ਟਾਂਡਾ ਉੜਮੁੜ ( ਵਰਿੰਦਰ ਪੰਡਿਤ, ਮੋਮੀ, ਕੁਲਦੀਸ਼)— ਟਾਂਡਾ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੁਸ਼ਿਆਰਪੁਰ ਇਕਾਈ ਨਾਲ ਜੁੜੇ ਕਿਸਾਨ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ 'ਚ ਅੱਜ ਖੇਤੀ ਸੋਧ ਬਿੱਲਾਂ ਦੇ ਵਿਰੋਧ 'ਚ ਜਲੰਧਰ-ਪਠਾਨਕੋਟ ਰੇਲ ਮਾਰਗ ਦਾਰਾਪੁਰ ਫਾਟਕ 'ਤੇ ਜਾਮ ਕਰਨ ਲਈ ਰੇਲਵੇ ਪਟੜੀਆਂ 'ਤੇ ਧਰਨਾ ਲਾ ਕੇ ਬੈਠ ਗਏ ਹਨ।
ਹਾਲਾਂਕਿ ਇਸ ਦੌਰਾਨ ਮਿਲੀ ਅਪੁਸ਼ਟ ਜਾਣਕਾਰੀ ਮੁਤਾਬਕ 29 ਸਤੰਬਰ ਤੱਕ ਇਸ ਟਰੈਕ 'ਤੇ ਰੇਲਾਂ ਦੀ ਆਵਾਜਾਈ ਬੰਦ ਕੀਤੀ ਗਈ ਹੈ। ਸੂਬਾ ਕਮੇਟੀ ਦੇ ਹੁਕਮਾਂ ਮੁਤਾਬਕ ਉਲੀਕੇ ਗਏ ਇਸ ਪ੍ਰੋਗਰਾਮ ਤਹਿਤ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੀ ਦਿਸ਼ਾ-ਨਿਰਦੇਸ਼ ਅਧੀਨ ਲਗਾਏ ਰੇਲਵੇ ਟਰੈਕ 'ਤੇ ਲਾਏ ਗਏ ਇਸ ਧਰਨੇ ਦੌਰਾਨ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕੀ ਕੇਂਦਰ ਸਰਕਾਰ ਆਪਣੇ ਦਮਨਕਾਰੀ ਢੰਗ ਨਾਲ ਕਿਸਾਨਾਂ ਅਤੇ ਕਿਸਾਨੀ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ ਜੋ ਕਿ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਬਿੱਲਾਂ ਦੇ ਵਿਰੋਧ 'ਚ ਉਨ੍ਹਾਂ ਦੀ ਜਥੇਬੰਦੀ ਨੇ ਆਰ ਪਾਰ ਦਾ ਸੰਘਰਸ਼ ਵਿੱਢ ਦਿੱਤਾ ਹੈ। ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਇਸੇ ਨੂੰ ਲੈ ਕੇ ਕੱਲ੍ਹ ਪੂਰੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਕਿਸਾਨ ਜਥੇਬੰਦੀਆਂ ਸਮੇਤ ਸਿਆਸੀ ਪਾਰਟੀਆਂ ਅਤੇ ਗਾਇਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਕੱਲ੍ਹ ਬੇਹੱਦ ਭਰਵਾਂ ਹੁੰਗਾਰਾ ਮਿਲਿਆ ਅਤੇ ਸ਼ਾਂਤੀਪੂਰਨ ਧਰਨੇ ਪ੍ਰਦਰਸ਼ਨ ਕੀਤੇ ਗਏ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਜੋ ਤਿੰਨ ਖੇਤੀ ਬਿੱਲ ਲੈ ਕੇ ਆਈ, ਉਨ੍ਹਾਂ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਅਜਿਹਾ ਨਹੀਂ ਕਰਦੀ ਹੈ ਤਾਂ ਇਹ ਸੰਘਰਸ਼ ਇੰਝ ਹੀ ਲਗਾਤਾਰ ਜਾਰੀ ਰਹੇਗਾ।
ਇਥੇ ਇਹ ਵੀ ਦੱਸ ਦੇਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੱਲ੍ਹ ਧਰਨੇ-ਪ੍ਰਦਰਸ਼ਨ ਕਰਨ ਤੋਂ ਬਾਅਦ ਕਹਿ ਦਿੱਤਾ ਗਿਆ ਸੀ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾਉਂਦੇ ਹੋਏ 26 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਕਸ਼ਮੀਰ ਸਿੰਘ ਅਤੇ ਗੁਰਜੀਤ ਸਿੰਘ ਵਲਟੋਹਾ ਨੇ ਜਾਣਕਾਰੀ ਦਿੱਤੀ ਸੀ। ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਜਥੇਬੰਦੀ ਵੱਲੋਂ ਟਾਂਡਾ ਉੜਮੁੜ ਰੇਲਵੇ ਸਟੇਸ਼ਨ ਜੰਮੂ-ਦਿੱਲੀ ਰੇਲਵੇ ਲਾਈਨ 'ਤੇ ਅਣਮਿੱਥੇ ਸਮੇਂ ਲਈ ਰੇਲਾਂ ਰੋਕ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਮਰਾਲਾ : ਕਿਸਾਨਾਂ ਦੇ ਹੱਕ 'ਚ ਕਾਂਗਰਸ ਨੇ ਕੱਢੀ 'ਟਰੈਕਟਰ ਰੈਲੀ', ਵਿਧਾਇਕ ਢਿੱਲੋਂ ਨੇ ਖ਼ੁਦ ਕੀਤੀ ਸ਼ੁਰੂਆਤ
NEXT STORY