ਜੈਤੋ (ਰਘੂਨੰਦਨ ਪਰਾਸ਼ਰ ) : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਤਹਿਤ ਲੱਗੀ ਸੇਵਾ ਅਨੁਸਾਰ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਮੁੱਖ ਗੇਟ ਤੇ ਸੇਵਾ ਨਿਭਾਅ ਰਹੇ ਸ. ਸੁਖਬੀਰ ਸਿੰਘ ਬਾਦਲ ਤੇ ਹੋਏ ਜਾਨਲੇਵਾ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਚੋਬਦਾਰ ਦੀ ਸੇਵਾ ਨਿਭਾਅ ਰਹੇ ਸ. ਸੁਖਬੀਰ ਸਿੰਘ ਬਾਦਲ 'ਤੇ ਇਹ ਹਮਲਾ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ ਤੇ ਹਮਲਾ ਕਰਨ ਦੇ ਤੁਲ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਹੈ ਜਿਨ੍ਹਾਂ ਨੇ ਆਪਣੇ ਦਰ ਤੇ ਨਿਮਾਣੇ ਸਿੱਖ ਵਜੋਂ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ਤੇ ਹੋਰ ਦਰਸ਼ਨ ਦੀਦਾਰੇ ਕਰਨ ਲਈ ਆਈਆਂ ਸੰਗਤਾਂ ਨੂੰ ਆਪ ਹੱਥ ਦੇ ਕੇ ਰੱਖਿਆ ਹੈ। ਜਥੇਦਾਰ ਮੰਨਣ ਨੇ ਕਿਹਾ ਕਿ ਪੰਜਾਬ ਦੀ ਕਨੂੰਨ ਵਿਵਸਥਾ ਬੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਜੁਡੀਸ਼ਲ ਜਾਂਚ ਹੋਵੇ ਤੇ ਮੁੜ ਪੰਜਾਬ ਨੂੰ ਅੱਗ ਦਾ ਲਾਂਬੂ ਲਗਾਉਣ ਦੀ ਸਾਜ਼ਿਸ਼ ਰਚਨ ਵਾਲਿਆਂ ਨੂੰ ਸਾਹਮਣੇ ਲਿਆਂਦਾ ਜਾਵੇ।
ਵਾਰਦਾਤ ਦੀ ਸਾਜ਼ਿਸ਼ ਰਚ ਰਹੇ 5 ਨੌਜਵਾਨ ਅਸਲੇ ਸਣੇ ਕਾਬੂ
NEXT STORY