ਗਿੱਦੜਬਾਹਾ, (ਕੁਲਭੂਸ਼ਨ)- ਗਿੱਦੜਬਾਹਾ ਹਲਕੇ ਦੇ ਪਿੰਡ ਕੁਰਾਈਵਾਲਾ ਦੇ ਲੋਕ ਬੇਹੱਦ ਡਰੇ ਹੋਏ ਹਨ ਕਿਉਂਕਿ 15 ਦਿਨਾਂ 'ਚ ਪਿੰਡ ਦੇ ਇਕ ਹੋਰ ਲੜਕੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ 24 ਘੰਟਿਆਂ ਤੋਂ ਵੱਧ ਸਮਾਂ ਬੀਤਣ 'ਤੇ ਵੀ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਕੀ ਸੀ ਪਿਛਲਾ ਮਾਮਲਾ
ਵਰਨਣਯੋਗ ਹੈ ਕਿ ਬੀਤੀ 7 ਜਨਵਰੀ ਨੂੰ ਪਿੰਡ ਦੇ ਗਰੀਬ ਪਰਿਵਾਰ ਨਾਲ ਸਬੰਧ 14 ਸਾਲਾ ਸੁਰਿੰਦਰ ਸਿੰਘ ਪੁੱਤਰ ਬੂਟਾ ਸਿੰਘ ਨੂੰ ਉਸ ਦੀ ਹੀ ਮਾਸੀ ਦੇ ਲੜਕੇ ਸੋਨੀ ਸਿੰਘ ਨੇ ਅਗਵਾ ਕਰ ਲਿਆ ਸੀ ਅਤੇ ਸੋਨੀ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਸੁਰਿੰਦਰ ਨੂੰ ਅਗਵਾ ਕਰਨ ਤੋਂ ਬਾਅਦ ਕੋਲਡ ਡਰਿੰਕ 'ਚ ਨਸ਼ੀਲੀਆਂ ਗੋਲੀਆਂ ਪਿਆਉਣ ਤੋਂ ਬਾਅਦ ਉਸ ਨੂੰ ਸਰਹਿੰਦ ਫੀਡਰ ਨਹਿਰ ਵਿਚ ਧੱਕਾ ਦੇ ਦਿੱਤਾ ਸੀ। ਜਿਸ 'ਤੇ ਪੁਲਸ ਨੇ ਉਕਤ ਸੋਨੀ ਸਿੰਘ ਦੇ ਵਿਰੁੱਧ ਅਗਵਾ ਦਾ ਮਾਮਲਾ ਦਰਜ ਕਰ ਕੇ ਸੁਰਿੰਦਰ ਸਿੰਘ ਦੀ ਕਈ ਦਿਨ ਸਰਹਿੰਦ ਫੀਡਰ ਨਹਿਰ 'ਚੋਂ ਭਾਲ ਕਰਵਾਈ ਪਰ ਉਸ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ। ਪਿੰਡ ਵਾਸੀ ਤਾਂ ਅਜੇ ਸੁਰਿੰਦਰ ਦੀ ਭਾਲ 'ਚ ਜੁਟੇ ਹੋਏ ਸਨ ਕਿ ਬੀਤੇ ਦਿਨ ਪਿੰਡ ਦਾ ਇਕ ਹੋਰ ਲੜਕਾ ਸੁਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਵਿਚ ਹੀ ਵਿਆਹ ਸਮਾਗਮ ਵਿਚ ਗਿਆ ਪਰ ਅਜੇ ਤੱਕ ਘਰ ਵਾਪਸ ਨਹੀਂ ਪਰਤਿਆ।
ਦੂਸਰਾ ਮਾਮਲਾ
ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ 7ਵੀਂ ਜਮਾਤ 'ਚ ਪੜ੍ਹਦਾ ਸੁਰਿੰਦਰ ਸਿੰਘ 20 ਜਨਵਰੀ ਨੂੰ ਪਿੰਡ ਵਿਚ ਹੀ ਇਕ ਵਿਆਹ ਸਮਾਗਮ ਹੋਣ ਕਰ ਕੇ ਸਕੂਲ ਨਹੀਂ ਗਿਆ ਸੀ। ਸੁਰਿੰਦਰ ਕਰੀਬ 12:00 ਵਜੇ ਘਰੋਂ ਨਿਕਲਿਆ ਸੀ, ਜਿਸ ਤੋਂ ਬਾਅਦ ਅਜੇ ਤੱਕ ਸੁਰਿੰਦਰ ਘਰ ਵਾਪਸ ਨਹੀਂ ਪਰਤਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਵਿਆਹ ਦੀ ਪੂਰੀ ਵੀਡੀਓਗ੍ਰਾਫੀ ਵੀ ਦੇਖੀ ਗਈ ਹੈ ਪਰ ਉਕਤ ਬੱਚਾ ਸੁਰਿੰਦਰ ਸਿੰਘ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਪਰਿਵਾਰ ਅਨੁਸਾਰ ਜਦੋਂ ਸ਼ਾਮ 6:00 ਵਜੇ ਤੱਕ ਸੁਰਿੰਦਰ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ, ਜਿਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ, ਜਦਕਿ ਉਹ ਆਪਣੀਆਂ ਸਾਰੀਆਂ ਰਿਸ਼ਤੇਦਾਰੀਆਂ 'ਚ ਵੀ ਪਤਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਕਾਫੀ ਐਕਟਿਵ ਬੱਚਾ ਹੈ ਅਤੇ ਪਿੰਡ ਵਿਚ ਹਰ ਇਕ ਨੂੰ ਮਿਲਦਾ ਹੈ, ਜਿਸ ਕਰ ਕੇ ਪਿੰਡ ਦੇ ਲੋਕ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਕੀ ਕਹਿਣਾ ਹੈ ਪੁਲਸ ਦਾ
ਇਸ ਸਬੰਧੀ ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਥਾਣਾ ਗਿੱਦੜਬਾਹਾ ਪੁਲਸ ਵੱਲੋਂ ਦਿੱਤੀ ਜਾਣਕਾਰੀ 'ਚ ਪਿੰਡ ਕੁਰਾਈਵਾਲਾ ਨਿਵਾਸੀ ਬਲਵੰਤ ਸਿੰਘ ਬੰਤਾ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਸੁਰਿੰਦਰ ਸਿੰਘ (12) ਪੁੱਤਰ ਕੁਲਵੰਤ ਸਿੰਘ ਬੀਤੇ ਦਿਨ ਉਹ ਗੁਆਂਢ 'ਚ ਇਕ ਵਿਆਹ ਸਮਾਗਮ 'ਚ ਜਾਣ ਲਈ ਸਕੂਲ ਨਹੀਂ ਸੀ ਗਿਆ ਅਤੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਘਰੋਂ ਚਲਾ ਗਿਆ ਪਰ ਅਜੇ ਤੱਕ ਵਾਪਸ ਨਹੀਂ ਆਇਆ।
ਥਾਣਾ ਗਿੱਦੜਬਾਹਾ ਪੁਲਸ ਨੇ ਬਲਵੰਤ ਸਿੰਘ ਬੰਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਤਲ ਦੇ ਮਾਮਲੇ 'ਚ ਨਾਮਜ਼ਦ 3 ਦੋਸ਼ੀ ਰਾਜਸਥਾਨ ਤੋਂ ਗ੍ਰਿਫਤਾਰ
NEXT STORY