ਹੈਦਰਾਬਾਦ : ਭਾਰਤੀ ਮਹਿਲਾ ਹਾਕੀ ਟੀਮ ਨੇ ਹੈਦਰਾਬਾਦ ਵਿੱਚ ਚੱਲ ਰਹੇ ਕੁਆਲੀਫਾਇਰ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2026 FIH ਮਹਿਲਾ ਹਾਕੀ ਵਰਲਡ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਪੂਲ-ਬੀ ਦੇ ਆਪਣੇ ਆਖ਼ਰੀ ਮੈਚ ਵਿੱਚ ਭਾਰਤ ਨੇ ਵੇਲਜ਼ ਨੂੰ 4-1 ਨਾਲ ਕਰਾਰੀ ਮਾਤ ਦੇ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਵਿਸ਼ਵ ਕੱਪ ਦੀ ਟਿਕਟ ਪੱਕੀ ਕੀਤੀ।
ਨਵਨੀਤ ਕੌਰ ਦੀ ਹੈਟ੍ਰਿਕ ਨੇ ਦਿਵਾਈ ਜਿੱਤ
ਜੀਐਮਸੀ ਬਾਲਯੋਗੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤ ਦੀ ਜਿੱਤ ਦੀ ਸਟਾਰ ਨਵਨੀਤ ਕੌਰ ਰਹੀ, ਜਿਸ ਨੇ ਗੋਲਾਂ ਦੀ ਸ਼ਾਨਦਾਰ ਹੈਟ੍ਰਿਕ ਲਗਾਈ। ਮੈਚ ਦੀ ਸ਼ੁਰੂਆਤ ਵਿੱਚ ਪਹਿਲਾ ਗੋਲ ਨੌਜਵਾਨ ਖਿਡਾਰਨ ਸਾਕਸ਼ੀ ਰਾਣਾ ਨੇ ਦਾਗਿਆ ਸੀ। ਹਾਫ ਟਾਈਮ ਤੱਕ ਭਾਰਤ 3-1 ਦੀ ਬੜ੍ਹਤ ਨਾਲ ਮਜ਼ਬੂਤ ਸਥਿਤੀ ਵਿੱਚ ਸੀ ਅਤੇ ਆਖ਼ਰੀ ਕੁਆਰਟਰ ਵਿੱਚ ਨਵਨੀਤ ਨੇ ਆਪਣਾ ਤੀਜਾ ਗੋਲ ਕਰਕੇ ਜਿੱਤ 'ਤੇ ਮੋਹਰ ਲਗਾ ਦਿੱਤੀ।
ਪੂਲ-ਬੀ ਵਿੱਚ ਭਾਰਤ ਰਿਹਾ ਟਾਪ 'ਤੇ
ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਬਹੁਤ ਪ੍ਰਭਾਵਸ਼ਾਲੀ ਖੇਡ ਦਿਖਾਈ ਹੈ। ਭਾਰਤ ਨੇ ਪਹਿਲੇ ਮੈਚ ਵਿੱਚ ਉਰੂਗਵੇ ਨੂੰ 4-0 ਨਾਲ ਹਰਾਇਆ ਸੀ ਅਤੇ ਸਕਾਟਲੈਂਡ ਵਿਰੁੱਧ ਮੈਚ 2-2 ਨਾਲ ਡਰਾਅ ਰਿਹਾ ਸੀ। ਵੇਲਜ਼ ਵਿਰੁੱਧ ਇਸ ਜਿੱਤ ਨਾਲ ਭਾਰਤ ਆਪਣੇ ਪੂਲ ਵਿੱਚ ਸਿਖਰ 'ਤੇ ਰਿਹਾ ਹੈ। ਜ਼ਿਕਰਯੋਗ ਹੈ ਕਿ ਵੇਲਜ਼ ਵਿਰੁੱਧ ਹੁਣ ਤੱਕ ਹੋਈਆਂ 7 ਭਿੜਤਾਂ ਵਿੱਚੋਂ ਭਾਰਤ ਨੇ 6ਵੀਂ ਵਾਰ ਜਿੱਤ ਦਰਜ ਕੀਤੀ ਹੈ।
ਹੁਣ ਇਟਲੀ ਨਾਲ ਹੋਵੇਗਾ ਸੈਮੀਫਾਈਨਲ
ਵਰਲਡ ਕੱਪ ਲਈ ਕੁਆਲੀਫਾਈ ਕਰਨ ਤੋਂ ਬਾਅਦ ਹੁਣ ਭਾਰਤੀ ਟੀਮ ਦਾ ਅਗਲਾ ਟੀਚਾ ਟੂਰਨਾਮੈਂਟ ਦਾ ਖ਼ਿਤਾਬ ਜਿੱਤਣਾ ਹੋਵੇਗਾ। ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ 13 ਮਾਰਚ ਨੂੰ ਇਟਲੀ ਨਾਲ ਹੋਵੇਗਾ। ਮਹਿਲਾ ਹਾਕੀ ਵਰਲਡ ਕੱਪ ਦਾ ਆਯੋਜਨ 14 ਤੋਂ 30 ਅਗਸਤ 2026 ਤੱਕ ਸਾਂਝੇ ਤੌਰ 'ਤੇ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਕੀਤਾ ਜਾਵੇਗਾ। ਭਾਰਤੀ ਟੀਮ ਦੀ ਇਸ ਪ੍ਰਾਪਤੀ ਨਾਲ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ।
IPL 2026 ਦਾ ਸ਼ੈਡਿਊਲ ਜਾਰੀ: RCB vs SRH ਮੈਚ ਨਾਲ ਹੋਵੇਗਾ ਟੂਰਨਾਮੈਂਟ ਦਾ ਆਗਾਜ਼
NEXT STORY