ਜਲੰਧਰ : ਅੰਮ੍ਰਿਤਸਰ ਲੋਕ ਸਭਾ ਸੀਟ ਲਈ ਭਾਜਪਾ ਨੂੰ ਕੋਈ ਢੁੱਕਵਾਂ ਉਮੀਦਵਾਰ ਅਜੇ ਤਕ ਨਹੀਂ ਲੱਭਾ। ਹੁਣ ਪਾਰਟੀ ਨੇ ਪੁੱਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨਾਲ ਸੰਪਰਕ ਕੀਤਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੰਮ੍ਰਿਤਸਰ ਤੋਂ ਚੋਣ ਲੜਨ ਸਬੰਧੀ ਨਾ ਕਰ ਦਿੱਤੀ ਹੈ ਅਤੇ ਫਿਲਮ ਅਭਿਨੇਤਾ ਸੰਨੀ ਦਿਓਲ ਨੇ ਵੀ ਇਸ ਸਬੰਧੀ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਹੈ। ਇਸ ਕਾਰਨ ਭਾਜਪਾ ਨੇ ਅਖੀਰ ਕਿਰਨ ਬੇਦੀ ਤਕ ਪਹੁੰਚ ਕੀਤੀ। ਪਾਰਟੀ ਕਿਰਨ ਬੇਦੀ ਨੂੰ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਬਣਾਉਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਕਿਉਂਕਿ ਕਿਰਨ ਬੇਦੀ ਦਾ ਅੰਮ੍ਰਿਤਸਰ ਨਾਲ ਡੂੰਘਾ ਸਬੰਧ ਹੈ ਅਤੇ ਉਹ ਇਲਾਕੇ 'ਚ ਹਰਮਨ ਪਿਆਰੀ ਵੀ ਹੈ।
ਸੂਤਰਾਂ ਮੁਤਾਬਕ ਕਿਰਨ ਬੇਦੀ ਖੁਦ ਵੀ ਸਰਗਰਮ ਸਿਆਸਤ 'ਚ ਵਾਪਸ ਆਉਣਾ ਚਾਹੁੰਦੀ ਹੈ। ਲੋਕ ਸਭਾ ਦੀਆਂ ਮੌਜੂਦਾ ਚੋਣਾਂ ਉਸ ਨੂੰ ਇਕ ਮੌਕਾ ਦੇ ਸਕਦੀਆਂ ਹਨ। 2014 'ਚ ਭਾਜਪਾ ਦੇ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਚੋਣ ਹਾਰ ਗਏ ਸਨ। ਉਦੋਂ ਤੋਂ ਭਾਜਪਾ ਕਾਂਗਰਸ ਦਾ ਮੁਕਾਬਲਾ ਕਰਨ ਲਈ ਇਥੋਂ ਇਕ ਮਜ਼ਬੂਤ ਉਮੀਦਵਾਰ ਦੀ ਭਾਲ 'ਚ ਹੈ। ਮੰਗਲਵਾਰ ਰਾਤ ਤਕ ਕਿਰਨ ਬੇਦੀ ਨੇ ਅਜੇ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਬਾਰੇ ਹਾਂ ਨਹੀਂ ਕੀਤੀ ਸੀ। ਪਾਰਟੀ ਹਾਈ ਕਮਾਨ ਨੂੰ ਵੀ ਇਸ ਸਬੰਧੀ ਅਜੇ ਬਹੁਤੀ ਕਾਹਲ ਨਹੀਂ ਕਿਉਂਕਿ ਪੰਜਾਬ 'ਚ 7ਵੇਂ ਪੜਾਅ 'ਚ 19 ਮਈ ਨੂੰ ਵੋਟਾਂ ਪੈਣੀਆਂ ਹਨ, ਨਾਲ ਹੀ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਮਿਤੀ 29 ਅਪ੍ਰੈਲ ਹੈ, ਅਜੇ ਘੱਟੋ-ਘੱਟ 26-27 ਦਿਨ ਬਾਕੀ ਹਨ।
ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਹਾਈ ਕਮਾਨ ਆਉਂਦੇ ਇਕ ਹਫਤੇ ਤਕ ਆਪਣੇ ਸਾਰੇ ਉਮੀਦਵਾਰਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਚੋਣ ਹਲਕਿਆਂ ਬਾਰੇ ਆਖਰੀ ਫੈਸਲਾ ਕਰ ਲਏਗੀ। ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦਾ ਨਾਂ ਵੀ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਲਈ ਲਿਆ ਗਿਆ ਸੀ ਪਰ ਗੱਲ ਉਸ ਤੋਂ ਅੱਗੇ ਅਜੇ ਤਕ ਨਹੀਂ ਵਧੀ। ਭਾਜਪਾ ਦੀ ਪੰਜਾਬ ਇਕਾਈ ਨੂੰ ਗੁਰਦਾਸਪੁਰ ਤੋਂ ਵੀ ਕਿਸੇ ਢੁੱਕਵੇਂ ਉਮੀਦਵਾਰ ਦੀ ਭਾਲ ਹੈ। ਸਾਬਕਾ ਐੱਮ. ਪੀ. ਸਵ. ਵਿਨੋਦ ਖੰਨਾ ਦੇ ਪੁੱਤਰ ਅਕਸ਼ੇ ਖੰਨਾ ਨੇ ਇਥੋਂ ਚੋਣ ਲੜਨ ਸਬੰਧੀ ਨਿਮਰਤਾ ਸਹਿਤ ਨਾ ਕਰ ਦਿੱਤੀ ਹੈ। ਭਾਜਪਾ ਨੇ ਅੰਮ੍ਰਿਤਸਰ ਸੀਟ ਲਈ ਅਨਿਲ ਜੋਸ਼ੀ ਦਾ ਨਾਂ ਰਿਜ਼ਰਵ ਉਮੀਦਵਾਰ ਵਜੋਂ ਧਿਆਨ 'ਚ ਰੱਖਿਆ ਹੋਇਆ ਹੈ। ਅਸਲ 'ਚ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਜਿੰਨੇ ਵੀ ਵਿਧਾਨ ਸਭਾ ਹਲਕੇ ਹਨ, ਉਥੇ ਭਾਜਪਾ ਦਾ ਕੋਈ ਖਾਸ ਲੋਕ ਆਧਾਰ ਨਹੀਂ ਹੈ।
ਤਿੰਨ ਧੀਆਂ ਦੇ ਪਿਤਾ ਦੀ ਦੁਬਈ ਤੋਂ ਆਈ ਲਾਸ਼
NEXT STORY