ਜਲੰਧਰ (ਬਿਊਰੋ) : ਪੰਜਾਬ ਦੀ ਰੇਚਲ ਗੁਪਤਾ ਨੇ ਸੁੰਦਰਤਾ ਮੁਕਾਬਲੇ 'ਚ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਵਿਦੇਸ਼ 'ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਰੇਚਲ ਨੇ ਦੇਸ਼ ਦਾ ਨਾਂ ਦੁਨੀਆ ਭਰ 'ਚ ਮਸ਼ਹੂਰ ਕੀਤਾ ਹੈ। ਰੇਚਲ ਨੇ ਫਾਈਨਲ 'ਚ ਫਿਲੀਪੀਨਜ਼ ਦੀ ਬਿਊਟੀ ਕੁਈਨ ਨੂੰ ਹਰਾਇਆ। ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਨੇ ਬੈਂਕਾਕ 'ਚ ਹੋਏ ਇਸ ਮੁਕਾਬਲੇ 'ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਦੇਸ਼ ਅਤੇ ਆਪਣੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਦਾ ਫਾਈਨਲ ਬੀਤੇ ਸ਼ੁੱਕਰਵਾਰ ਨੂੰ ਹੋਇਆ।

ਜਲੰਧਰ ਦੇ ਅਰਬਨ ਅਸਟੇਟ
ਸਿਰਫ਼ 20 ਸਾਲ ਦੀ ਰੇਚਲ ਗੁਪਤਾ ਦਾ ਪਰਿਵਾਰ ਜਲੰਧਰ ਦੀ ਅਰਬਨ ਅਸਟੇਟ 'ਚ ਰਹਿੰਦਾ ਹੈ। ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤਣ ਤੋਂ ਪਹਿਲਾਂ ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਡੀਆ 2024 ਦਾ ਤਾਜ ਜਿੱਤਿਆ ਸੀ ਅਤੇ ਫਿਰ ਮਿਸ ਗ੍ਰੈਂਡ ਇੰਟਰਨੈਸ਼ਨਲ 2024 'ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। 24 ਜਨਵਰੀ 2004 ਨੂੰ ਜਨਮੀ ਰੇਚਲ ਗੁਪਤਾ ਦਾ ਕੱਦ 5 ਫੁੱਟ 10 ਇੰਚ ਹੈ। 18 ਸਾਲ ਦੀ ਉਮਰ 'ਚ ਰੇਚਲ ਗੁਪਤਾ ਨੇ ਮਿਸ ਸੁਪਰਟੈਲੇਂਟ ਸੀਜ਼ਨ 15 'ਚ ਹਿੱਸਾ ਲਿਆ, ਜੋ ਕਿ 28 ਸਤੰਬਰ 2022 ਨੂੰ ਪੈਰਿਸ 'ਚ ਆਯੋਜਿਤ ਕੀਤਾ ਗਿਆ ਸੀ। ਜਦੋਂ ਕਿ ਮਈ 2024 'ਚ ਜੈਪੁਰ, ਰਾਜਸਥਾਨ 'ਚ ਰੇਚਲ ਗੁਪਤਾ ਨੂੰ ਮਿਸ ਗ੍ਰੈਂਡ ਇੰਡੀਆ 2024 ਚੁਣਿਆ ਗਿਆ ਸੀ।

ਇਨ੍ਹਾਂ ਸੁੰਦਰੀਆਂ ਨੂੰ ਦਿੱਤੀ ਮਾਤ
ਦੱਸ ਦੇਈਏ ਕਿ ਰੇਚਲ ਗੁਪਤਾ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ ਅਤੇ ਤੀਜੀ ਏਸ਼ਿਆਈ ਸੁੰਦਰੀ ਬਣ ਗਈ ਹੈ। ਇਸ ਮੁਕਾਬਲੇ 'ਚ ਰੇਚਲ ਨੇ ਫਿਲੀਪੀਨਜ਼ ਦੀ ਕ੍ਰਿਸਟੀਨ ਜੂਲੀਅਨ ਓਪੀਜਾ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਮੁਕਾਬਲੇ 'ਚ ਮਿਆਂਮਾਰ ਦੀ ਥਾਈ ਸੂ ਨਈਨ, ਫਰਾਂਸ ਦੀ ਸਫੀਤੋ ਕਾਬੇਂਗਲੇ ਅਤੇ ਬ੍ਰਾਜ਼ੀਲ ਦੀ ਤਾਲਿਤਾ ਹਾਰਟਮੈਨ (ਤੀਜੇ, ਚੌਥੇ ਅਤੇ ਪੰਜਵੇਂ) ਸਥਾਨ 'ਤੇ ਰਹੀਆਂ। ਟਾਈਟਲ ਹੋਲਡਰ ਪੇਰੂ ਦੀ ਲੂਸੀਆਨਾ ਫੁਸਟਰ ਨੇ ਰੇਚਲ ਗੁਪਤਾ ਨੂੰ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ ਪਹਿਨਾਇਆ।

