੇ ਤੇ ਲੜਕੀ) ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਅਗਵਾ ਕੀਤੇ ਬੱਚੇ ਸ਼ਿਵਮ ਕੁਮਾਰ ਨੂੰ ਬਰਾਮਦ ਕਰ ਲਿਆ ਹੈ। ਅੱਜ ਥਾਣਾ ਡੇਹਲੋਂ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਮੌਕੇ ਡੇਹਲੋਂ ਦੇ ਥਾਣਾ ਮੁਖੀ ਕੁਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਸਾਇਆਂ ਵਾਸੀ ਮਾਨਿਕ ਚੌਧਰੀ ਪੁੱਤਰ ਬਨਾਰਸੀ ਦਾਸ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਹ ਸਾਇਆਂ ਲੁੱਕ ਪਲਾਂਟ ਵਿਖੇ ਪਿਛਲੇ 15-20 ਸਾਲਾਂ ਤੋਂ ਰਹਿੰਦਾ ਹੈ ਅਤੇ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ। ਉਸਦਾ ਢਾਈ ਕੁ ਸਾਲਾਂ ਦਾ ਇਕ ਲੜਕਾ ਸ਼ਿਵਮ ਕੁਮਾਰ ਹੈ। ਬੀਤੀ 18 ਜੂਨ ਨੂੰ ਉਸਦਾ ਇਕ ਦੋਸਤ ਚੰਦਨ ਤਿਵਾੜੀ ਉਰਫ ਪਿੰਜੂ ਉਰਫ ਅਮਨ ਤਿਵਾੜੀ ਪੁੱਤਰ ਸੁਨੀਲ ਤਿਵਾੜੀ ਵਾਸੀ ਲੁਧਿਆਣਾ ਇਕ ਲੜਕੀ ਨਾਲ ਉਸਦੇ ਘਰ ਆਇਆ ਅਤੇ ਜਦੋਂ ਉਹ (ਮਾਨਿਕ ਚੌਧਰੀ) ਉਨ੍ਹਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕਰਨ ਲਈ ਗਿਆ ਤਾਂ ਚੰਦਨ ਤਿਵਾੜੀ ਅਤੇ ਉਸ ਨਾਲ ਆਈ ਲੜਕੀ ਪਰਮਿੰਦਰ ਕੌਰ ਉਰਫ ਸੋਨੀਆ ਪੁੱਤਰੀ ਸੁਖਮਿੰਦਰ ਸਿੰਘ ਵਾਸੀ ਬੈਰੋਵਾਲ ਜ਼ਿਲਾ ਤਰਨਤਾਰਨ ਉਸਦੇ ਲੜਕੇ ਸ਼ਿਵਮ ਕੁਮਾਰ ਨੂੰ ਬਲੀ ਦੇਣ ਦੀ ਮਨਸ਼ਾ ਨਾਲ ਅਗਵਾ ਕਰਕੇ ਲੈ ਗਏ। ਇਸ ਸਬੰਧੀ ਮਾਨਿਕ ਚੌਧਰੀ ਨੇ ਪਹਿਲਾਂ ਖੁਦ ਬੱਚੇ ਨੂੰ ਲੱਭਿਆ ਫਿਰ ਡੇਹਲੋਂ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਡੇਹਲੋਂ ਪੁਲਸ ਨੇ ਕਥਿਤ ਦੋਸ਼ੀਆਂ ਚੰਦਨ ਤਿਵਾੜੀ ਤੇ ਪਰਮਿੰਦਰ ਕੌਰ ਵਿਰੁੱਧ 25 ਜੂਨ ਨੂੰ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸਹਾਇਕ ਥਾਣੇਦਾਰ ਸੁਭਾਸ਼ ਚੰਦ ਨੇ ਦੱਸਿਆ ਕਿ ਇਸ ਸਬੰਧੀ ਖਰੜ ਪੁਲਸ ਨੂੰ ਵੀ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਛੋਟੇ ਬੱਚੇ ਨਾਲ ਸ਼ੱਕੀ ਹਾਲਤ 'ਚ ਘੁੰਮ ਰਹੇ ਹਨ। ਖਰੜ ਪੁਲਸ ਨਾਲ ਕੀਤੀ ਕਾਰਵਾਈ 'ਚ ਇਹ ਕਥਿਤ ਦੋਸ਼ੀ ਖਾਨਪੁਰ (ਨੇੜੇ ਖਰੜ) ਤੋਂ ਇਕ ਸੁੰਨਸਾਨ ਜਗ੍ਹਾ ਤੋਂ ਮਿਲੇ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਡੇਹਲੋਂ ਪੁਲਸ ਨੇ ਗ੍ਰਿਫਤਾਰ ਕਰਕੇ ਅਤੇ ਬੱਚੇ ਨੂੰ ਬਰਾਮਦ ਕਰਕੇ ਬੱਚਾ ਉਸਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਹੈ। ਪੁਲਸ ਸੂਤਰਾਂ ਅਨੁਸਾਰ ਮਾਣਯੋਗ ਅਦਾਲਤ ਵਲੋਂ ਕਥਿਤ ਦੋਸ਼ੀਆਂ ਦਾ ਇਕ ਦਿਨਾ ਪੁਲਸ ਰਿਮਾਂਡ ਦਿੱਤਾ ਗਿਆ ਹੈ। ਕਥਿਤ ਦੋਸ਼ੀਆਂ ਤੋਂ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
5 ਕਿਲੋ ਡੋਡਿਅਾਂ ਸਮੇਤ 1 ਕਾਬੂ
NEXT STORY