ਮੋਗਾ (ਗਰੋਵਰ, ਗੋਪੀ)-ਕਿਸਾਨ ਮੋਰਚਾ ਭਾਜਪਾ ਪੰਜਾਬ ਦੇ ਸਟੇਟ ਮੈਂਬਰ ਗੁਰਮੇਲ ਸਿੰਘ ਸਰਾਂ ਦੀ ਅਗਵਾਈ ਹੇਠ ਜ਼ਿਲਾ ਪੱਧਰੀ ਵਫਦ ਨੇ ਕਿਸਾਨੀ ਮੰਗਾਂ ਦੀ ਪੂਰਤੀ ਲਈ ਅੱਜ ਮੋਗਾ ਦੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੂੰ ਮੰਗ-ਪੱਤਰ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਸਾਨਾਂ ਸਿਰ ਚੜ੍ਹਿਆ ਪੂਰਾ ਕਰਜ਼ਾ ਮੁਆਫ ਕਰਨ ਦੇ ਨਾਲ-ਨਾਲ ਟਿਊਬਵੈੱਲਾਂ ਦੇ ਬਿੱਲਾਂ ਨੂੰ ਭਰਵਾਉਣ ਵਾਲੀ ਕਿਸਾਨ ਮਾਰੂ ਨੀਤੀਆਂ ਨੂੰ ਬੰਦ ਕਰਨ ਸਬੰਧੀ ਮੰਗ ਕੀਤੀ।
ਮੰਗ-ਪੱਤਰ ਦੇਣ ਉਪਰੰਤ ਗੁਰਮੇਲ ਸਿੰਘ ਸਰਾਂ ਨੇ ਕਿਹਾ ਕਿ ਸੂਬੇ 'ਚ ਸੱਤਾ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਕਿਸਾਨਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ ਅਤੇ ਕਦੇ ਕੇਂਦਰ ਸਿਰ ਦੋਸ਼ ਮੜ੍ਹਦੀ ਹੈ ਅਤੇ ਕਦੇ ਸੂਬੇ ਦੀ ਡਾਵਾਂਡੋਲ ਆਰਥਿਕ ਹਾਲਤ ਦਾ ਬਹਾਨਾ ਲਾਉਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਦਿਨੋ-ਦਿਨ ਖੁਦਕੁਸ਼ੀਆਂ ਕਰ ਰਹੇ ਹਨ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਨੂੰ ਕਿਸਾਨਾਂ ਦਾ ਸ਼ਮਸ਼ਾਨ ਬਣਨ ਤੋਂ ਰੋਕਿਆ ਜਾਵੇ ਅਤੇ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ਼ ਕਰਨ, ਸਬਸਿਡੀਆਂ ਕਿਸਾਨਾਂ ਦੇ ਖਾਤਿਆਂ 'ਚ ਪਾਉਣ, ਕਿਸਾਨਾਂ ਨੂੰ ਪੰਜ ਲੱਖ ਤੱਕ ਲਾਈਫ਼ ਅਤੇ ਸਿਹਤ ਬੀਮਾ ਦੇਣ ਅਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਪੀੜਤ ਪਰਿਵਾਰ ਦੇ ਘਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਆਰਥਿਕ ਘੁੰਮਣਘੇਰੀ 'ਚ ਫਸੇ ਕਿਸਾਨ ਪਰਿਵਾਰਾਂ ਲਈ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਹੋ ਸਕੇ। ਸਟੇਟ ਮੈਂਬਰ ਗੁਰਮੇਲ ਸਿੰਘ ਸਰਾਂ ਨੇ ਕੁਦਰਤੀ ਕਹਿਰ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ 20 ਹਜ਼ਾਰ ਰੁਪਏ ਪ੍ਰਤੀ ਏਕੜ, ਪਿੰਡਾਂ 'ਚ ਹਰ ਘਰ 'ਚ ਸ਼ੌਚਾਲਿਆ ਬਣਾਉਣ, ਪੀਣ ਵਾਲਾ ਪਾਣੀ ਬਚਾਉਣ ਅਤੇ ਛੱਪੜਾਂ ਨੂੰ ਸਾਫ ਕਰ ਕੇ ਉਨ੍ਹਾਂ ਦੀ ਦਿੱਖ ਸੁਧਾਰਨ ਦੀ ਮੰਗ ਵੀ ਕੀਤੀ। ਇਸ ਮੌਕੇ ਬਲਦੇਵ ਸਿੰਘ ਕੰਗ, ਗੁਰਦਰਸ਼ਨ ਸਿੰਘ ਮਾਨ, ਬਲਵਿੰਦਰ ਸਿੰਘ, ਬਲਵੰਤ ਸਿੰਘ, ਪ੍ਰਿਤਪਾਲ ਸਿੰਘ ਗਿੱਲ ਅਤੇ ਅਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
ਜੇਕਰ ਤੁਸੀਂ ਵੀ ਪੀਂਦੇ ਹੋ ਫਿਲਟਰ ਪਾਣੀ ਤਾਂ ਜ਼ਰੂਰ ਪੜ੍ਹੋ ਇਹ ਖਬਰ
NEXT STORY