ਜਿੱਤ ਚੁੱਕੀ ਕਈ ਐਵਾਰਡ
ਦੱਸ ਦੇਈਏ ਕਿ ਇਸ ਮੁਕਾਬਲੇ ਤੋਂ ਪਹਿਲਾਂ ਰੇਚਲ ਨੇ ਪੈਰਿਸ 'ਚ ਸੁਪਰ ਟੇਲੈਂਟ ਆਫ ਦਾ ਵਰਲਡ ਐਵਾਰਡ ਜਿੱਤਿਆ ਸੀ। ਇਸ ਮੁਕਾਬਲੇ 'ਚ 60 ਦੇਸ਼ਾਂ ਦੀਆਂ 60 ਸੁੰਦਰੀਆਂ ਨੇ ਭਾਗ ਲਿਆ। ਸੁਪਰ ਟੈਲੇਂਟ ਆਫ ਦਿ ਵਰਲਡ ਮੁਕਾਬਲੇ 'ਚ ਰੇਚਲ ਨੇ ਪੋਲੈਂਡ ਦੀ ਵੇਰੋਨਿਕਾ ਨੋਵਾਕ ਨਾਲ ਇਹ ਐਵਾਰਡ ਸਾਂਝਾ ਕੀਤਾ। ਇਸ ਤੋਂ ਪਹਿਲਾਂ ਦਿੱਗਜ ਅਦਾਕਾਰਾ ਜ਼ੀਨਤ ਅਮਾਨ ਨੇ ਸਾਲ 1970 'ਚ ਸੁਪਰ ਟੈਲੇਂਟ ਆਫ ਦਾ ਵਰਲਡ ਦਾ ਖਿਤਾਬ ਜਿੱਤਿਆ ਸੀ।

1 ਮਿਲੀਅਨ ਤੋਂ ਵੱਧ ਫਾਲੋਵਰਜ਼
ਇਸ ਤੋਂ ਇਲਾਵਾ ਰੇਚਲ ਗੁਪਤਾ ਨੇ ਮਿਸ ਟੌਪ ਮਾਡਲ ਦਾ ਸਬਟਾਈਟਲ ਐਵਾਰਡ ਜਿੱਤਿਆ। ਰੇਚਲ ਨੇ ਰੈਂਪ ਵਾਕ 'ਚ ਬੈਸਟ ਮਾਡਲ, ਬਿਊਟੀ ਵਿਦ ਪਰਪਜ਼ ਅਤੇ ਬੈਸਟ ਨੈਸ਼ਨਲ ਕਾਸਟਿਊਮ ਦੇ ਐਵਾਰਡ ਜਿੱਤੇ ਹਨ। ਇਸ ਦੇ ਨਾਲ ਹੀ ਰੇਚਲ ਗੁਪਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਰਾਚੇਲ ਨੂੰ 1 ਮਿਲੀਅਨ ਤੋਂ ਵੱਧ ਪ੍ਰਸ਼ੰਸਕ ਫਾਲੋ ਕਰਦੇ ਹਨ।


ਆਸਟ੍ਰੇਲੀਆ ਜਾਣ ਲਈ ਖਰਚੇ ਲੱਖਾਂ ਰੁਪਏ, ਅੱਗਿਓਂ ਏਜੰਟ ਨੇ ਦੇ ਦਿੱਤੇ ਜਾਅਲੀ ਕਾਗਜ਼, ਪਿਓ-ਪੁੱਤ ਖ਼ਿਲਾਫ਼ FIR
NEXT STORY