ਜਲੰਧਰ (ਰਵਿੰਦਰ)— ਸੂਬਾ ਕਾਂਗਰਸ 'ਚ ਅੱਜਕਲ ਕੁਝ ਵੀ ਠੀਕ ਨਹੀਂ ਚੱਲ ਰਿਹਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਬਗਾਵਤ ਦੇ ਸੁਰ ਉੱਠਣ ਲੱਗੇ ਹਨ। ਨਸ਼ਿਆਂ ਦਾ ਮੁੱਦਾ ਉਠਾ ਕੇ ਜਨਤਾ ਅਤੇ ਪਾਰਟੀ ਅੰਦਰ ਹੀਰੋ ਬਣਨ ਵਾਲੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਜਿਸ ਤਰ੍ਹਾਂ ਪਾਰਟੀ ਤੋਂ ਮੁਅੱਤਲ ਕੀਤਾ ਹੈ, ਉਸ ਤੋਂ ਜ਼ਿਆਦਾਤਰ ਆਗੂ ਦੁਖੀ ਹਨ। ਖਾਸ ਤੌਰ 'ਤੇ ਮਾਝਾ ਇਲਾਕੇ ਦੇ ਕਾਂਗਰਸੀ ਆਗੂ ਇਸ ਮੁੱਦੇ 'ਤੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਦੀ ਚੁੱਪ ਤੋਂ ਬੇਹੱਦ ਨਾਰਾਜ਼ ਹਨ। ਦੂਜਾ ਸਾਬਕਾ ਵਿਧਾਇਕ ਪੰਜਗਰਾਈਂ ਦੇ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਕੈਪਟਨ ਦੀਆਂ ਨੀਤੀਆਂ ਤੋਂ ਨਾਰਾਜ਼ ਦੋਆਬਾ ਅਤੇ ਮਾਝਾ ਦੇ ਕਈ ਆਗੂ ਪਾਰਟੀ ਛੱਡਣ ਦੀ ਤਿਆਰੀ 'ਚ ਹਨ।
ਅਸਲ 'ਚ ਮਾਝਾ ਦੇ ਜ਼ਿਆਦਾਤਰ ਆਗੂਆਂ ਨੂੰ ਸੱਤਾ ਭੋਗਣ ਦਾ ਸੁੱਖ ਇਸ ਲਈ ਹੀ ਮਿਲਿਆ ਹੈ ਕਿ ਨਸ਼ਿਆਂ ਦੇ ਮੁੱਦੇ 'ਤੇ ਉਹ ਹਮੇਸ਼ਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਨਿਸ਼ਾਨਾ ਸਾਧਦੇ ਰਹੇ ਹਨ। ਲੋਕਾਂ ਨਾਲ ਇਹੀ ਵਾਅਦਾ ਕਰਦੇ ਰਹੇ ਹਨ ਕਿ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਮਜੀਠੀਆ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ ਪਰ ਪਿਛਲੇ 21 ਮਹੀਨਿਆਂ ਤੋਂ ਕੈਪਟਨ ਸਰਕਾਰ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਖਿਲਾਫ ਨਾ ਤਾਂ ਸਬੂਤ ਇਕੱਠੇ ਕਰ ਸਕੀ ਅਤੇ ਨਾ ਹੀ ਕੋਈ ਐਕਸ਼ਨ ਲੈ ਸਕੀ। ਮਾਝਾ ਦੇ ਕਾਂਗਰਸੀ ਆਗੂ ਕਈ ਵਾਰ ਇਸ ਸਬੰਧੀ ਆਵਾਜ਼ ਉਠਾ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਨਸ਼ਿਆਂ ਖਿਲਾਫ ਇਹ ਹੀ ਆਵਾਜ਼ ਜਦੋਂ ਪਾਰਟੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਮਾਲਵਾ ਤੋਂ ਉਠਾਈ ਤਾਂ ਬਜਾਏ ਨਸ਼ਿਆਂ ਖਿਲਾਫ ਐਕਸ਼ਨ ਲੈਣ 'ਤੇ ਪਾਰਟੀ ਨੇ ਜ਼ੀਰਾ ਖਿਲਾਫ ਹੀ ਐਕਸ਼ਨ ਲੈ ਲਿਆ। ਪਾਰਟੀ ਦੀ ਜ਼ੀਰਾ ਖਿਲਾਫ ਇਸ ਕਾਰਵਾਈ ਤੋਂ ਜ਼ਿਆਦਾਤਰ ਪਾਰਟੀ ਆਗੂ ਖੁਸ਼ ਨਹੀਂ ਹਨ। ਸੀਨੀਅਰ ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ 10 ਸਾਲ ਤੱਕ ਸੱਤਾ ਤੋਂ ਬਾਹਰ ਰਹਿਣ ਵਾਲੀ ਕਾਂਗਰਸ ਨਸ਼ਿਆਂ ਦੇ ਮੁੱਦੇ 'ਤੇ ਹੀ ਦੋਬਾਰਾ ਸੱਤਾ ਹਾਸਲ ਕਰ ਸਕੀ ਹੈ। ਜੇਕਰ ਨਸ਼ਿਆਂ ਖਿਲਾਫ ਸਖਤ ਐਕਸ਼ਨ ਨਹੀਂ ਲਿਆ ਜਾਵੇਗਾ ਅਤੇ ਬਿਊਰੋਕ੍ਰੇਸੀ ਨੂੰ ਹਰ ਮਾਮਲੇ 'ਚ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਾਂਗਰਸ ਫਿਰ ਦੋਬਾਰਾ ਕਿਸ ਮੂੰਹ ਨਾਲ ਜਨਤਾ 'ਚ ਜਾਵੇਗੀ। ਸਿਰ 'ਤੇ ਲੋਕ ਸਭਾ ਚੋਣਾਂ ਹਨ ਅਤੇ ਨਸ਼ਿਆਂ ਦੇ ਮੁੱਦੇ 'ਤੇ ਅਕਾਲੀਆਂ ਨੂੰ ਘੇਰਨ ਵਾਲੀ ਕਾਂਗਰਸ ਕਿਵੇਂ ਚੋਣ ਪ੍ਰਚਾਰ ਦੌਰਾਨ ਨਸ਼ਿਆਂ ਦਾ ਮੁੱਦਾ ਉਠਾ ਸਕੇਗੀ।
ਦੂਜੇ ਪਾਸੇ ਸੱਤਾਧਾਰੀ ਪਾਰਟੀ ਨੂੰ ਅਲਵਿਦਾ ਕਹਿ ਕੇ ਜਿਸ ਤਰ੍ਹਾਂ ਸਾਬਕਾ ਵਿਧਾਇਕ ਪੰਜਗਰਾਈਂ ਨੇ ਅਕਾਲੀ ਦਲ ਦਾ ਲੜ ਫੜਿਆ ਹੈ, ਉਸ ਨਾਲ ਵੀ ਪਾਰਟੀ 'ਚ ਭੂਚਾਲ ਜਿਹਾ ਆ ਗਿਆ ਹੈ। ਮਾਲਵਾ ਤੋਂ ਪਾਰਟੀ ਛੱਡਣ ਦੀ ਇਹ ਲੜੀ ਜਲਦੀ ਹੀ ਦੋਆਬਾ ਅਤੇ ਮਾਝਾ 'ਚ ਵੀ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਪਿਛਲੇ 2 ਸਾਲ ਤੋਂ ਨਾ ਤਾਂ ਸਰਕਾਰ 'ਚ ਪਾਰਟੀ ਆਗੂਆਂ ਦੀ ਕੋਈ ਸੁਣਵਾਈ ਹੋਈ ਅਤੇ ਨਾ ਹੀ ਵਰਕਰਾਂ ਦੀ।
ਜਲੰਧਰ ਦੀ ਹੀ ਗੱਲ ਕਰੀਏ ਤਾਂ ਇਥੇ ਕਈ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਦਿਆਂ ਅਜਿਹੇ ਆਗੂਆਂ ਦੇ ਸਿਰ ਪ੍ਰਧਾਨਗੀ ਦਾ ਤਾਜ ਸਜਾ ਦਿੱਤਾ ਗਿਆ, ਜਿਨ੍ਹਾਂ ਨੇ ਪਾਰਟੀ ਖਿਲਾਫ ਹੀ ਬਗਾਵਤ ਦਾ ਝੰਡਾ ਬੁਲੰਦ ਕੀਤਾ ਸੀ। ਜਲੰਧਰ ਦੀ ਗੱਲ ਕਰੀਏ ਤਾਂ ਦੋ ਸਾਬਕਾ ਵਿਧਾਇਕਾਂ ਸਣੇ ਇਕ ਮੌਜੂਦਾ ਕੌਂਸਲਰ ਅਤੇ ਕਈ ਸੀਨੀਅਰ ਆਗੂ ਅਕਾਲੀ ਦਲ ਅਤੇ ਭਾਜਪਾ ਦੇ ਸੰਪਰਕ 'ਚ ਹਨ। ਜਾਖੜ ਅਤੇ ਕੈਪਟਨ ਦੀਆਂ ਨੀਤੀਆਂ ਤੋਂ ਪਰੇਸ਼ਾਨ ਨੇਤਾਵਾਂ ਦਾ ਕਦੇ ਵੀ ਕਾਂਗਰਸ ਤੋਂ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਸਕਦਾ ਹੈ।
ਟਰੇਨ ਦੀ ਲਪੇਟ 'ਚ ਆਉਣ ਨਾਲ ਮਹਿਲਾ ਦੀ ਮੌਤ
NEXT STORY