ਲੁਧਿਆਣਾ (ਰਾਜ): ਸ਼ਹਿਰ ਵਿਚ ਬੇਖ਼ੌਫ਼ ਬਦਮਾਸ਼ਾਂ ਦਾ ਹੌਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਸ਼ਰੇਆਮ ਕਿਡਨੈਪਿੰਗ ਤੇ ਕੁੱਟਮਾਰ ਦੀਆਂ ਵਾਰਦਾਤਾਂ ਆਮ ਹੁੰਦਿਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਗਿੱਲ ਰੋਡ ਨਹਿਰ ਨੇੜੇ ਦਾ ਹੈ, ਜਿੱਥੇ ਕੁਝ ਹਮਲਾਵਰਾਂ ਨੇ ਨਾ ਸਿਰਫ਼ ਇਕ ਨੌਜਵਾਨ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਸ ਨੂੰ ਬੰਧਕ ਬਣਾ ਕੇ ਉਸ ਦੀ ਪੱਗ ਲਾਹ ਦਿੱਤੀ ਤੇ ਗਹਿਣੇ ਲੁੱਟ ਲਏ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਨਿਊ ਹਰਕ੍ਰਿਸ਼ਨ ਨਗਰ ਦੇ ਰਹਿਣ ਵਾਲੇ ਸਤਨਾਮ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਅਮਨ, ਆਰੀਅਨ, ਹਰਮਨ ਸਿਆਪਾ, ਜੀਤਾ ਤੇ ਹੋਰ ਆਣਪਛਾਤੇ ਸਾਥੀਆਂ 'ਤੇ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ 24 ਜਨਵਰੀ ਨੂੰ ਉਹ ਆਪਣੇ ਦੋਸਤ ਰਾਜਵੀਰ ਤੇ ਹਰਜੋਤ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ITI ਤੋਂ ਗਿੱਲ ਰੋਡ ਨਹਿਰ ਵੱਲ ਜਾ ਰਿਹਾ ਸੀ। ਇਸੇ ਦੌਰਾਨ ਰਾਹ ਵਿਚ ਤਿਆਰ ਬੈਠੇ ਮੁਲਜ਼ਮਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨ ਨੂੰ ਜ਼ਬਰਦਸਤੀ ਆਪਣੀ ਬੁਲੇਟ ਮੋਟਰਸਾਈਕਲ 'ਤੇ ਬਿਠਾਇਆ ਤੇ ਉਸ ਨੂੰ ਹਰਮਨ ਸਿਆਪਾ ਦੇ ਘਰ ਲੈ ਗਏ। ਜਿੱਥੇ ਉਸ ਨੂੰ ਤਕਰੀਬਨ 3 ਘੰਟੇ ਤਕ ਇਕ ਕਮਰੇ ਵਿਚ ਬੰਦ ਰੱਖਿਆ। ਇਸ ਦੌਰਾਨ ਬਦਮਾਸ਼ਾਂ ਨੇ ਉਸ 'ਤੇ ਕਿਰਚ, ਦਾਤ, ਪੰਚ, ਸਲਗਰ ਤੇ ਕੜਿਆਂ ਤੋਂ ਜਾਨਲੇਵਾ ਹਮਲਾ ਕੀਤਾ। ਸਾਰੀਆਂ ਹੱਦਾਂ ਪਾਰ ਕਰਦਿਆਂ ਹਮਲਾਵਰਾਂ ਨੇ ਉਸ ਦੀ ਪੱਗ ਤਕ ਲਾਹ ਦਿੱਤੀ ਤੇ ਉਸ ਤੋਂ ਜ਼ਬਰਦਸਤੀ ਮੁਆਫ਼ੀ ਮੰਗਵਾਈ।
ਇਸ ਪੂਰੀ ਘਟਨਾ ਦਾ ਮੁਲਜ਼ਮਾਂ ਨੇ ਵੀਡੀਓ ਵੀ ਰਿਕਾਰਡ ਕੀਤੀ, ਤਾਂ ਜੋ ਉਸ ਨੂੰ ਮਾਨਸਿਕ ਤੌਰ 'ਤੇ ਪ੍ਰਤਾੜਿਤ ਕੀਤਾ ਜਾ ਸਕੇ। ਕੁੱਟਮਾਰ ਦੇ ਨਾਲ-ਨਾਲ ਮੁਲਜ਼ਮਾਂ ਨੇ ਲੁੱਟਖੋਹ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ। ਪੀੜਤ ਮੁਤਾਬਕ, ਹਮਲਾਵਰਾਂ ਨੇ ਉਸ ਦੇ ਗਲੇ ਵਿਚੋਂ ਚਾਂਦੀ ਦੀ ਚੈਨ ਅਤੇ ਹੱਥ ਤੋਂ ਬ੍ਰੈਸਲੇਟ ਖੋਹ ਲਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਦੇ ਨਾਮੀ ਡਾਕਟਰ ਤੋਂ ਗੈਂਗਸਟਰ ਨੇ ਮੰਗੀ 2 ਕਰੋੜ ਦੀ ਫਿਰੌਤੀ, ਕਿਹਾ-ਜਾਨੋਂ ਮਾਰ ਦਿਆਂਗੇ ਪਰਿਵਾਰ
NEXT STORY