ਫਿਰੋਜ਼ਪੁਰ (ਮਲਹੋਤਰਾ) : ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਪੰਚਾਂ ਤੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਪੁਲਸ ਪ੍ਰਸ਼ਾਸਨ ਅਤੇ ਨਸ਼ਾ ਸਮੱਗਲਰਾਂ ਨਾਲ ਮਿਲ ਕੇ ਨਸ਼ਾ ਵਿਕਾਉਣ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਜ਼ੀਰਾ ਤੋਂ ਸ਼ਰਾਬ ਠੇਕੇਦਾਰ ਫਰਮਾਨ ਸਿੰਘ ਨੇ ਸੋਮਵਾਰ ਨੂੰ ਇੱਥੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਖਿਲਾਫ ਮੋਰਚਾ ਖੋਲਦੇ ਹੋਏ ਕਿਹਾ ਕਿ ਜ਼ੀਰਾ ਦੇ ਸਬੰਧ ਅਨੇਕਾਂ ਗੈਂਗਸਟਰਾਂ ਨਾਲ ਹਨ। farman singh
ਫਰਮਾਨ ਸਿੰਘ ਨੇ ਜ਼ੀਰਾ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨੇ ਮੇਰੇ ਘਰ ਅਤੇ ਦਫਤਰਾਂ 'ਚ ਗੈਂਗਸਟਰਾਂ ਰਾਹੀਂ ਹਮਲੇ ਕਰਵਾਏ ਹਨ। ਫਰਮਾਨ ਨੇ ਕਿਹਾ ਕਿ ਇਹ ਅਜਿਹਾ ਪਹਿਲਾ ਵਿਧਾਇਕ ਹੈ ਜੋ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਉਣ ਲਈ ਦਿਨ ਰਾਤ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਹੈ।
302 ਦੇ ਭਗੌੜੇ ਨੂੰ ਬਣਾਇਆ ਆਪਣਾ ਪੀ. ਏ.
ਫਰਮਾਨ ਨੇ ਦੋਸ਼ ਲਾਏ ਕਿ ਕੁਲਬੀਰ ਸਿੰਘ ਦੇ ਪੀ. ਏ. ਗਿੰਨੀ 'ਤੇ ਸਾਲ 2013 'ਚ ਥਾਣਾ ਸਿਟੀ-2 ਮੋਗਾ 'ਚ 302 ਦਾ ਪਰਚਾ ਦਰਜ ਹੋਇਆ ਸੀ। ਇਸ ਮਾਮਲੇ 'ਚ 2015 'ਚ ਉਹ ਭਗੌੜਾ ਹੋ ਗਿਆ ਅਤੇ ਹੁਣ ਉਹੀ ਗਿੰਨੀ ਵਿਧਾਇਕ ਜ਼ੀਰਾ ਦਾ ਪੀ. ਏ. ਬਣ ਕੇ ਦਿਨ ਰਾਤ ਇਸ ਦੇ ਨਾਲ ਘੁੰਮਦਾ ਹੈ।
15 ਲੱਖ ਪਹਿਲਾਂ ਦੇ ਚੁੱਕਾ ਹਾਂ, 50 ਲੱਖ ਦੀ ਹੋਰ ਮੰਗ ਕਰ ਰਿਹੈ ਹੈ ਵਿਧਾਇਕ
ਫਰਮਾਨ ਸਿੰਘ ਨੇ ਕਿਹਾ ਕਿ ਵਿਧਾਇਕ ਵਲੋਂ ਪੁਲਸ 'ਤੇ ਦਬਾਓ ਬਣਾ ਕੇ ਮੇਰੇ 'ਤੇ ਝੂਠੇ ਪਰਚੇ ਦਰਜ ਕਰਵਾਏ ਗਏ ਹਨ। ਉਨ੍ਹਾਂ ਇਲਾਕੇ 'ਚ ਕੰਮ ਕਰਨ ਲਈ ਵਿਧਾਇਕ ਜ਼ੀਰਾ ਵਲੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਅਤੇ ਕਿਹਾ ਕਿ ਮੈਂ ਬਣਦਾ ਟੈਕਸ ਸਰਕਾਰ ਨੂੰ ਅਦਾ ਕਰ ਰਿਹਾ ਹਾਂ ਤਾਂ ਫਿਰ ਮੈਂ ਵਿਧਾਇਕ ਨੂੰ ਰਿਸ਼ਵਤ ਕਿਸ ਗੱਲ ਦੀ ਦੇਵਾਂ। ਠੇਕੇਦਾਰ ਨੇ ਦੋਸ਼ ਲਾਏ ਕਿ ਵਿਧਾਇਕ ਕੁਲਬੀਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਲਈ ਉਸ ਤੋਂ ਸਾਢੇ ਤਿੰਨ ਲੱਖ ਰੁਪਏ ਦੀ ਸ਼ਰਾਬ ਲਈ ਸੀ। ਠੇਕੇਦਰ ਨੇ ਉਸ ਨੂੰ 15 ਲੱਖ ਰੁਪਏ ਪਹਿਲਾਂ ਨਕਦ ਦਿੱਤੇ ਅਤੇ ਫਿਰ ਕੁਲਬੀਰ 50 ਲੱਖ ਰੁਪਏ ਦੀ ਹੋਰ ਮੰਗ ਕਰ ਰਿਹਾ ਹੈ। ਪੈਸੇ ਨਾ ਦੇਣ ਕਾਰਨ ਹੀ ਵਿਧਾਇਕ ਵਲੋਂ ਉਸਦੇ, ਉਸਦੇ ਪੁੱਤਰ, ਕਦੇ ਫਿਰੋਜ਼ਪੁਰ ਦਫਤਰ ਅਤੇ ਕਦੇ ਘਰ 'ਤੇ ਹਮਲੇ ਕਰਵਾਏ ਜਾ ਰਹੇ ਹਨ। ਫਰਮਾਨ ਸਿੰਘ ਨੇ ਕਿਹਾ ਕਿ ਉਸ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਵੀ ਦਿੱਤੀ ਹੈ।
ਮੇਰੀ ਆਈ.ਜੀ. ਨਾਲ ਕੋਈ ਰਿਸ਼ਤੇਦਾਰੀ ਨਹੀਂ
ਜ਼ੀਰਾ ਵਲੋਂ ਉਨ੍ਹਾਂ 'ਤੇ ਆਈ.ਜੀ. ਨਾਲ ਰਿਸ਼ਤੇਦਾਰੀ ਹੋਣ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੇਰੀ ਆਈ. ਜੀ. ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈ, ਵਿਧਾਇਕ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ੀਰਾ 'ਚ ਮੇਰੇ 'ਤੇ ਜੋ ਸ਼ਰਾਬ ਦਾ ਪਰਚਾ ਦਰਜ ਕਰਵਾਇਆ ਸੀ, ਉਹ ਵੀ ਝੂਠਾ ਹੈ। ਮੈਂ ਆਬਕਾਰੀ ਵਿਭਾਗ ਦੀ ਕੈਰੀ ਐਂਡ ਫਾਰਵਰਡ ਪਾਲਸੀ ਅਧੀਨ 6600 ਪੇਟੀ ਦੇਸੀ ਸ਼ਰਾਬ, 4244 ਪੇਟੀ ਅੰਗਰੇਜ਼ੀ ਸ਼ਰਾਬ ਅਤੇ 2806 ਪੇਟੀ ਬੀਅਰ ਸਰਕਾਰੀ ਫੀਸ ਜਮਾ ਕਰਵਾ ਕੇ ਟਰਾਂਸਫਰ ਕੀਤੀ ਸੀ।
ਫਰਮਾਨ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਸ ਦੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਇਸ ਸਬੰਧ 'ਚ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨਾਲ ਗੱਲ ਕਰਨ ਉਨ੍ਹਾਂ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪੀ. ਏ. ਖੜਗ ਸਿੰਘ ਨਾਲ ਗੱਲ ਕਰਕੇ ਵਿਧਾਇਕ ਜ਼ੀਰਾ ਦਾ ਪੱਖ ਲੈਣ ਲਈ ਉਨ੍ਹਾਂ ਨਾਲ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਪੀ. ਏ. ਵਲੋਂ ਵੀ ਵਿਧਾਇਕ ਨਾਲ ਗੱਲ ਕਰਵਾਉਣ ਤੋਂ ਗੁਰੇਜ਼ ਕੀਤਾ ਗਿਆ।
ਇੰਦਰਾ ਗਾਂਧੀ ਸਰਕਾਰ ਨੇ ਕੀਤਾ ਸੀ ਬੇਗੁਨਾਹ ਸਿੱਖਾਂ ਦਾ ਕਤਲ : ਪ੍ਰਕਾਸ਼ ਸਿੰਘ ਬਾਦਲ (ਵੀਡੀਓ)
NEXT STORY