ਚੰਡੀਗੜ੍ਹ : ਅਮਰੀਕਾ ਦੌਰੇ 'ਤੇ ਗਏ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਮਰੀਕਾ ਵੱਸਦੇ ਪੰਜਾਬੀਆਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ। ਬੀਤੇ ਦਿਨੀਂ ਗਦਰ ਮੈਮੋਰੀਅਲ ਹਾਲ, ਸਾਨ ਫਰਾਂਸਿਸਕੋ ਵਿਖੇ ਕੌਂਸਲੇਟ ਜਨਰਲ ਆਫ ਇੰਡੀਆ, ਸਾਨ ਫਰਾਂਸਿਸਕੋ ਵੱਲੋਂ ਕੀਤੇ ਗਏ ਸਨਮਾਨ ਸਮਾਰੋਹ ਮੌਕੇ ਕੌਂਸਲੇਟ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦਯੋਗ ਵਿਭਾਗ ਇਕ ਸਿੰਗਲ ਵਿੰਡੋ ਸਿਸਟਮ ਰਾਹੀਂ ਪੰਜਾਬ ‘ਚ ਨਿਵੇਸ਼ ਸਬੰਧੀ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਨਿਵੇਸ਼ ਲਈ ਬਹੁਤ ਹੀ ਸਾਜਗਾਰ ਮਾਹੌਲ ਵਾਲਾ ਸੂਬਾ ਹੈ, ਜਿੱਥੇ ਇੱਕੋ ਛੱਤ ਥੱਲੇ ਉਦਯੋਗਾਂ ਸਬੰਧੀ ਸਮੁੱਚੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਐੱਨ.ਆਰ.ਆਈਜ਼ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਇਕ ਵਿਸ਼ੇਸ਼ ਪ੍ਰਣਾਲੀ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਸੰਧਵਾਂ ਨੇ ਕਿਹਾ ਕਿ ਪੰਜਾਬੀ ਭਾਵੇਂ ਦੁਨੀਆਂ ਦੇ ਕਿਸੇ ਵੀ ਦੇਸ਼ ‘ਚ ਵੱਸਦੇ ਹੋਣ, ਪੰਜਾਬ ਪ੍ਰਤੀ ਦਰਦ ਤੇ ਅਪਣੱਤ ਉਨ੍ਹਾਂ ਦੇ ਦਿਲ ‘ਚ ਹਮੇਸ਼ਾ ਮੌਜੂਦ ਰਹਿੰਦਾ ਹੈ। ਉਨ੍ਹਾਂ ਐੱਨ.ਆਰ.ਆਈਜ਼ ਨੂੰ ਪੰਜਾਬ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਣੀ ਵਿਰਾਸਤ ਅਤੇ ਆਪਣਾ ਭਾਈਚਾਰਾ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ ਅਤੇ ਪੰਜਾਬੀ ਆਪਸੀ ਭਾਈਚਾਰੇ ਲਈ ਦੁਨੀਆਂ ਭਰ ‘ਚ ਮਸ਼ਹੂਰ ਵੀ ਹਨ। ਇਸ ਮੌਕੇ ਕੌਂਸਲ ਜਨਰਲ ਡਾ. ਸ਼੍ਰੀਕਰ ਰੈਡੀ, ਡਿਪਟੀ ਕੌਂਸਲ ਜਨਰਲ ਅਧਲੱਖਾ, ਪਾਲ ਸਹੋਤਾ, ਡਾ. ਰਮੇਸ਼ ਯਾਪਰਾ, ਡਾ. ਹਰਮੇਸ਼ ਕੁਮਾਰ, ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਗੁਲਵਿੰਦਰ ਗਿੱਲ ਅਤੇ ਗੁਰਦੀਪ ਸਿੰਘ ਗਿੱਲ ਸਮੇਤ ਹੋਰਾਂ ਸਖਸ਼ੀਅਤਾਂ ਨੇ ਵੀ ਆਪਣੇ ਵਿਚਾਰ ਰੱਖੇ।
ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ
NEXT STORY