ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ੍ਰੀ ਦੁਰਗਾ ਅਸ਼ਟਮੀ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਮੰਦਿਰਾਂ 'ਚ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ, ਨਾਲ ਹੀ ਲੋਕਾਂ ਵੱਲੋਂ ਆਪਣੇ ਆਪਣੇ ਘਰਾਂ 'ਚ ਕੰਜਕ ਪੂਜਨ ਕਰਕੇ ਨੌਰਾਤਿਆਂ ਦੇ ਰੱਖੇ ਵਰਤ ਖੋਲੇ ਹਨ, ਜਦੋ ਕਿ ਕਈ ਸ਼ਰਧਾਲੂਆਂ ਵੱਲੋਂ ਰਾਮਨੌਮੀ 'ਤੇ ਵਰਤ ਖੋਲ੍ਹੇ ਜਾਣਗੇ। ਬੀਤੇ ਨੌਰਾਤਿਆਂ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾਲੂਆਂ ਨੂੰ ਕੰਜਕ ਪੂਜਨ ਕਰਨ ਲਈ ਕੰਜਕ ਲੱਭਦੇ ਆਮ ਦੇਖਿਆ ਗਿਆ ਹੈ। ਜਿਸ ਘਰ 'ਚ ਕੰਜਕ ਪੂਜਨ ਚੱਲ ਰਿਹਾ ਹੁੰਦਾ ਸੀ ਉਸ ਘਰ ਦੇ ਬਾਹਰ ਤਿੰਨ ਚਾਰ ਘਰਾਂ ਦੇ ਲੋਕ ਕੰਜਕਾਂ ਨੂੰ ਆਪਣੇ ਘਰ ਲੈ ਕੇ ਜਾਣ ਲਈ ਪਹਿਲਾ ਹੀ ਆ ਕੇ ਖੜੇ ਹੋ ਜਾਂਦੇ ਸਨ ਪਰ ਇਸਦੇ ਬਾਵਜੂਦ ਵੀ ਇਹ ਦੇਖਣ 'ਚ ਸਾਹਮਣੇ ਆਇਆ ਕਿ ਕੰਜਕਾਂ ਘੱਟ ਬਲਕਿ ਕੰਜਕਾਂ ਦੇ ਨਾਲ ਲੜਕਿਆਂ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਸੀ। ਜੇਕਰ ਕੰਨਿਆ ਭਰੂਣ ਹੱਤਿਆ ਦਾ ਰੁਝਾਨ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਲੋਕ ਅਜਿਹੇ ਤਿਉਹਾਰਾਂ 'ਤੇ ਕੰਜਕ ਪੂਜਨ ਲਈ ਕੰਜਕਾਂ ਨੂੰ ਲੱਭਦੇ ਹੀ ਰਹਿ ਜਾਣਗੇ। ਕਿਸੇ ਨੇ ਸੱਚ ਹੀ ਕਿਹਾ ਕਿ 'ਕੰਜਕ ਪੂਜਨ ਕਰਦੇ ਹੋ ਫਿਰ ਜਨਮ ਦੇਣ ਤੋਂ ਕਿਉ ਡਰਦੇ ਹੋ'। ਇਸੇ ਦੌਰਾਨ ਸ਼ਕਤੀ ਮੰਦਿਰ ਸ਼੍ਰੀ ਮਨਨ ਧਾਮ ਵਿਖੇ ਨੌਰਾਤਿਆਂ ਦੇ ਸਬੰਧ 'ਚ ਚਲ ਰਹੇ ਸ੍ਰੀ ਦੁਰਗਾ ਸਤੁਤੀ ਦੇ ਪਾਠ ਵੀ ਸੰਪਨ ਹੋ ਗਏ ਜਿਸ ਵਿਚ ਸ਼ਰਧਾਲੂਆਂ ਨੇ ਵੱਧ ਚੜ ਕੇ ਭਾਗ ਲੈ ਕੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਨੌਰਾਤਿਆਂ ਦੇ ਸਬੰਧ 'ਚ ਸ੍ਰੀ ਦਰਗਾ ਮੰਦਿਰ, ਸ੍ਰੀ ਰਘੁਨਾਥ ਮੰਦਿਰ, ਸ੍ਰੀ ਰਾਮ ਭਵਨ, ਸ੍ਰੀ ਮਹਾਂਦੇਵ ਮੰਦਿਰ, ਸ੍ਰੀ ਸ਼ਿਆਮ ਮੰਦਿਰ, ਬਾਬਾ ਕਾਂਸ਼ੀ ਪ੍ਰਸਾਦ ਸ਼ਿਵ ਮੰਦਿਰ ਆਦਿ 'ਚ ਚਲ ਰਹੇ ਸ੍ਰੀ ਰਾਮਾਇਣ ਪਾਠਾਂ ਦੇ ਭੋਗ ਰਾਮਨੌਮੀ ਦੇ ਦਿਨ ਪਾਏ ਜਾਣਗੇ।
ਚਾਕੂ ਦੀ ਨੋਕ 'ਤੇ ਮਹਿਲਾ ਨੂੰ ਬੰਧਕ ਬਣਾ ਕੇ ਦਿਨ-ਦਿਹਾੜੇ ਲੁੱਟਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ (ਤਸਵੀਰਾਂ)
NEXT STORY